ਚੰਡੀਗੜ੍ਹ: ਦੇਸ਼ਭਰ ਚ ਕੋਰੋਨਾ ਦੇ ਮਾਮਲੇ ਮੁੜ ਤੋਂ ਵੱਧਣ ਲੱਗੇ ਹਨ, ਜਿਸਦੇ ਚੱਲਦੇ ਸਰਕਾਰਾਂ ਅਲਰਟ ਹੋ ਗਈਆਂ ਹਨ। ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ ਚ ਵੀ ਕੋਰੋਨਾ ਦੇ ਅਚਾਨਕ ਮਾਮਲੇ ਵੱਧਣ ਕਾਰਨ ਮੁੜ ਤੋਂ ਪੰਜਾਬ ਸਰਕਾਰ ਵੱਲੋਂ ਸਖਤ ਕਦਮ ਚੁੱਕੇ ਗਏ ਹਨ। ਦੱਸ ਦਈਏ ਕਿ ਪੰਜਾਬ ਚ ਇੱਕ ਵਾਰ ਫਿਰ ਤੋਂ ਲੋਕਾਂ ਨੂੰ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ (wearing of masks mandatory in punjab) ਗਿਆ ਹੈ। ਇਸ ਸਬੰਧੀ ਸਰਕਾਰ ਵੱਲੋਂ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।
ਪੰਜਾਬ ਵਿੱਚ ਇਸ ਸਮੇਂ ਕੋਰੋਨਾ ਦੇ 113 ਪਾਜ਼ੀਟਿਵ ਕੇਸ ਹਨ। ਸਭ ਤੋਂ ਵੱਧ 22 ਮਾਮਲੇ ਲੁਧਿਆਣਾ ਵਿੱਚ ਹਨ। ਬੁੱਧਵਾਰ ਨੂੰ ਪੰਜਾਬ ਵਿੱਚ 30 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਪੰਜਾਬ ਸਰਕਾਰ ਵੱਲੋਂ ਜਾਰੀ ਨੋਟਿਸ ਚ ਕਿਹਾ ਗਿਆ ਹੈ ਕਿ ਸਾਰਿਆਂ ਨੂੰ ਜਨਤਕ ਥਾਵਾਂ ਚ ਮਾਸਕ ਪਾਉਣਾ ਲਾਜ਼ਮੀ ਹੈ।
ਗ੍ਰਹਿ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਬੱਸਾਂ, ਰੇਲ ਗੱਡੀਆਂ, ਹਵਾਈ ਜਹਾਜ, ਟੈਕਸੀ, ਸਿਨੇਮਾ ਹਾਲ, ਸ਼ਾਪਿੰਗ ਮਾਲ, ਡਿਪਾਰਟਮੈਂਟਲ ਸਟੋਰ ਆਦਿ ਵਿੱਚ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਇਸੇ ਤਰ੍ਹਾਂ ਕਲਾਸ ਰੂਮਾਂ, ਦਫਤਰਾਂ ਅਤੇ ਘਰ ਦੇ ਅੰਦਰ ਜਿੱਥੇ ਭੀੜ ਹੈ, ਉੱਥੇ ਵੀ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ।
ਦੱਸ ਦੇਈਏ ਕਿ ਕੋਰੋਨਾ ਦੇ ਘਟਦੇ ਮਾਮਲਿਆਂ ਨੂੰ ਦੇਖਦੇ ਹੋਏ ਸਰਕਾਰ ਨੇ ਕੋਰੋਨਾ ਨੂੰ ਲੈ ਕੇ ਲਾਈਆਂ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਸਨ। ਫਿਲਹਾਲ ਸਾਰੇ ਸਕੂਲ ਖੁੱਲ੍ਹ ਚੁੱਕੇ ਹਨ ਅਤੇ ਕੁਝ ਹੀ ਦਿਨਾਂ 'ਚ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਸ਼ੁਰੂ ਹੋਣ ਜਾ ਰਹੀਆਂ ਹਨ। ਇਸ ਦੇ ਨਾਲ ਹੀ ਛੋਟੇ ਬੱਚਿਆਂ ਲਈ ਸਕੂਲ ਵੀ ਬਕਾਇਦਾ ਖੁੱਲ੍ਹ ਗਏ ਹਨ।
ਪੰਜਾਬ ਦੇ ਛੇ ਜ਼ਿਲ੍ਹਿਆਂ ਫਾਜ਼ਿਲਕਾ, ਰੂਪਨਗਰ, ਸੰਗਰੂਰ, ਮੋਗਾ, ਤਰਨਤਾਰਨ ਅਤੇ ਮਲੇਰਕੋਟਲਾ ਵਿੱਚ ਕੋਰੋਨਾ ਦਾ ਇੱਕ ਵੀ ਪਾਜ਼ੀਟਿਵ ਕੇਸ ਨਹੀਂ ਹੈ, ਜਦੋਂ ਕਿ ਅੰਮ੍ਰਿਤਸਰ, ਸ੍ਰੀ ਮੁਕਤਸਰ ਸਾਹਿਬ, ਮਾਨਸਾ ਅਤੇ ਫਤਿਹਗੜ੍ਹ ਸਾਹਿਬ ਅਤੇ ਬਠਿੰਡਾ, ਗੁਰਦਾਸਪੁਰ, ਕਪੂਰਥਲਾ, ਫ਼ਿਰੋਜ਼ਪੁਰ ਵਿੱਚ 1-1 ਮਰੀਜ਼ ਹੈ। ਫਰੀਦਕੋਟ ਅਤੇ ਬਰਨਾਲਾ ਜ਼ਿਲ੍ਹੇ ਵਿੱਚ 2-2 ਕੇਸ ਹਨ।
ਪੰਜਾਬ ਵਿੱਚ ਕੋਵਿਡ ਦੇ ਅੰਕੜਿਆਂ 'ਤੇ ਇੱਕ ਨਜ਼ਰ
ਹੁਣ ਤੱਕ ਕੁੱਲ ਸੈਂਪਲ ਲਏ ਗਏ 19163591