ਚੰਡੀਗੜ੍ਹ: ਪੰਜਾਬ 'ਚ ਕਾਂਗਰਸ ਪਾਰਟੀ ਦੀ ਕਰਾਰੀ ਹਾਰ ਤੋਂ ਬਾਅਦ ਸਿਆਸੀ ਹਲਕਿਆਂ 'ਚ ਇਹ ਸਾਫ ਨਜ਼ਰ ਆ ਰਿਹਾ ਸੀ ਕਿ ਸੂਬਾ ਕਾਂਗਰਸ 'ਚ ਨਿਸ਼ਚਿਤ ਤੌਰ 'ਤੇ ਬਦਲਾਅ ਹੋਵੇਗਾ, ਅਜਿਹਾ ਹੀ ਕੁਝ ਹੋਇਆ। ਵਿਧਾਨ ਸਭਾ ਚੋਣਾਂ ਵਿੱਚ ਮਿਲੀ ਕਰਾਰੀ ਹਾਰ ਤੋਂ ਕਰੀਬ ਇੱਕ ਮਹੀਨੇ ਬਾਅਦ ਪਾਰਟੀ ਨੇ ਸੂਬੇ ਦੀ ਨਵੀਂ ਟੀਮ ਦਾ ਵੀ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ (Former President Navjot Singh Sidhu) ਦੀ ਥਾਂ ਨੌਜਵਾਨ ਤੇ ਤੇਜ਼ ਤਰਾਰ ਆਗੂ ਦੇ ਨਾਲ-ਨਾਲ ਲਗਾਤਾਰ ਤੀਜੀ ਵਾਰ ਵਿਧਾਨ ਸਭਾ ਦੇ ਮੈਂਬਰ ਬਣੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਨਵਾਂ ਟੀਮ ਮੁਖੀ ਜਾਂ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ (Punjab Pradesh Congress President Raja warring) ਹੈ।
ਇਸ ਦੇ ਨਾਲ ਹੀ ਹਿੰਦੂ ਚਿਹਰੇ ਵਜੋਂ ਭਾਰਤ ਭੂਸ਼ਣ ਆਸ਼ੂ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ। ਨਾਲ ਹੀ ਪੰਜਾਬ 'ਚ ਵਿਰੋਧੀ ਧਿਰ ਦੇ ਆਗੂ ਦੀ ਭੂਮਿਕਾ ਕੌਣ ਨਿਭਾਏਗਾ, ਇਹ ਵੀ ਸਪੱਸ਼ਟ ਕਰ ਦਿੱਤਾ। ਇਸ ਦੇ ਲਈ ਪਾਰਟੀ ਨੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਨਾਂ ਦਾ ਐਲਾਨ ਕੀਤਾ ਹੈ। ਪਾਰਟੀ ਵੱਲੋਂ ਦਲਿਤ ਵੋਟ ਬੈਂਕ ਨੂੰ ਵੀ ਨਾਲ ਜੋੜਨ ਲਈ ਰਾਜ ਕੁਮਾਰ ਚੱਬੇਵਾਲ ਨੂੰ ਵਿਧਾਇਕ ਦਲ ਦਾ ਉਪ ਨੇਤਾ ਐਲਾਨ ਦਿੱਤਾ।
ਕਾਂਗਰਸ ਦੇ ਨਵੇਂ ਪ੍ਰਧਾਨ ਰਾਜਾ ਵੜਿੰਗ ਸਾਹਮਣੇ ਵੱਡੀਆਂ ਚੁਣੌਤੀਆਂ ਨਵੀਂ ਟੀਮ ਦੇ ਸਾਹਮਣੇ ਕਈ ਚੁਣੌਤੀਆਂ:ਭਾਵੇਂ ਕਾਂਗਰਸ ਨੇ ਨੌਜਵਾਨ ਅਤੇ ਸੀਨੀਅਰ ਆਗੂਆਂ ਨਾਲ ਹਿੰਦੂ ਅਤੇ ਦਲਿਤ ਦੇ ਸਮੀਕਰਨ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਕਾਰਜਕਾਲ ਦੌਰਾਨ ਪਾਰਟੀ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਹਨ, ਕੀ ਉਹ ਤਿਆਰ ਕੀਤੀ ਨਵੀਂ ਟੀਮ ਨਾਲ ਸੁਧਰ ਜਾਣਗੇ ? ਕੀ ਪਾਰਟੀ ਅੰਦਰਲੀ ਧੜੇਬੰਦੀ 'ਤੇ ਲਗਾਮ ਲੱਗੇਗੀ ? ਕੀ ਪਾਰਟੀ ਦਾ ਨਵਾਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਰਿਆਂ ਨੂੰ ਇਕਜੁੱਟ ਕਰ ਸਕਣਗੇ ਅਤੇ ਇਕੱਠੇ ਚੱਲ ਸਕਣਗੇ ? ਇਸ ਦੇ ਨਾਲ ਹੀ ਨਵੀਂ ਟੀਮ ਦੀ ਮਦਦ ਨਾਲ ਕੀ ਕਾਂਗਰਸ ਪਾਰਟੀ ਵਿਰੋਧੀ ਧਿਰ 'ਚ ਇਕਤਰਫਾ ਚੋਣ ਜਿੱਤ ਕੇ ਆਮ ਆਦਮੀ ਪਾਰਟੀ ਨੂੰ ਚੁਣੌਤੀ ਦੇ ਸਕੇਗੀ ? ਅਜਿਹੇ ਕਈ ਸਵਾਲ ਹਨ, ਜਿੰਨ੍ਹਾਂ ਨੂੰ ਖਤਮ ਕਰਨਾ ਨਵੀਂ ਟੀਮ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੋਵੇਗਾ।
ਕਾਂਗਰਸ ਦੇ ਨਵੇਂ ਪ੍ਰਧਾਨ ਅੱਗੇ ਕੀ ਹਨ ਚੁਣੌਤੀਆਂ?: ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੀ ਬੇਬਾਕੀ ਲਈ ਜਾਣੇ ਜਾਂਦੇ ਹਨ ਅਤੇ ਰਾਹੁਲ ਗਾਂਧੀ ਦੇ ਕਰੀਬੀ ਵੀ ਹਨ। ਪਰ ਦੇਸ਼ ਅਤੇ ਸੂਬੇ ਵਿਚ ਕਾਂਗਰਸ ਪਾਰਟੀ ਦੇ ਸਾਹਮਣੇ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ, ਉਸ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਦੇ ਸਾਹਮਣੇ ਚੁਣੌਤੀਆਂ ਵੀ ਖੜ੍ਹੀਆਂ ਹੋ ਗਈਆਂ ਹਨ।
ਨਵੇਂ ਸੂਬਾ ਪ੍ਰਧਾਨ ਦੀਆਂ ਚੁਣੌਤੀਆਂ ਬਾਰੇ ਸਿਆਸੀ ਮਸਲਿਆਂ ਨੂੰ ਨੇੜੇ ਤੋਂ ਸਮਝਣ ਵਾਲੇ ਪ੍ਰੋਫੈਸਰ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਹੁਣ 5 ਸਾਲ ਬਾਅਦ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਪਰ ਉਨ੍ਹਾਂ ਦਾ ਪਹਿਲਾ ਇਮਤਿਹਾਨ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਹੋਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਮੋਦੀ ਲਹਿਰ ਦੇ ਬਾਵਜੂਦ ਕਾਂਗਰਸ ਪਾਰਟੀ ਨੂੰ ਚੰਗੀਆਂ ਸੀਟਾਂ ਮਿਲੀਆਂ ਸਨ। ਅਜਿਹੇ 'ਚ ਇਸ ਵਾਰ ਉਨ੍ਹਾਂ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਸਿਰਫ ਮੋਦੀ ਹੀ ਨਹੀਂ, ਸਗੋਂ ਆਮ ਆਦਮੀ ਪਾਰਟੀ ਵੀ ਹੋਵੇਗੀ। ਅਜਿਹੇ 'ਚ ਉਨ੍ਹਾਂ ਦੇ ਸਾਹਮਣੇ 2024 ਦੀਆਂ ਲੋਕ ਸਭਾ ਚੋਣਾਂ ਲਈ ਪੰਜਾਬ 'ਚ ਪਾਰਟੀ ਨੂੰ ਖੜ੍ਹਾ ਕਰਨ ਦੀ ਚੁਣੌਤੀ ਹੋਵੇਗੀ।
ਲੋਕਸਭਾ ਚੋਣ ਕਰੇਗੀ ਵੜਿੰਗ ਦਾ ਭਵਿੱਖ ਤੈਅੀ ?: ਇਹ ਦੇਖਣਾ ਹੋਵੇਗਾ ਕਿ ਉਹ ਚੋਣਾਂ ਲਈ ਪਾਰਟੀ ਨੂੰ ਕਿਵੇਂ ਤਿਆਰ ਕਰਦੇ ਹਨ। ਉਨ੍ਹਾਂ ਨੂੰ ਲੋਕ ਸਭਾ ਚੋਣਾਂ ਵਿੱਚ ਪ੍ਰਦਰਸ਼ਨ ਕਰਨ ਦਾ ਦਬਾਅ ਝੱਲਣਾ ਪਵੇਗਾ। ਉਹ ਆਪਣੀ ਪ੍ਰਧਾਨਗੀ ਹੇਠ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਵੀ ਬਿਹਤਰ ਪ੍ਰਦਰਸ਼ਨ ਕਰਨਾ ਚਾਹੁਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕ ਸਭਾ ਚੋਣਾਂ 'ਚ ਵੀ ਵਿਧਾਨ ਸਭਾ ਦੀਆਂ ਵੋਟਾਂ ਦੀ ਗਿਣਤੀ ਹੁੰਦੀ ਹੈ, ਅਜਿਹੇ 'ਚ ਕਾਂਗਰਸ ਪਾਰਟੀ ਪੂਰੇ ਪੰਜਾਬ 'ਚ ਜਾਂ 117 ਸੀਟਾਂ 'ਤੇ ਕਿਹੋ ਜਿਹਾ ਪ੍ਰਦਰਸ਼ਨ ਕਰਦੀ ਹੈ, ਇਹ ਵੀ ਦੇਖਣਾ ਹੋਵੇਗਾ। ਅਜਿਹੇ 'ਚ ਰਾਜਾ ਵੜਿੰਗ ਲਈ ਇਹ ਚੁਣੌਤੀ ਦੇ ਨਾਲ-ਨਾਲ ਮੌਕਾ ਵੀ ਹੋਵੇਗਾ।
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਮੇਂ ਉਨ੍ਹਾਂ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਉਨ੍ਹਾਂ ਨੂੰ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਵੀ ਨਾਲ ਲੈ ਕੇ ਚੱਲਣਾ ਪਵੇਗਾ ਕਿਉਂਕਿ ਅਮਰਿੰਦਰ ਸਿੰਘ ਨੌਜਵਾਨ ਹਨ, ਅਜਿਹੇ 'ਚ ਸਭ ਤੋਂ ਵੱਡੀ ਚੁਣੌਤੀ ਸੀਨੀਅਰ ਆਗੂਆਂ ਨੂੰ ਨਾਲ ਲੈ ਕੇ ਚੱਲਣ ਦੀ ਹੈ। ਅਜਿਹੇ 'ਚ ਦੇਖਣਾ ਹੋਵੇਗਾ ਕਿ ਉਹ ਆਮ ਆਦਮੀ ਪਾਰਟੀ ਖਿਲਾਫ਼ ਪਾਰਟੀ ਲੀਡਰਾਂ ਨੂੰ ਨਾਲ ਲੈਕੇ ਕਿਸ ਤਰੀਕੇ ਨਾਲ ਵਿਰੋਧੀ ਧਿਰ ਦੀ ਭੂਮਿਕਾ ਕਿਵੇਂ ਨਿਭਾਉਂਦੇ ਹਨ। ਕਿਉਂਕਿ ਜਦੋਂ ਪਾਰਟੀ ਸੱਤਾ ਵਿੱਚ ਨਹੀਂ ਹੁੰਦੀ ਤਾਂ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ।
ਸਿੱਧੂ ਨੂੰ ਮਨਾ ਸਕਣਗੇ ਵੜਿੰਗ? :ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਜੇ ਵੀ ਪਾਰਟੀ ਵਿੱਚ ਮੌਜੂਦ ਹਨ ਅਤੇ ਯਕੀਨਨ ਉਹ ਵੀ ਨਾਖੁਸ਼ ਹੋਣਗੇ। ਇਸ ਦੇ ਨਾਲ ਹੀ ਉਨ੍ਹਾਂ ਦੇ ਪ੍ਰਧਾਨ ਬਣਦੇ ਹੀ ਕੁਝ ਆਗੂਆਂ ਨੇ ਆਪਣਾ ਵਿਰੋਧ ਵੀ ਪ੍ਰਗਟਾਇਆ ਹੈ। ਅਜਿਹੇ 'ਚ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਇੱਕ ਵੱਡੀ ਚੁਣੌਤੀ ਰਾਜਾ ਵੜਿੰਗ ਦੇ ਸਾਹਮਣੇ ਹੋਵੇਗੀ। ਪ੍ਰੋਫੈਸਰ ਦਾ ਕਹਿਣਾ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਹੁਤ ਹੀ ਹਮਲਾਵਰ ਆਗੂ ਵਜੋਂ ਜਾਣਿਆ ਜਾਂਦਾ ਹੈ, ਉਹ ਹਮੇਸ਼ਾ ਹੀ ਆਪਣੇ ਬਿਆਨਾਂ ਕਰਕੇ ਸੁਰਖੀਆਂ 'ਚ ਰਹੇ ਹਨ, ਹੁਣ ਉਨ੍ਹਾਂ ਨੂੰ ਆਪਣੇ ਤਿੱਖੇ ਤੇਵਰਾਂ ਉੱਪਰ ਵੀ ਕਾਬੂ ਪਾਉਣਾ ਪਵੇਗਾ। ਕਿਉਂਕਿ ਪਾਰਟੀ ਪ੍ਰਧਾਨ ਹੋਣ ਦੇ ਨਾਤੇ ਜਦੋਂ ਤੁਸੀਂ ਕੁਝ ਕਹਿੰਦੇ ਹੋ, ਇਹ ਤੁਹਾਡੀ ਨਹੀਂ ਬਲਕਿ ਪਾਰਟੀ ਦੀ ਗੱਲ ਹੁੰਦੀ ਹੈ ਇਸਦੇ ਚੱਲਦੇ ਵੜਿੰਗ ਨੂੰ ਇਸਦਾ ਖਾਸ ਧਿਆਨ ਰੱਖਣਾ ਹੋਵੇਗਾ।
ਪਾਰਟੀ ਵਿੱਚੋਂ ਉੱਠ ਰਹੀ ਬਗਾਵਤ:ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਚੁਣੌਤੀਆਂ 'ਤੇ ਸੀਨੀਅਰ ਪੱਤਰਕਾਰ ਸੁਖਬੀਰ ਬਾਜਵਾ ਦਾ ਕਹਿਣਾ ਹੈ ਕਿ ਰਾਜਾ ਵੜਿੰਗ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਉਨ੍ਹਾਂ ਦੀ ਪਾਰਟੀ ਦੇ ਅੰਦਰ ਮੌਜੂਦ ਸੀਨੀਅਰ ਆਗੂਆਂ ਦੀ ਹੈ। ਕਿਉਂਕਿ ਰਾਜਾ ਨੌਜਵਾਨ ਲੀਡਰ ਹੈ, ਇਸ ਲਈ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਸੀਨੀਅਰ ਆਗੂ ਉਨ੍ਹਾਂ ਦੀ ਅਗਵਾਈ ਹੇਠ ਕਿਵੇਂ ਚੱਲਦੇ ਹਨ ਅਤੇ ਰਾਜਾ ਵੜਿੰਗ ਉਨ੍ਹਾਂ ਨੂੰ ਕਿਵੇਂ ਅੱਗੇ ਲੈ ਕੇ ਜਾਂਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਰਾਜਾ ਵੜਿੰਗ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਦੇ ਹਨ, ਇਹ ਵੀ ਉਨ੍ਹਾਂ ਲਈ ਵੱਡੀ ਚੁਣੌਤੀ ਬਣਨ ਵਾਲੀ ਹੈ। ਕਿਉਂਕਿ ਮੌਜੂਦਾ ਸਮੇਂ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਜਿਸ ਤਰ੍ਹਾਂ ਨਾਲ ਹਾਰ ਹੋਈ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪ੍ਰਧਾਨ ਬਣਦੇ ਹੀ ਪਾਰਟੀ ਦੇ ਕਈ ਆਗੂ ਆਵਾਜ਼ ਉਠਾਉਣ ਲੱਗੇ ਹਨ। ਅਜਿਹੇ 'ਚ ਤੁਸੀਂ ਉਨ੍ਹਾਂ ਨੇਤਾਵਾਂ ਨੂੰ ਕਿਵੇਂ ਸੰਭਾਲਦੇ ਹੋ, ਇਹ ਦੇਖਣਾ ਦਿਲਚਸਪ ਹੋਵੇਗਾ।
ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਰਾਜਾ ਵੜਿੰਗ ਨੂੰ ਸਥਿਤੀ ਨੂੰ ਦੇਖਦੇ ਹੋਏ ਆਪਣੀ ਕਾਰਜਸ਼ੈਲੀ 'ਚ ਕਈ ਬਦਲਾਅ ਕਰਨੇ ਪੈਣਗੇ ਕਿਉਂਕਿ ਹੁਣ ਉਹ ਸਰਕਾਰ ਵਿੱਚ ਨਹੀਂ ਹੈ ਅਤੇ ਵਿਰੋਧੀ ਧਿਰ ਵਿੱਚ ਹੈ ਤਾਂ ਲੋਕਾਂ ਦੀ ਆਵਾਜ਼ ਬੁਲੰਦ ਕਰਨਾ ਉਸ ਦੀ ਜ਼ਿੰਮੇਵਾਰੀ ਹੋਵੇਗੀ ਅਤੇ ਪਾਰਟੀ ਨੂੰ ਲੋਕਾਂ ਵਿੱਚ ਅੱਗੇ ਲਿਜਾਣਾ ਉਸ ਲਈ ਇੱਕ ਚੁਣੌਤੀ ਹੋਵੇਗੀ।
ਰਾਜਾ ਵੜਿੰਗ ਸੀਨੀਅਰ ਆਗੂਆਂ ਨੂੰ ਕਿਵੇਂ ਤੋਰਨਗੇ ਨਾਲ?: ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਪਾਰਟੀ ਪ੍ਰਧਾਨ ਬਣਨ ਤੋਂ ਬਾਅਦ ਜਿਸ ਤਰੀਕੇ ਨਾਲ ਪਾਰਟੀ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਉਨ੍ਹਾਂ ਨੂੰ ਵੀ ਇਸ ਗੱਲ ਦਾ ਅਹਿਸਾਸ ਹੈ ਕਿ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਨਾਲ ਲੈ ਕੇ ਚੱਲਣਾ ਉਨ੍ਹਾਂ ਲਈ ਚੁਣੌਤੀ ਬਣ ਰਿਹਾ ਹੈ। ਇਸ ਲਈ ਪ੍ਰਧਾਨ ਬਣਨ ਤੋਂ ਬਾਅਦ ਉਨ੍ਹਾਂ ਪਾਰਟੀ ਦੇ ਸੀਨੀਅਰ ਆਗੂਆਂ ਸੁਖਵਿੰਦਰ ਸਿੰਘ ਸੁੱਖ ਸਰਕਾਰੀਆ, ਬਲਬੀਰ ਸਿੱਧੂ, ਕੁਲਜੀਤ ਨਾਗਰਾ, ਸਾਬਕਾ ਸੀ.ਐਮ ਰਾਜਿੰਦਰ ਕੌਰ ਭੱਠਲ, ਕਾਕਾ ਰਣਦੀਪ ਸਿੰਘ, ਸੁਖਜਿੰਦਰ ਰੰਧਾਵਾ, ਤ੍ਰਿਪਤ ਰਜਿੰਦਰ ਬਾਜਵਾ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਇਸ ਤੋਂ ਸਾਫ਼ ਹੈ ਕਿ ਰਾਜਾ ਵੜਿੰਗ ਨੂੰ ਵੀ ਇਸ ਗੱਲ ਦਾ ਅਹਿਸਾਸ ਹੈ ਕਿ ਪਾਰਟੀ ਦੇ ਸੀਨੀਅਰ ਅਤੇ ਮਜ਼ਬੂਤ ਆਗੂਆਂ ਨੂੰ ਨਾਲ ਲੈ ਕੇ ਹੀ ਉਹ ਪਾਰਟੀ ਵਿੱਚ ਆਪਣੀ ਭੂਮਿਕਾ ਸਾਬਿਤ ਕਰ ਸਕਣਗੇ।
ਇਸ ਦੇ ਨਾਲ ਹੀ ਰਾਜਾ ਵੜਿੰਗ ਨੇ ਇਹ ਵੀ ਨੋਟ ਕੀਤਾ ਹੈ ਕਿ ਉਨ੍ਹਾਂ ਦੀ ਪਹਿਲ ਪਾਰਟੀ ਅੰਦਰਲੀ ਧੜੇਬੰਦੀ ਨੂੰ ਖਤਮ ਕਰਨਾ ਹੋਵੇਗੀ ਅਤੇ ਇਸ ਦੇ ਨਾਲ ਹੀ ਪਾਰਟੀ ਦੇ ਸਾਰੇ ਆਗੂਆਂ ਨੂੰ ਨਾਲ ਲੈ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਨਗੇ। ਉਹ ਪਾਰਟੀ ਦੇ ਸਾਰੇ ਆਗੂਆਂ ਨੂੰ ਇੱਕ ਮੰਚ 'ਤੇ ਲਿਆਉਣਗੇ।
ਨਵੇਂ ਪ੍ਰਧਾਨ ਦੀਆਂ ਚੁਣੌਤੀਆਂ ’ਤੇ ਕੀ ਬੋਲ ਰਹੇ ਕਾਂਗਰਸੀ ?:ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕਿਸ ਕਿਸਮ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਬਾਰੇ ਕਾਂਗਰਸ ਆਗੂ ਜੀਐਸ ਬਾਲੀ ਨਾਲ ਖਾਸ ਗੱਲਬਾਤ ਕੀਤੀ। ਜੀਐਸ ਬਾਲੀ ਦਾ ਕਹਿਣਾ ਹੈ ਕਿ ਉਹ ਇੱਕ ਨੌਜਵਾਨ ਆਗੂ ਹੈ, ਸਾਨੂੰ ਲੱਗਦਾ ਹੈ ਕਿ ਉਹ ਚੁਣੌਤੀਆਂ ਦਾ ਸਾਹਮਣਾ ਕਰੇਗਾ। ਇਸੇ ਲਈ ਉਨ੍ਹਾਂ ਨੂੰ ਪ੍ਰਧਾਨ ਬਣਾਇਆ ਗਿਆ ਹੈ। ਸਾਨੂੰ ਉਨ੍ਹਾਂ ਨਾਲ ਚੱਲਣਾ ਚਾਹੀਦਾ ਹੈ ਜੋ ਸਾਡੀ ਪਾਰਟੀ ਦੇ ਸੀਨੀਅਰ ਆਗੂ ਹਨ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਇੰਨ੍ਹਾਂ ਨਾਲ ਰਲ ਕੇ ਨਾ ਚੱਲੇ ਤਾਂ ਸਾਡਾ ਆਉਣ ਵਾਲਾ ਸਮਾਂ ਸਹੀ ਨਹੀਂ ਹੋਵੇਗਾ। ਬਾਲੀ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਮੌਕਾ ਦਿੱਤਾ ਗਿਆ ਹੈ ਅਤੇ ਜਦੋਂ ਉਹ ਮੰਤਰੀ ਸਨ ਤਾਂ ਉਨ੍ਹਾਂ ਨੇ ਬਿਹਤਰ ਕੰਮ ਕੀਤਾ ਸੀ ਅਤੇ ਪਾਰਟੀ ਨੂੰ ਵੀ ਉਨ੍ਹਾਂ 'ਤੇ ਭਰੋਸਾ ਹੈ ਅਤੇ ਅਸੀਂ ਉਨ੍ਹਾਂ 'ਤੇ ਭਰੋਸਾ ਕਰਦੇ ਹੋਏ ਪਾਰਟੀ ਨਾਲ ਖੜ੍ਹੇ ਹਾਂ।
ਉਨ੍ਹਾਂ ਕਿਹਾ ਕਿ ਸਾਡੇ ਲੋਕਾਂ ਨੂੰ ਵੀ ਉਨ੍ਹਾਂ ਦੇ ਨਾਲ ਚੱਲਣਾ ਚਾਹੀਦਾ ਹੈ। ਪਾਰਟੀ ਇੱਕਜੁੱਟ ਹੋ ਕੇ ਹੀ ਸੱਤਾ ਵਿੱਚ ਵਾਪਸ ਆਵੇਗੀ। ਉਹ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਹੈ ਅਤੇ ਪਾਰਟੀ ਹਰ ਚੁਣੌਤੀ ਦਾ ਸਾਹਮਣਾ ਕਰੇਗੀ।
ਐਕਸ਼ਨ ’ਚ ਦਿਖ ਰਹੀ ਕਾਂਗਰਸ:ਨਵੀਂ ਟੀਮ ਦੇ ਗਠਨ ਤੋਂ ਬਾਅਦ ਜਿਸ ਤਰ੍ਹਾਂ ਪਾਰਟੀ ਬਾਗੀ ਆਗੂਆਂ ਖਿਲਾਫ਼ ਕਾਰਵਾਈ ਕਰ ਰਹੀ ਹੈ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਕਾਂਗਰਸ ਪਾਰਟੀ ਹੁਣ ਕਿਸੇ ਵੀ ਤਰ੍ਹਾਂ ਦੀ ਅਨੁਸ਼ਾਸਨਹੀਣਤਾ ਨੂੰ ਬਰਦਾਸ਼ਤ ਕਰਨ ਦੇ ਮੂਡ ਵਿਚ ਨਹੀਂ ਹੈ। ਇਸੇ ਲਈ ਨਵੀਂ ਟੀਮ ਬਣਦਿਆਂ ਹੀ ਪਾਰਟੀ ਨੇ ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਮੁੱਢਲੀ ਮੈਂਬਰਸ਼ਿਪ ਤੋਂ ਕੱਢ ਦਿੱਤਾ। ਜਦੋਂ ਕਿ ਉਹ ਮਾਲਵਾ ਖੇਤਰ ਦਾ ਉੱਘਾ ਆਗੂ ਮੰਨਿਆ ਜਾਂਦਾ ਹੈ। ਦਰਅਸਲ ਧੀਮਾਨ ਨੇ ਪਾਰਟੀ ਹਾਈਕਮਾਂਡ ਦੇ ਨਾਲ-ਨਾਲ ਸੂਬਾ ਕਾਂਗਰਸ ਦੇ ਨਵੇਂ ਪ੍ਰਧਾਨ 'ਤੇ ਨਿਸ਼ਾਨਾ ਸਾਧਦੇ ਹੋਏ ਨਿਯੁਕਤੀ 'ਤੇ ਸਵਾਲ ਖੜ੍ਹੇ ਕੀਤੇ ਸਨ। ਇੰਨਾ ਹੀ ਨਹੀਂ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਨਵੀਂ ਟੀਮ ਦੇ ਆਉਂਦੇ ਹੀ ਅਨੁਸ਼ਾਸਨਹੀਣਤਾ ਦਾ ਨੋਟਿਸ ਜਾਰੀ ਕਰ ਦਿੱਤਾ ਹੈ। ਉਨ੍ਹਾਂ 'ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ਼ ਇਤਰਾਜ਼ਯੋਗ ਟਿੱਪਣੀ ਕਰਨ ਦਾ ਇਲਜ਼ਾਮ ਹੈ। ਇਸ ਮਾਮਲੇ ਵਿੱਚ ਵਿਰੋਧੀ ਪਾਰਟੀਆਂ ਨੇ ਵੀ ਕਾਂਗਰਸ ਪਾਰਟੀ ਨੂੰ ਘੇਰਿਆ ਹੈ।
ਕਾਂਗਰਸ ਪਾਰਟੀ ਦੇ ਨਵੇਂ ਪ੍ਰਧਾਨ ਸਾਹਮਣੇ ਚੁਣੌਤੀਆਂ ਬਹੁਤ ਹਨ, ਇਸ ਗੱਲ ਨਾਲ ਹਰ ਕੋਈ ਸਹਿਮਤ ਹੈ। ਅਜਿਹੇ 'ਚ ਦੇਖਣਾ ਹੋਵੇਗਾ ਕਿ ਪੰਜਾਬ ਕਾਂਗਰਸ ਦੀ ਨਵੀਂ ਟੀਮ ਅਤੇ ਨਵੇਂ ਪ੍ਰਧਾਨ ਆਉਣ ਵਾਲੇ ਦਿਨਾਂ 'ਚ ਆਮ ਆਦਮੀ ਪਾਰਟੀ ਦਾ ਕਿਵੇਂ ਸਾਹਮਣਾ ਕਰਦੇ ਹਨ। ਇਸ ਦੇ ਨਾਲ ਹੀ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਆਪਣੀ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਇਹ ਸਾਰੇ ਉਨ੍ਹਾਂ ਨਾਲ ਕਦਮ-ਦਰ-ਕਦਮ ਚੱਲਦੇ ਹਨ ਜਾਂ ਫਿਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਿਸ ਤਰ੍ਹਾਂ ਦੀ ਹਾਲਤ ਕਾਂਗਰਸ ਦੀ ਸੀ ਉਸ ਤਰੀਕੇ ਦੀ ਹੀ ਰਹਿੰਦੀ ਹੈ ? ਕਾਂਗਰਸ ਪਾਰਟੀ ਜਿਸ ਤਰ੍ਹਾਂ ਨਾਲ ਪਿਛਲੇ ਦਿਨਾਂ ਤੋਂ ਬਦਲਾਅ ਦੇ ਨਾਲ-ਨਾਲ ਐਕਸ਼ਨ ਮੂਡ ਵਿੱਚ ਨਜ਼ਰ ਆ ਰਹੀ ਹੈ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਸੰਜੀਦਗੀ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਉਹ ਆਮ ਆਦਮੀ ਪਾਰਟੀ ਨੂੰ ਚੁਣੌਤੀ ਦੇਣ ਦੇ ਨਾਲ-ਨਾਲ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਵੀ ਵਧੀਆ ਪ੍ਰਦਰਸ਼ਨ ਕਰ ਸਕੇ।
ਇਹ ਵੀ ਪੜ੍ਹੋ:ਰਾਜਾ ਵੜਿੰਗ ਨੇ ਚਰਨਜੀਤ ਚੰਨੀ ਨਾਲ ਕੀਤੀ ਮੁਲਾਕਾਤ, ਕਹੀਆਂ ਇਹ ਵੱਡੀਆਂ ਗੱਲਾਂ...