ਚੰਡੀਗੜ੍ਹ: ਪੰਜਾਬ ਵਿੱਚ ਧਾਰਮਿਕ ਡੇਰਿਆਂ ਦਾ ਇੱਕ ਵੱਖਰਾ ਮਹੱਤਵ ਹੈ। ਪੰਜਾਬ ਵਿੱਚ ਆਉਣ ਵਾਲਾ ਵਿਅਕਤੀ ਚਾਹੇ ਉਹ ਕੌਮੀ ਆਗੂ ਹੋਵੇ ਜਾਂ ਮੁੱਖ ਮੰਤਰੀ ਤੋਂ ਲੈ ਕੇ ਕਿਸੇ ਵੀ ਪਾਰਟੀ ਦਾ ਮੁਖੀ ਹੋਵੇ ਉਹ ਨਿਸ਼ਚਿਤ ਰੂਪ ਨਾਲ ਡੇਰੇ ਨਾਲ ਸਬੰਧ ਰੱਖਦਾ ਹੈ। ਇਨ੍ਹਾਂ ਡੇਰਿਆਂ ਦਾ ਪੰਜਾਬ ਦੇ ਸਿਆਸੀ ਲੋਕਾਂ ਨਾਲ ਜੁੜਨ ਦਾ ਮੁੱਖ ਕਾਰਨ ਇਹ ਹੈ ਕਿ ਪੰਜਾਬ ਦੇ ਲੱਖਾਂ ਲੋਕ ਇਨ੍ਹਾਂ ਡੇਰਿਆਂ ਨਾਲ ਜੁੜੇ ਹੋਏ ਹਨ ਜੋ ਇੱਥੇ ਆ ਕੇ ਮੱਥਾ ਟੇਕਦੇ ਹਨ।
ਡੇਰਿਆਂ ਵਿੱਚ ਚੋਣਾਂ ਵੇਲੇ ਹੀ ਕਿਉਂ ਜਾਂਦੀਆਂ ਹਨ ਰਾਜਨੀਤਿਕ ਪਾਰਟੀਆਂ?
ਜੇਕਰ ਅਸੀਂ ਪੰਜਾਬ ਵਿੱਚ ਡੇਰਿਆਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਵਿੱਚ ਵੱਖ-ਵੱਖ ਸੰਪਰਦਾਵਾਂ ਦੇ 9000 ਤੋਂ ਵੱਧ ਡੇਰੇ ਹਨ। ਜਿਸ ਨਾਲ ਲੱਖਾਂ ਲੋਕ ਧਾਰਮਿਕ ਅਤੇ ਸਮਾਜਿਕ ਤੌਰ ਤੇ ਜੁੜੇ ਹੋਏ ਹਨ। ਰਾਜਨੀਤਿਕ ਪਾਰਟੀਆਂ ਦਾ ਇਨ੍ਹਾਂ ਡੇਰਿਆਂ ਨਾਲ ਇਸ ਕਰਕੇ ਲਗਾਵ ਹੈ ਕਿਉਂਕਿ ਇੱਥੇ ਆਉਣ ਵਾਲਾ ਹਰ ਵਿਅਕਤੀ ਇੱਕ ਵੋਟਰ ਵੀ ਹੈ। ਸਭ ਤੋਂ ਪਹਿਲਾਂ ਜੇਕਰ ਅਸੀਂ ਦਲਿਤ ਸਮਾਜ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਲਗਭਗ 32% ਦਲਿਤ ਲੋਕਾਂ ਦੀ ਆਬਾਦੀ ਹੈ। ਇਸ ਕਾਰਨ ਦਲਿਤ ਭਾਈਚਾਰੇ ਦੇ ਲੋਕਾਂ ਦੇ ਡੇਰਿਆਂ ਦੀ ਗਿਣਤੀ ਸਭ ਤੋਂ ਵੱਧ ਮੰਨੀ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਪੰਜਾਬ ਦਾ ਦੁਆਬਾ ਖੇਤਰ ਸਭ ਤੋਂ ਮਹੱਤਵਪੂਰਨ ਮੰਨਿਆ ਜਾਂਦਾ ਹੈ ਕਿਉਂਕਿ ਇਸ ਖੇਤਰ ਵਿੱਚ ਜਿੱਥੇ ਦਲਿਤ ਲੋਕ ਸਭ ਤੋਂ ਵੱਧ ਰਹਿੰਦੇ ਹਨ ਉੱਥੇ ਹੀ ਡੇਰਿਆਂ ਦੀ ਗਿਣਤੀ ਵੀ ਸਭ ਤੋਂ ਵੱਧ ਹੈ। ਇਹੀ ਕਾਰਨ ਹੈ ਕਿ ਆਪਣੀਆਂ ਵੋਟਾਂ ਦੇ ਲਈ ਰਾਜਨੀਤਿਕ ਪਾਰਟੀਆਂ ਦੇ ਲੋਕ ਚਾਹੇ ਉਹ ਦਿੱਲੀ ਦੇ ਹੋਣ ਜਾਂ ਸਾਰੇ ਭਾਰਤ ਦੇ ਹੋਣ ਇਹ ਨਿਸ਼ਚਤ ਰੂਪ ਤੋਂ ਇੱਥੇ ਆਪਣੀਆਂ ਵੋਟਾਂ ਲਈ ਪਹੁੰਚਦੇ ਹਨ। ਖਾਸ ਕਰਕੇ ਉਹ ਲੋਕ ਜੋ ਕਿਸੇ ਨਾ ਕਿਸੇ ਰੂਪ ਵਿੱਚ ਪੰਜਾਬ ਦੀ ਰਾਜਨੀਤੀ ਨਾਲ ਜੁੜੇ ਹੋਏ ਹਨ।
ਵਿਦੇਸ਼ਾਂ ਵਿੱਚ ਵੀ ਵਸੇ ਐਨ.ਆਰ.ਆਈ ਵੀ ਰੱਖਦੇ ਹਨ ਸਬੰਧ
ਜਲੰਧਰ ਵਿੱਚ ਦਲਿਤ ਮਹਾਸਭਾ ਦੇ ਚੇਅਰਮੈਨ ਰਮੇਸ਼ ਚੌਂਕਾ ਦੇ ਅਨੁਸਾਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਨ੍ਹਾਂ ਡੇਰਿਆਂ ਨਾਲ ਨਾ ਸਿਰਫ਼ ਪੰਜਾਬ ਦੇ ਸਥਾਨਕ ਲੋਕ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਵਸੇ ਐਨ. ਆਰ. ਆਈ ਵੀ ਸਬੰਧ ਰੱਖਦੇ ਹਨ। ਇਹੀ ਕਾਰਨ ਹੈ ਕਿ ਇਨ੍ਹਾਂ ਡੇਰਿਆਂ ਨੂੰ ਮੰਨਣ ਵਾਲੇ ਐਨ.ਆਰ.ਆਈ ਲੋਕ ਵੀ ਪੰਜਾਬ ਦੀ ਰਾਜਨੀਤੀ ਵਿੱਚ ਸਰਗਰਮ ਹੋ ਜਾਂਦੇ ਹਨ ਕਿਉਂਕਿ ਡੇਰਿਆਂ ਦੇ ਨਾਲ-ਨਾਲ ਇਨ੍ਹਾਂ ਐਨਆਰਆਈ ਲੋਕਾਂ ਦੀ ਨਾ ਸਿਰਫ ਵੋਟਾਂ ਲਈ ਬਲਕਿ ਚੋਣਾਂ ਵਿੱਚ ਫੰਡ ਇਕੱਠਾ ਕਰਨ ਵਿੱਚ ਵੀ ਪੰਜਾਬ ਦੀ ਰਾਜਨੀਤੀ ਵਿੱਚ ਵੱਡੀ ਭੂਮਿਕਾ ਰਹਿੰਦੀ ਹੈ।ਹਾਲਾਂਕਿ ਰਮੇਸ਼ ਚੌਕਾ ਇਹ ਵੀ ਕਹਿੰਦੇ ਹਨ ਕਿ ਹਰ ਪਾਰਟੀ ਦਾ ਨੇਤਾ ਇਨ੍ਹਾਂ ਡੇਰਿਆਂ ਵਿੱਚ ਜਾਂਦਾ ਹੈ ਤਾਂ ਫਿਰ ਸਪੱਸ਼ਟ ਹੈ ਕਿ ਲੋਕ ਆਪਣੀ ਪਸੰਦ ਦੇ ਨੇਤਾ ਨੂੰ ਵੋਟ ਦਿੰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਹਾਲਾਂਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ ਆਗੂ ਚੋਣਾਂ ਦੇ ਸਮੇਂ ਹੀ ਡੇਰਿਆਂ ਦੇ ਵਿੱਚ ਜਾਂਦੇ ਹਨ ਪਰ ਬਹੁਤ ਘੱਟ ਡੇਰੇ ਕਿਸੇ ਵੋਟਰ ਨੂੰ ਕਿਸੇ ਇੱਕ ਪਾਰਟੀ ਨੂੰ ਵੋਟ ਪਾਉਣ ਲਈ ਕਹਿੰਦੇ ਹਨ ਬਲਕਿ ਇਹ ਖੁਦ ਉਸ ਵੋਟਰ ਦਾ ਫੈਸਲਾ ਹੁੰਦਾ ਹੈ ਕਿ ਉਹ ਕਿਸ ਨੂੰ ਆਪਣੀ ਵੋਟ ਪਾਉਣ।