ਚੰਡੀਗੜ੍ਹ: ਪੰਜਾਬ ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਪੰਜਾਬ ਸਰਕਾਰ ਦੇ ਮੁੱਖ-ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਆਪਣੀਆਂ ਚੋਣ-ਰੈਲੀਆਂ ਵਿੱਚ ਪੰਜਾਬ ਦੇ ਲੋਕਾਂ ਲਈ ਮੁਫ਼ਤ ਦੇ ਕੀਤੇ ਐਲਾਨਾਂ ਨੂੰ ਲੈ ਕੇ ਅੱਡੇ ਹੱਥੀਂ ਲੈਂਦੀਆਂ ਕਿਹਾ ਕਿ ਸਭ ‘ਤੋਂ ਪਹਿਲਾਂ ਜਨਤਾ ਨੂੰ ਇਹ ਜਵਾਬ ਦੇਣ ਕਿ ਇਨ੍ਹਾਂ ਐਲਾਨਾਂ ਲਈ ਫੰਡ ਕਿੱਥੋਂ ਆਉਣਗੇ? ਇਹ ਸਾਰੇ ਐਲਾਨ ਕਿੰਨੇ ਸਮੇਂ ਵਿੱਚ ਪੂਰੇ ਹੋਣਗੇ? ਕਿਉਂਕਿ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਈ ਵਾਰ ਕਿਹਾ ਹੈ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਗਠਿਤ ਆਹਲੂਵਾਲੀਆ ਕਮੇਟੀ ਨੇ ਵੀ ਪੰਜਾਬ ਸਰਕਾਰ ਨੂੰ ਆਪਣੇ ਵਿੱਤੀ ਖਰਚੇ ਪੂਰੀ ਤਰ੍ਹਾਂ ਘਟਾਉਣ ਅਤੇ ਨਵੀਆਂ ਭਰਤੀਆਂ ਬੰਦ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ। ਪਰ ਮੁੱਖ ਮੰਤਰੀ ਚੰਨੀ ਆਪਣੇ ਗਲਤ ਫੈਸਲਿਆਂ ਕਾਰਨ ਪੰਜਾਬ ਨੂੰ ਕੰਗਾਲੀ ਦੀ ਕਗਾਰ 'ਤੇ ਲਿਜਾਣ 'ਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਮੁੱਖ ਮੰਤਰੀ ਕੇਜਰੀਵਾਲ ਵੀ ਅਜਿਹਾ ਹੀ ਕਰ ਰਹੇ ਹਨ।
300 ਵਾਲੀ ਚੀਜ 100 ਰੁਪਏ ’ਚ ਕਿਵੇਂ ਦੇਣਗੇ
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਵੱਲੋਂ ਜਨਤਾ ਨੂੰ ਕੇਬਲ ਲਈ 100 ਰੁਪਏ ਦੇਣ 'ਤੇ ਚੁਟਕੀ ਲੈਂਦਿਆਂ ਉਨ੍ਹਾਂ ਚੰਨੀ ਨੂੰ ਸਵਾਲ ਕੀਤਾ ਕਿ ਕਿ ਚੰਨੀ ਸਾਹਿਬ ਨੂੰ ਪਤਾ ਹੈ ਕਿ ਕੇਂਦਰ ਸਰਕਾਰ ਦੇ ਟਰਾਈ (TRAI) ਵਿਭਾਗ ਵੱਲੋਂ ਇਸ ਲਈ 130 ਰੁਪਏ ਦੀ ਫੀਸ ਤੈਅ ਕੀਤੀ ਗਈ ਹੈ, ਜਿਸ 'ਤੇ ਜੀ.ਐੱਸ.ਟੀ. ਅਤੇ ਹੋਰ ਖਰਚੇ ਵੱਖਰੇ ਹਨ। ਚੰਨੀ ਸਾਹਿਬ, ਮੈਨੂੰ ਦੱਸੋ ਕਿ ਕੋਈ 300 ਰੁਪਏ ਦੀ ਕੀਮਤ ਵਾਲੀ ਚੀਜ਼ 100 ਰੁਪਏ ‘ਚ ਕਿਵੇਂ ਦੇਵੇਗਾ ਅਤੇ ਜੇ ਉਹ ਦੇਵੇਗਾ ਤਾਂ ਉਸਦਾ ਨੁਕਸਾਨ ਕੌਣ ਭਰੇਗਾ? ਗੁਪਤਾ ਨੇ ਸਿੱਧੂ ਨੂੰ ਸਵਾਲ ਕਰਦਿਆਂ ਕਿਹਾ ਕਿ ਸਾਢੇ ਚਾਰ ਸਾਲਾਂ 'ਚ ਪੰਜਾਬ ਸਰਕਾਰ ਅਤੇ ਸਿੱਧੂ ਦੋਨੋਂ ਕਿੱਥੇ ਸੁੱਤੇ ਹੋਏ ਸਨ? ਉਦੋਂ ਇਹਨਾਂ ਨੂੰ ਜਨਤਾ ਦਾ ਭਲਾ ਕਰਨ ਦਾ ਖਿਆਲ ਨਹੀਂ ਆਇਆ? ਸਿੱਧੂ ਵਾਰ-ਵਾਰ ਕਹਿ ਰਹੇ ਹਨ ਕਿ ਜੇਕਰ ਤੁਹਾਡੇ ਕੋਲ ਫੰਡ ਨਹੀਂ ਹਨ ਅਤੇ ਤੁਸੀਂ ਸਿਰਫ਼ ਐਲਾਨ ਹੀ ਕਰ ਰਹੇ ਹੋ ਤਾਂ ਲੋਕਾਂ ਦਾ ਫਾਇਦਾ ਕਿਵੇਂ ਹੋਵੇਗਾ। ਤਾਂ ਸਿੱਧੂ ਸਾਹਿਬ ਦੱਸੋ ਕਿ ਜੇਕਰ ਤੁਹਾਡਾ ਵਿੱਤ ਮੰਤਰੀ ਕਹਿ ਰਿਹਾ ਹੈ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ ਤਾਂ ਚੰਨੀ ਸਾਹਿਬ ਵੱਲੋਂ ਕੀਤੇ ਜਾ ਰਹੇ ਵੱਡੇ-ਵੱਡੇ ਐਲਾਨਾਂ ਲਈ ਪੈਸਾ ਕਿੱਥੋਂ ਆਵੇਗਾ? ਕਿ ਪੰਜਾਬ ਸਰਕਾਰ ਪੰਜਾਬ ਨੂੰ ਵੇਚਣ ਜਾਂ ਵੱਡਾ ਕਰਜ਼ਾ ਲੈਣ ਦੀ ਤਿਆਰੀ ਤਾਂ ਨਹੀਂ ਕਰ ਰਹੀ? ਗੁਪਤਾ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਕੋਲ ਪੈਸਾ ਹੈ ਤਾਂ ਚੰਨੀ ਸਾਹਬ ਅਤੇ ਸਿੱਧੂ ਦੱਸਣ ਕਿ ਪੰਜਾਬ ਸਰਕਾਰ ਦੇ ਸਾਰੇ ਸਰਕਾਰੀ ਵਿਭਾਗਾਂ ਦੇ ਮੁਲਾਜ਼ਮ ਸੜਕਾਂ 'ਤੇ ਕਿਉਂ ਹਨ?
ਆਪਣੇ ਗਿਰੇਬਾਨ ਵਿੱਚ ਝਾਤ ਮਾਰਨ ਕੇਜਰੀਵਾਲ