ਚੰਡੀਗੜ੍ਹ:ਪੰਜਾਬ ਦੇ ਬਾਗ਼ਬਾਨੀ ਅਤੇ ਭੂਮੀ ਅਤੇ ਪਾਣੀ ਸੰਭਾਲ ਮੰਤਰੀ ਰਾਣਾ ਗੁਰਜੀਤ ਸਿੰਘ (Rana Gurjeet Singh) ਨੇ ਸੈਕਟਰ 26 ਸਥਿਤ ਮੈਗਸੀਪਾ ਸੰਸਥਾ ਵਿਖੇ ਇਜ਼ਰਾਈਲ ਦੇ ਬਾਗ਼ਬਾਨੀ ਮਾਹਿਰਾਂ ਨਾਲ ਵਿਚਾਰ-ਵਟਾਂਦਰੇ ਮਗਰੋਂ ਦੱਸਿਆ ਕਿ ਇਜ਼ਰਾਈਲ (Israel) ਵਿੱਚ ਪਾਣੀ ਦੇ ਸਰੋਤ ਨਾ ਮਾਤਰ ਹੋਣ ਦੇ ਬਾਵਜੂਦ ਘੱਟ ਤੋਂ ਘੱਟ ਪਾਣੀ ਦੀ ਵਰਤੋਂ ਕਰਕੇ ਵੱਧ ਤੋਂ ਵੱਧ ਕੁਆਲਿਟੀ ਪੈਦਾਵਾਰ `ਤੇ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਬਾਗ਼ਬਾਨੀ ਦੀਆਂ ਨਵੀਂਆਂ ਤਕਨੀਕਾਂ ਅਪਣਾਉਣ ਵਿੱਚ ਇਜ਼ਰਾਈਲ ਵਿਸ਼ਵ ਭਰ ਵਿੱਚ ਮੋਹਰੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਇਜ਼ਰਾਈਲ ਦੀ ਤਕਨੀਕ ਨਾਲ ਚੱਲ ਰਹੇ ਸੈਂਟਰ ਬਾਗਬਾਨੀ ਫਸਲਾਂ ਦੀ ਕੁਆਲਿਟੀ ਪੈਦਾਵਾਰ ਵਿੱਚ ਸਹਾਈ ਹੋ ਰਹੇ ਹਨ। ਇਸ ਲਈ ਇਸ ਤਕਨਾਲੌਜੀ ਨੂੰ ਬਾਗਬਾਨੀ ਦੇ ਖੇਤਰ ਵਿੱਚ ਬਾਕੀ ਫਸਲਾਂ ਲਈ ਵੀ ਲਾਗੂ ਕਰਨ ਲਈ ਵਿਭਾਗ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ।
ਬਾਗ਼ਬਾਨੀ ਮੰਤਰੀ ਨੇ ਕਿਹਾ ਕਿ ਅਜੋਕੇ ਸਮੇਂ ਜਦੋਂ ਹਰ ਦੇਸ਼ ਪਾਣੀ ਦੀ ਕੁਆਲਿਟੀ ਅਤੇ ਪਾਣੀ ਦੇ ਘਟਦੇ ਪੱਧਰ ਬਾਰੇ ਚਿੰਤਤ ਹੈ ਅਤੇ ਨਵੀਂਆਂ ਤਕਨੀਕਾਂ ਅਪਣਾ ਰਿਹਾ ਹੈ ਤਾਂ ਪੰਜਾਬ ਵੀ ਨਵੀਂਆਂ ਤਕਨੀਕਾਂ ਅਪਣਾ ਕੇ ਬਾਗ਼ਬਾਨੀ ਖੇਤਰ `ਚ ਅਗਾਂਹ ਵਧਣ ਦੀ ਕੋਸਿ਼ਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਨਵੀਂਆਂ ਤਕਨੀਕਾਂ ਪ੍ਰਤੀ ਜਾਗਰੂਕ ਕਰਨ ਅਤੇ ਵਧੇਰੇ ਲਾਭ ਪ੍ਰਾਪਤ ਕਰਨ `ਤੇ ਜ਼ੋਰ ਦਿੱਤਾ।
ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਇਜ਼ਰਾਈਲੀ ਤਕਨੀਕ ਨਾਲ ਕਰਤਾਰਪੁਰ (ਜਲੰਧਰ) ਵਿਖੇ ਸਾਲ 2013 ਵਿੱਚ ਅਤੇ ਖਨੌੜਾ (ਹੁਸ਼ਿਆਰਪੁਰ) ਵਿਖੇ ਸਾਲ 2014 `ਚ ਦੋ ਸੈਂਟਰ ਸਥਾਪਤ ਕੀਤੇ ਗਏ ਸਨ। ਕਰਤਾਰਪੁਰ ਵਿਖੇ ਸਬਜੀਆਂ ਦੀ ਕਾਸ਼ਤ ਨੂੰ ਪ੍ਰੋਟੈਕਟਿਡ ਹਾਲਤਾਂ ਵਿੱਚ ਕਰਨ ਸਬੰਧੀ ਵੱਖ-ਵੱਖ ਤਰ੍ਹਾਂ ਦੇ ਸਟਰੱਕਚਰ ਸਥਾਪਿਤ ਕੀਤੇ ਗਏ ਹਨ। ਇਸ ਸੈਂਟਰ ਵਿੱਚ ਹੁਣ ਤਕ ਲਗਭਗ 150 ਲੱਖ ਵੱਖ-ਵੱਖ ਸਬਜ਼ੀਆਂ ਦੀਆਂ ਪਨੀਰੀਆਂ ਤਿਆਰ ਕਰਕੇ ਲਗਭਗ 7,000 ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ। ਇੱਥੇ ਲਗਭਗ 1000 ਕਿਸਾਨਾਂ ਨੂੰ ਸੁਰੱਖਿਅਤ ਖੇਤੀ ਸਬੰਧੀ 27 ਟ੍ਰੇਨਿੰਗਾਂ ਦਿੱਤੀਆਂ ਜਾ ਚੁੱਕੀਆਂ ਹਨ। ਸਬਜ਼ੀਆਂ ਦੀਆਂ ਪਨੀਰੀਆਂ ਬੜੇ ਹੀ ਵਾਜ਼ਿਬ ਰੇਟਾਂ ਤੇ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਾਈਆਂ ਜਾਂਦੀਆਂ ਹਨ। ਬੇਮੌਸਮੀ ਹਾਈ ਵੈਲਯੂ ਸਬਜ਼ੀਆਂ ਜਿਵੇਂ ਕਿ ਨੈੱਟ ਹਾਊਸ ਵਿੱਚ ਖਰਬੂਜਾ ਅਤੇ ਘੱਟ ਬੀਜ ਵਾਲਾ ਤਰਬੂਜ ਅਤੇ ਹੋਰ ਵਿਦੇਸ਼ੀ ਸ਼ਬਜੀਆਂ, ਜਿਨ੍ਹਾਂ ਦੀ ਬਾਜ਼ਾਰ ਵਿੱਚ ਕਾਫੀ ਮੰਗ ਹੈ, ਕਿਸਾਨਾਂ ਵੱਲੋਂ ਬੜੀ ਤੇਜ਼ੀ ਨਾਲ ਅਪਣਾਈਆਂ ਜਾ ਰਹੀਆਂ ਹਨ।