ਚੰਡੀਗੜ੍ਹ: ਜੰਮੂ-ਕਸ਼ਮੀਰ (Jammu and Kashmir) ਦੇ ਪੁੰਛ ਸੈਕਟਰ (Poonch sector) ਵਿੱਚ ਸੋਮਵਾਰ ਨੂੰ ਅੱਤਵਾਦ ਵਿਰੋਧੀ ਮੁਹਿੰਮ ਦੌਰਾਨ ਪੰਜ ਜਵਾਨ ਸ਼ਹੀਦ ਹੋ ਗਏ ਸਨ। ਜਿਨ੍ਹਾਂ ਚੋਂ ਤਿੰਨ ਜਵਾਨ ਪੰਜਾਬ ਦੇ ਰਹਿਣ ਵਾਲੇ ਹਨ। ਇਹ ਤਿੰਨੋਂ ਜਵਾਨ ਪੰਜਾਬ ਦੇ ਰੂਪਨਗਰ, ਗੁਰਦਾਸਪੁਰ ਅਤੇ ਕਪੂਰਥਲਾ ਨਾਲ ਸਬੰਧ ਰੱਖਦੇ ਸਨ।
ਸ਼ਹੀਦ ਜਵਾਨਾਂ ਨੂੰ ਨਮ ਅੱਖਾਂ ਨਾਲ ਦਿੱਤੀ ਸ਼ਰਧਾਂਜਲੀ ਰੂਪਨਗਰ ਦੇ ਪਿੰਡ ਪੱਚਰੰਡੇ ਦਾ ਸ਼ਹੀਦ ਗੱਜਣ ਸਿੰਘ
ਦੱਸ ਦਈਏ ਕਿ ਜ਼ਿਲ੍ਹਾ ਰੂਪਨਗਰ ਦੇ ਬਲਾਕ ਨੂਰਪੁਰ ਬੇਦੀ ਦੇ ਪਿੰਡ ਪੱਚਰੰਡੇ ਦੇ ਰਹਿਣ ਵਾਲੇ ਗੱਜਣ ਸਿੰਘ ਵੀ ਸੀ ਜੋ ਕਿ ਇਸ ਮੁਕਾਬਲੇ ਦੌਰਾਨ ਸ਼ਹੀਦ ਹੋ ਗਏ ਸੀ ਜਿਨ੍ਹਾਂ ਦਾ ਅੱਜ ਸਰਕਾਰੀ ਸਨਮਾਨਾਂ ਦੇ ਨਾਲ ਅੰਤਮ ਸਸਕਾਰ ਕੀਤਾ ਗਿਆ। ਇਸ ਦੌਰਾਨ ਪਰਿਵਾਰ ਦਾ ਰੋ-ਰੋ ਕੇ ਬੂਰਾ ਹਾਲ ਹੋਇਆ ਹੈ।
ਮੁੱਖ ਮੰਤਰੀ ਨੇ ਵੀ ਦਿੱਤਾ ਮੋਢਾ
ਸ਼ਹੀਦ ਜਵਾਨਾਂ ਨੂੰ ਨਮ ਅੱਖਾਂ ਨਾਲ ਦਿੱਤੀ ਸ਼ਰਧਾਂਜਲੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਸ਼ਹੀਦ ਗੱਜਣ ਸਿੰਘ ਦੀ ਅੰਤਿਮ ਦਰਸ਼ਨਾਂ ਲਈ ਪਹੁੰਚੇ। ਜਿਥੇ ਉਨ੍ਹਾਂ ਸ਼ਹੀਦ ਗੱਜਣ ਸਿੰਘ ਦੀ ਮ੍ਰਿਤਕ ਦੇਹ ਨੂੰ ਮੋਢਾ ਦਿੱਤਾ, ਉਥੇ ਹੀ ਅੰਤਮ ਸਲਾਮੀ ਵੀ ਦਿੱਤੀ ਗਈ। ਇਸ ਤੋਂ ਇਲਾਵਾ ਮੁੱਖ ਮੰਤਰੀ ਚੰਨੀ ਨੇ ਪਰਿਵਾਰ ਨਾਲ ਦੁੱਖ ਸਾਂਝਾ ਵੀ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਵਿਧਾਨਸਭਾ ਸਪੀਕਰ ਰਾਣਾ ਕੇ.ਪੀ ਸਿੰਘ ਅਤੇ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਵੀ ਮੌਜੂਦ ਸੀ।
ਇਸੇ ਸਾਲ ਹੋਇਆ ਸੀ ਸ਼ਹੀਦ ਗੱਜਣ ਸਿੰਘ ਦਾ ਵਿਆਹ
ਸ਼ਹੀਦ ਦੇ ਪਰਿਵਾਰ ਨੇ ਗੱਜਣ ਸਿੰਘ ਦੇ ਸੁਭਾਅ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਬੇਹੱਦ ਮਿਲਣਸਾਰ ਸੀ। ਹਰ ਕਿਸੇ ਨਾਲ ਹੱਸ ਕੇ ਗੱਲ ਕਰਦਾ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸੇ ਸਾਲ ਫਰਵਰੀ ਮਹੀਨੇ 'ਚ ਉਸਦਾ ਵਿਆਹ ਹੋਇਆ ਸੀ ਤੇ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਉਨ੍ਹਾਂ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਜਾਵੇਗਾ।
ਕਿਸਾਨੀ ਝੰਡੇ ਹੇਠ ਕਰਵਾਇਆ ਸੀ ਵਿਆਹ
ਸ਼ਹੀਦ ਸਿਪਾਹੀ ਗੱਜਣ ਸਿੰਘ ਦਾ ਪਰਿਵਾਰ ਖੇਤੀ ਨਾਲ ਸਬੰਧ ਰੱਖਦਾ ਹੈ। ਇਸ ਲਈ ਗੱਜਣ ਸਿੰਘ ਨੇ ਆਪਣੇ ਵਿਆਹ 'ਚ ਖੇਤੀ ਕਾਨੂੰਨਾਂ ਦੇ ਵਿਰੋਧ ਵਜੋਂ ਟਰੈਕਟਰ 'ਤੇ ਕਿਸਾਨੀ ਦਾ ਝੰਡਾ ਲਗਾ ਕੇ ਆਪਣੀ ਬਰਾਤ ਲੈ ਕੇ ਗਿਆ ਸੀ।
'ਸ਼ਹੀਦ ਦੀ ਸ਼ਹਾਦਤ ਨੂੰ ਸਲਾਮ'
ਉੱਧਰ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਪਹੁੰਚੇ ਪਿੰਡ ਵਾਸੀਆਂ ਨੇ ਸ਼ਹੀਦ ਦੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਕਿਹਾ ਕਿ ਗੱਜਣ ਸਿੰਘ ਦੇ ਸ਼ਹੀਦ ਹੋਣ ’ਤੇ ਪੂਰੇ ਇਲਾਕੇ ਨੂੰ ਜਿੱਥੇ ਮਾਣ ਹੈ। ਉੱਥੇ ਹੀ ਪੂਰੇ ਇਲਾਕੇ ਵਿਚ ਮਾਹੌਲ ਗ਼ਮਗੀਨ ਹੈ ਕਿਉਂਕਿ ਇਲਾਕੇ ਦਾ ਸੂਰਬੀਰ ਨੌਜਵਾਨ ਯੋਧਾ ਅੱਜ ਉਨ੍ਹਾਂ ਦੇ ਵਿਚ ਨਹੀਂ ਹੈ।
ਪਿੰਡ ਚੱਠਾ ਦਾ ਰਹਿਣ ਵਾਲਾ ਸੀ ਸ਼ਹੀਦ ਮਨਦੀਪ ਸਿੰਘ
ਸ਼ਹੀਦ ਜਵਾਨਾਂ ਨੂੰ ਨਮ ਅੱਖਾਂ ਨਾਲ ਦਿੱਤੀ ਸ਼ਰਧਾਂਜਲੀ
ਜੰਮੂ-ਕਸ਼ਮੀਰ (Jammu and Kashmir) ਦੇ ਪੁੰਛ ਸੈਕਟਰ (Poonch sector) ਵਿੱਚ ਹੋਏ ਅੱਤਵਾਦੀ ਹਮਲੇ 'ਚ ਗੁਰਦਾਸਪੁਰ (Gurdaspur) ਦੇ ਪਿੰਡ ਚੱਠਾ ਦੇ ਰਹਿਣ ਵਾਲੇ ਜਵਾਨ ਮਨਦੀਪ ਸਿੰਘ ਵੀ ਇਸ ਮੁਕਾਬਲੇ ਦੌਰਾਨ ਸ਼ਹੀਦ ਹੋ ਗਏ ਸੀ ਜਿਨ੍ਹਾਂ ਦਾ ਅੱਜ ਸਰਕਾਰੀ ਸਨਮਾਨਾਂ ਦੇ ਨਾਲ ਅੰਤਮ ਸਸਕਾਰ ਕੀਤਾ ਗਿਆ ਹੈ।
ਕੈਬਨਿਟ ਮੰਤਰੀ ਨੇ ਕੀਤਾ ਦੁੱਖ ਸਾਂਝਾ
ਸ਼ਹੀਦ ਮਨਦੀਪ ਸਿੰਘ ਦੀ ਸ਼ਹਾਦਤ ਨਾਲ ਜਿਥੇ ਘਰ 'ਚ ਗਮਗੀਨ ਮਾਹੌਲ ਹੈ, ਉਥੇ ਹੀ ਇਲਾਕੇ 'ਚ ਵੀ ਸੋਗ ਦੀ ਲਹਿਰ ਹੈ। ਇਸ ਦੌਰਾਨ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਗੁਰਦਾਸਪੁਰ ਦੇ ਡੀਸੀ ਨੇ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ।
ਵਧੀਆ ਖਿਡਾਰੀ ਸੀ ਮਨਦੀਪ ਸਿੰਘ
ਇਸ ਦੌਰਾਨ ਚਚੇਰੇ ਭਰਾ ਗੁਰਮੁੱਖ ਸਿੰਘ ਅਤੇ ਪਿੰਡ ਵਾਸੀ ਗੁਰਵਿੰਦਰ ਸਿੰਘ ਨੇ ਕਿਹਾ ਕਿ ਮਨਦੀਪ ਸਿੰਘ ਫ਼ੁੱਟਬਾਲ ਅਤੇ ਬਾਸਕਟ ਬਾਲ ਦਾ ਵਧੀਆ ਖਿਡਾਰੀ ਸੀ। ਮਨਦੀਪ ਸਿੰਘ ਨੂੰ ਅਸੀਂ ਵਾਪਸ ਤਾਂ ਨਹੀਂ ਲੈ ਕੇ ਆ ਸਕਦੇ ਪਰ ਸਾਨੂੰ ਬਹੁਤ ਮਾਣ ਹੈ ਕਿ ਮਨਦੀਪ ਸਿੰਘ ਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕੀਤੀ ਹੈ।
'ਸਾਡੇ ਪਿੰਡ ਸ਼ਹੀਦ ਦੇ ਨਾਂ ਨਹੀਂ ਕੋਈ ਗੇਟ'
ਗੱਲਬਾਤ ਦੌਰਾਨ ਪਰਿਵਾਰਿਕ ਮੈਂਬਰਾਂ (Mandeep Singh Family Members) ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਮਨਦੀਪ ਸਿੰਘ ਦਾ ਫੋਨ ਆਇਆ ਸੀ ਅਤੇ ਉਹ ਬਹੁਤ ਖੁਸ਼ ਸੀ। ਉਸ ਦੌਰਾਨ ਮਨਦੀਪ ਸਿੰਘ ਨੇ ਵੀਡੀਓ ਕਾਲ ਰਾਹੀਂ ਵੀ ਗੱਲ ਕੀਤੀ ਸੀ। ਉਸ ਸਮੇਂ ਮਨਦੀਪ ਇਕ ਪਹਾੜੀ ਉੱਤੇ ਚੜ੍ਹਿਆ ਹੋਇਆ ਸੀ। ਮਨਦੀਪ ਸਿੰਘ ਨੇ ਕਿਹਾ ਕਿ ਸਾਡੇ ਪਿੰਡ ਸ਼ਹੀਦ ਦੇ ਨਾਂ ਦਾ ਕੋਈ ਗੇਟ ਨਹੀਂ ਹੈ, ਇਹ ਗੱਲ ਉਹ ਹਰ ਸਮੇਂ ਕਹਿੰਦਾ ਸੀ।
ਸ਼ਹੀਦ ਮਨਦੀਪ ਸਿੰਘ ਦਾ ਭਰਾ ਵੀ ਫੌਜ ’ਚ ਤੈਨਾਤ
ਸ਼ਹੀਦ ਮਨਦੀਪ ਸਿੰਘ ਨੇ ਆਪਣੀ ਜਾਨ ਦੇਸ਼ ਲਈ ਕੁਰਬਾਨ ਕਰ ਦਿੱਤੀ। ਗੱਲ ਕਰੀਏ ਮਨਦੀਪ ਸਿੰਘ ਦੇ ਪਰਿਵਾਰ ਦੀ ਤਾਂ ਇਨ੍ਹਾਂ ਤੋਂ ਪਹਿਲਾਂ ਉਨ੍ਹਾਂ ਦੇ ਕਈ ਪਰਿਵਾਰਿਕ ਮੈਂਬਰ ਫੌਜ ’ਚ ਸ਼ਾਮਲ ਸੀ। ਇਸ ਸਮੇਂ ਵੀ ਉਨ੍ਹਾਂ ਦੇ ਭਰਾ ਵੀ ਫੌਜ ’ਚ ਤੈਨਾਤ ਹਨ।
ਆਪਣੇ ਪੁੱਤਰ ਦੀ ਸ਼ਹਾਦਤ ’ਤੇ ਮਾਣ
ਸ਼ਹੀਦ ਮਨਦੀਪ ਸਿੰਘ ਦੀ ਬਜ਼ੁਰਗ ਮਾਤਾ (Mandeep Singh's Mother) ਅਤੇ ਪਤਨੀ (Mandeep Singh's Wife) ਦਾ ਰੋ ਰੋ ਕੇ ਬੂਰਾ ਹਾਲ ਹੋਇਆ ਪਿਆ ਹੈ। ਸ਼ਹੀਦ ਮਨਦੀਪ ਸਿੰਘ ਦੀ ਮਾਤਾ ਮਨਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਦੁਨੀਆ ਛੱਡ ਕੇ ਚਲਾ ਗਿਆ ਹੈ ਪਰ ਉਨ੍ਹਾਂ ਨੂੰ ਆਪਣੇ ਪੁੱਤਰ ਦੀ ਸ਼ਹਾਦਤ ’ਤੇ ਮਾਣ ਹੈ।
ਕਪੂਰਥਲਾ ਦੇ ਪਿੰਡ ਤਲਵੰਡੀ ਮਾਨਾਂ ਦਾ ਸ਼ਹੀਦ ਜਸਵਿੰਦਰ ਸਿੰਘ
ਪਿਛਲੇ ਦਿਨੀਂ ਪੁੰਛ 'ਚ ਹੋਏ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਪੰਜਾਬ ਦੇ ਜਵਾਨਾਂ 'ਚ ਕਪੂਰਥਲਾ ਦੇ ਪਿੰਡ ਤਲਵੰਡੀ ਮਾਨਾਂ ਦਾ ਜਵਾਨ ਜਸਵਿੰਦਰ ਸਿੰਘ ਵੀ ਸ਼ਾਮਲ ਸੀ। ਜਿਸ ਦਾ ਕਿ ਅੱਜ ਉਨ੍ਹਾਂ ਦੇ ਜੱਦੀ ਪਿੰਡ 'ਚ ਸਰਕਾਰੀ ਸਨਮਾਨਾਂ ਦੇ ਨਾਲ ਅੰਤਮ ਸਸਕਾਰ ਕੀਤਾ ਗਿਆ।
ਐਸ.ਜੀ.ਪੀ.ਸੀ ਪ੍ਰਧਾਨ ਅਤੇ ਡੀ.ਸੀ ਮੌਜੂਦ
ਸ਼ਹੀਦ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਦੀ 11 ਸਾਲਾਂ ਦੀ ਧੀ ਨੇ ਆਪਣੇ ਪਿਤਾ ਨੂੰ ਆਖਰੀ ਸਲਾਮੀ ਦਿੱਤੀ। ਇਸ ਮੌਕੇ ਪੂਰੇ ਇਲਾਕੇ ਵੱਲੋਂ ਉਹਨਾਂ ਨੂੰ ਨਮ ਅੱਖਾਂ ਨਾਲ ਵਿਦਾਈ ਦਿੱਤੀ ਗਈ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਾਗੀਰ ਕੌਰ ਅਤੇ ਡੀਸੀ ਦੀਪਤੀ ਉੱਪਲ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ।
ਸ਼ਹੀਦ ਦੇ ਘਰ ਮਾਤਮ ਦਾ ਮਾਹੌਲ
ਮਿਲੀ ਜਾਣਕਾਰੀ ਮੁਤਾਬਿਕ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਕਪੂਰਥਲਾ ਦੇ ਪਿੰਡ ਦੇ ਘਰ ’ਚ ਦੋ ਭਰਾ ਹਨ, ਪਿਤਾ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੇ ਪਿਤਾ ਵੀ ਫੌਜ ਵਿਚੋਂ ਬਤੌਰ ਕੈਪਟਨ ਰਿਟਾਇਰ ਹੋਏ ਸੀ। ਉਨ੍ਹਾਂ ਦੇ ਵੱਡੇ ਭਰਾ ਰਜਿੰਦਰ ਸਿੰਘ ਵੀ ਸਾਬਕਾ ਫੌਜੀ ਹਨ। ਨਾਇਕ ਸੂਬੇਦਾਰ ਜਸਵਿੰਦਰ ਸਿੰਘ ਸ਼ਾਦੀ ਸ਼ੁਦਾ ਸਨ। ਉਨ੍ਹਾਂ ਦੇ ਦੋ ਬੱਚੇ ਇੱਕ ਬੇਟਾ ਇੱਕ ਬੇਟੀ ਪਿੰਡ 'ਚ ਹੀ ਰਹਿ ਰਹੇ ਹਨ ਅਤੇ ਮਾਤਾ ਮਨਜੀਤ ਕੌਰ ਵੀ ਉਨ੍ਹਾਂ ਦੇ ਪਰਿਵਾਰ ਦੇ ਨਾਲ ਹੀ ਰਹਿੰਦੇ ਹਨ।
ਦੱਸ ਦਈਏ ਕਿ ਸ਼ਹੀਦ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਦੇ ਪਰਿਵਾਰਿਕ ਮੈਂਬਰਾਂ ’ਚ ਜਿਆਦਾਤਰ ਸਰਹੱਦ ’ਤੇ ਤੈਨਾਤ ਹਨ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪਿੰਡ ’ਚ ਪਰਿਵਾਰ ਦਾ ਚੰਗਾ ਮੇਲ ਮਿਲਾਪ ਹੈ। ਖੇਤੀ ਦਾ ਧੰਦਾ ਸਧਾਰਨ ਹੋਣ ਕਰਕੇ ਅਤੇ ਪਿਤਾ ਦੇ ਫੌਜੀ ਹੋਣ ਕਰਕੇ ਸ਼ਹੀਦ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਫੌਜ ਚ ਭਰਤੀ ਹੋ ਗਿਆ।
ਸੁਭਾਅ ਦਾ ਚੰਗਾ ਸੀ ਸ਼ਹੀਦ ਜਸਵਿੰਦਰ ਸਿੰਘ
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਬਹੁਤ ਹੀ ਸਾਉ ਸੁਭਾਅ ਵਾਲਾ ਸੀ। ਦੇਸ਼ ਭਗਤੀ ਦਾ ਜਜ਼ਬਾ ਉਸਦੇ ਅੰਦਰ ਕੁੱਟ ਕੁੱਟ ਕੇ ਭਰਿਆ ਹੋਇਆ ਸੀ। ਪਿੰਡ 'ਚ ਆਉਣ ਸਮੇਂ ਉਹ ਅਕਸਰ ਦੇਸ਼ ਦੀ ਸੇਵਾ ਦੀਆਂ ਗੱਲਾਂ ਕਰਦਾ ਰਹਿੰਦਾ ਸੀ। ਉਸਦੀ ਸ਼ਹੀਦੀ ਦੀ ਖ਼ਬਰ ਸੁਣਦਿਆਂ ਹੀ ਪਿੰਡ ਅਤੇ ਇਲਾਕੇ 'ਚ ਸੋਗ ਦੀ ਲਹਿਰ ਛਾ ਗਈ ਹੈ।
ਸ਼ਹੀਦਾਂ ਵਿੱਚ 3 ਜਵਾਨ ਪੰਜਾਬ ਦੇ ਸ਼ਾਮਲ
ਸੋਮਵਾਰ ਨੂੰ ਜੰਮੂ-ਕਸ਼ਮੀਰ (Jammu and Kashmir) ਦੇ ਪੁੰਛ ਜ਼ਿਲੇ (Poonch sector) 'ਚ ਅੱਤਵਾਦ ਵਿਰੋਧੀ ਮੁਹਿੰਮ ਦੌਰਾਨ ਅੱਤਵਾਦੀਆਂ ਨਾਲ ਹੋਈ ਗੋਲੀਬਾਰੀ 'ਚ ਇੱਕ ਜੂਨੀਅਰ ਕਮਿਸ਼ਨਡ ਅਫ਼ਸਰ (ਜੇਸੀਓ) ਸਮੇਤ ਫੌਜ ਦੇ ਪੰਜ ਜਵਾਨ ਸ਼ਹੀਦ ਹੋ ਗਏ ਹਨ। ਜਿਨ੍ਹਾਂ ਵਿੱਚ ਕਪੂਰਥਲਾ ਪੰਜਾਬ ਦੇ ਨਾਇਬ ਸੂਬੇਦਾਰ ਜਸਵਿੰਦਰ ਸਿੰਘ, ਨਾਇਕ ਮਨਦੀਪ ਸਿੰਘ, ਵਾਸੀ ਚੱਠਾ, ਗੁਰਦਾਸਪੁਰ, ਸਿਪਾਹੀ ਗੱਜਣ ਸਿੰਘ ,ਰੂਪਨਗਰ ਦੇ ਪਿੰਡ ਪੱਚਰੰਡਾ ਦੇ ਰਹਿਣ ਵਾਲੇ ਸਨ। ਇਸ ਤੋਂ ਇਲਾਵਾ ਸ਼ਹੀਦ ਸਿਪਾਹੀ ਸਾਰਜ ਸਿੰਘ ਸ਼ਾਹਜਹਾਂਪੁਰ, ਉੱਤਰ ਪ੍ਰਦੇਸ਼ ਅਤੇ ਸਿਪਾਹੀ ਵੈਸਾਖ ਐਚ, ਕੁਦਵੱਟਮ, ਕੇਰਲਾ ਦੇ ਵਾਸੀ ਸਨ।
ਇਹ ਵੀ ਪੜ੍ਹੋ:ਸੀਐਮ ਚੰਨੀ ਨੇ ਸ਼ਹੀਦ ਗੱਜਣ ਸਿੰਘ ਦੀ ਮ੍ਰਿਤਕ ਦੇਹ ਨੂੰ ਦਿੱਤਾ ਮੋਢਾ