ਜਲੰਧਰ:ਪੰਜਾਬ ਦੇ ਰਾਜ ਸਭਾ ਮੈਂਬਰਾਂ ਦੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਨਾਮਾਂ ਦਾ ਐਲਾਨ ਕਰ ਦਿੱਤਾ ਹੈ। ਆਪ ਵੱਲੋਂ ਐਲਾਨੇ 5 ਨਾਵਾਂ ਵਿੱਚੋਂ ਇੱਕ ਅਸ਼ੋਕ ਮਿੱਤਲ (aam aadmi party rajyasabha candidate ashok mittal ) ਦਾ ਨਾਮ ਕਾਫੀ ਚਰਚਾ ਵਿੱਚ ਹੈ।
ਮਿੱਤਲ ਬਾਰੇ ਪਰਿਵਾਰ ਜਾਣਕਾਰੀ
ਅਸ਼ੋਕ ਮਿੱਤਲ ਜਲੰਧਰ ਛਾਉਣੀ ਇਲਾਕੇ ਦੇ ਰਹਿਣ ਵਾਲੇ ਹਨ। ਉਹ ਸਵਰਗੀ ਬਲਦੇਵ ਰਾਜ ਮਿੱਤਲ ਦੇ ਸਭ ਤੋਂ ਛੋਟੇ ਪੁੱਤਰ ਹਨ। ਆਪਣੇ ਤਿੰਨ ਭਰਾਵਾਂ ਵਿੱਚੋਂ ਛੋਟੇ ਅਸ਼ੋਕ ਮਿੱਤਲ ਵੱਲੋਂ ਗਰੈਜੂਏਟ ਤੱਕ ਦੀ ਪੜ੍ਹਾਈ ਕੀਤੀ ਹੋਈ ਹੈ। ਜਲੰਧਰ ਛਾਉਣੀ ਇਲਾਕੇ ਵਿੱਚ ਦਸ ਬਾਈ ਦਸ ਦੀ ਮਿਠਾਈ ਦੀ ਦੁਕਾਨ ਚਲਾਉਣ ਵਾਲੇ ਬਲਦੇਵ ਰਾਜ ਮਿੱਤਲ ਦੇ ਤਿੰਨ ਬੇਟੇ ਰਮੇਸ਼ ਮਿੱਤਲ, ਨਰੇਸ਼ ਮਿੱਤਲ ਅਤੇ ਅਸ਼ੋਕ ਮਿੱਤਲ ਅੱਜ ਇੱਕ ਦਸ ਬਾਈ ਦਸ ਦੀ ਮਠਿਆਈ ਦੀ ਦੁਕਾਨ ਤੋਂ ਇੱਕ ਦਿੱਗਜ ਕਾਰੋਬਾਰੀ ਬਣ ਚੁੱਕੇ ਹਨ।
ਮਿੱਤਲ ਪਰਿਵਾਰ ਜਲੰਧਰ ਛਾਉਣੀ ਦਾ ਰਹਿਣ ਵਾਲਾ ਉਹ ਪਰਿਵਾਰ ਹੈ ਜਿੰਨ੍ਹਾਂ ਨੇ 1886 ਵਿੱਚ ਜਲੰਧਰ ਛਾਉਣੀ ਇਲਾਕੇ ਤੋਂ ਇੱਕ ਨਿੱਕੀ ਜਿਹੀ ਦੁਕਾਨ ਤੋਂ ਮਠਿਆਈ ਦਾ ਕਾਰੋਬਾਰ ਸ਼ੁਰੂ ਕੀਤਾ ਸੀ। ਇਹ ਕਾਰੋਬਾਰ ਇਸ ਤਰ੍ਹਾਂ ਵਧਿਆ ਕਿ ਅੱਜ ਉਨ੍ਹਾਂ ਦੀਆ ਮਠਿਆਈ ਦੀਆਂ ਦੁਕਾਨਾਂ ਨਹੀਂ ਬਲਕਿ ਮਠਿਆਈ ਦੇ ਮਾਲ ਖੁੱਲ੍ਹ ਚੁੱਕੇ ਹਨ। ਜਲੰਧਰ ਵਿੱਚ ਲਵਲੀ ਸਵੀਟ ਹਾਊਸ ਦੇ ਨਾਮ ਤੋਂ ਜਾਣਿਆ ਜਾਂਦਾ ਇਹ ਮਠਿਆਈ ਦਾ ਮੌਲ ਨਾ ਸਿਰਫ ਜਲੰਧਰ ਬਲਕਿ ਆਸ ਪਾਸ ਦੇ ਇਲਾਕਿਆਂ ਨੂੰ 24 ਘੰਟੇ ਸਰਵਿਸ ਦਿੰਦਾ ਹੈ ਕਿਉਂਕਿ ਜਲੰਧਰ ਵਿੱਚ ਇਕਲੌਤਾ ਅਜਿਹਾ ਮਠਿਆਈ ਦਾ ਮਾਲ ਹੈ ਜੋ 24 ਘੰਟੇ ਖੁੱਲ੍ਹਦਾ ਹੈ।