ਚੰਡੀਗੜ੍ਹ: ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕਿਹਾ ਕਿ ਪਿੰਡਾਂ ਵਿੱਚ ਲੋਕਾਂ ਨੂੰ ਟੀਕਾਕਰਨ ਕਰਵਾਉਣ ਬਾਬਤ ਗੁਮਰਾਹ ਕੀਤਾ ਜਾ ਰਿਹਾ ਹੈ ਇਸੇ ਕਾਰਨ ਪਿੰਡਾਂ ਵਿੱਚ ਕੇਸ ਵਧ ਰਹੇ ਹਨ। ਸ਼ਹਿਰਾਂ ਵਿੱਚ ਲਗਾਏ ਜਾ ਰਹੇ ਕੈਂਪਾਂ ਵਿਚ ਲੋਕ ਵਧ ਚੜ੍ਹ ਕੇ ਆ ਰਹੇ ਹਨ ਪਰ ਪਿੰਡਾਂ ਵਿੱਚ ਲਗਾਏ ਜਾ ਰਹੇ ਕੈਂਪਾਂ ਵਿੱਚ ਲੋਕ ਨਹੀਂ ਆ ਰਹੇ। ਸਿਹਤ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਕੋਲ ਅੱਜ ਸ਼ਾਮ ਤੱਕ ਦੀ ਹੀ ਵੈਕਸੀਨ ਬਚੀ ਹੈ ਅਤੇ ਹੁਣ ਨਵੇਂ ਆਰਡਰ ਦਾ ਇੰਤਜ਼ਾਰ ਕਰ ਰਹੇ ਹਨ।
ਜੇ ਆਕਸੀਜਨ ਸਮੇਂ ਸਿਰ ਪਹੁੰਚ ਜਾਵੇ ਤਾਂ ਲੌਕਡਾਊਨ ਦੀ ਜ਼ਰੂਰਤ ਨਹੀਂ : ਸਿੱਧੂ
ਇਸ ਦੌਰਾਨ ਸਿੱਧੂ ਨੇ ਵੀ ਕਿਹਾ ਕਿ ਜੇਕਰ ਸੂਬੇ ਵਿਚ ਵੈਕਸੀਨ ਅਤੇ ਆਕਸੀਜਨ ਪਹੁੰਚ ਜਾਂਦੀ ਹੈ ਤਾਂ ਉਨ੍ਹਾਂ ਨੂੰ ਲੌਕਡਾਊਨ ਲਗਾਉਣ ਦੀ ਜ਼ਰੂਰਤ ਨਹੀਂ ਪਵੇਗੀ ਅਤੇ ਰੂਸ ਤੋਂ ਆਈ ਵੈਕਸੀਨ ਸਪੂਤਨਿਕ ਦਾ ਇਕ ਟਰਾਇਲ ਚੱਲ ਰਿਹਾ ਹੈ ਉਸ ਤੋਂ ਬਾਅਦ ਹੀ ਉਸ ਦਵਾਈ ਨੂੰ ਵੀ ਲਗਾਉਣ ਬਾਰੇ ਸਰਕਾਰ ਵਿਚਾਰ ਕਰੇਗੀ।
ਸਰਕਾਰ ਵੱਲੋਂ ਸੀਰਮ ਇੰਸਟੀਚਿਊਟ ਨੂੰ ਦਿੱਤੇ ਤੀਹ ਲੱਖ ਵੈਕਸੀਨੇਸ਼ਨ ਦੇ ਆਰਡਰ ਵਿੱਚੋਂ ਮਹਿਜ਼ ਇੱਕ ਲੱਖ ਹੀ ਪਹੁੰਚੀ ਹੈ ਜਿਸ ਵਿੱਚੋਂ ਉਹ ਪਹਿਲੇ ਫੇਜ਼ ਵਿਚ ਕੰਸਟਰਕਸ਼ਨ ਵਰਕਰਾਂ ਨੂੰ ਲਗਾ ਰਹੇ ਹਨ। ਸੂਬੇ ਵਿਚ ਆਕਸੀਜਨ ਦੀ ਬਹੁਤ ਘਾਟ ਹੈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਤਿੰਨ ਸੌ ਮੀਟਰਿਕ ਟਨ ਆਕਸੀਜਨ ਦੀ ਡਿਮਾਂਡ ਚਾਰ ਦਿਨ ਪਹਿਲਾਂ ਕੀਤੀ ਗਈ ਸੀ ਜੋ ਹੁਣ ਤੱਕ ਨਹੀਂ ਪਹੁੰਚੀ ਹੈ ਲੇਕਿਨ ਕੇਸ ਲਗਾਤਾਰ ਵਧ ਰਹੇ ਹਨ।
ਪਿੰਡਾਂ 'ਚ ਕੋਰੋਨਾ ਕਿਸਾਨਾਂ ਕਾਰਨ ਫੈਲ ਰਿਹੈ ਉਹ ਇਸ ਨਾਲ ਸਹਿਮਤ ਨਹੀਂ : ਸਿੱਧੂ
ਇਸ ਦੌਰਾਨ ਸਿੱਧੂ ਨੂੰ ਇਹ ਵੀ ਸਵਾਲ ਕੀਤਾ ਗਿਆ ਕਿ ਕੇਂਦਰ ਸਰਕਾਰ ਦੀ ਰਿਪੋਰਟ ਮੁਤਾਬਕ ਪੰਜਾਬ ਦੇ ਪਿੰਡਾਂ ਵਿੱਚ ਲਗਾਤਾਰ ਕੇਸ ਵਧ ਰਹੇ ਹਨ ਕੀ ਇਹ ਕੇਸ ਕਿਸਾਨਾਂ ਵੱਲੋਂ ਅੰਦੋਲਨ ਵਿਚ ਜਾਣ ਕਾਰਨ ਵਧ ਰਹੇ ਹਨ। ਇਸ ਦੇ ਜਵਾਬ ਵਿਚ ਸਿਹਤ ਮੰਤਰੀ ਨੇ ਕਿਹਾ ਕਿ ਲੋਕਾਂ ਵੱਲੋਂ ਇਲਾਜ ਕਰਵਾਉਣ ਵਿੱਚ ਦੇਰੀ ਕਰਨਾ ਮੁੱਖ ਕਾਰਨ ਹੈ ਪਰ ਕਿਸਾਨਾਂ ਰਾਹੀਂ ਵਾਇਰਸ ਫੈਲ ਰਿਹਾ ਇਸ ਗੱਲ ਨਾਲ ਸਹਿਮਤ ਨਹੀਂ ਹਨ।