ਚੰਡੀਗੜ੍ਹ: ਪੰਜਾਬ ਸਰਕਾਰ ਨੇ ਸਿਹਤ ਸੰਭਾਲ ਕਰਮਚਾਰੀਆਂ ਨੂੰ ਟੀਕੇ ਦੀ ਖੁਰਾਕ ਨੂੰ ਲੈ ਕੇ ਵੱਡਾ ਫੈਸਲਾ ਲਿਆ। ਸਰਕਾਰ ਨੇ ਫੈਸਲਾ ਲੈਂਦਿਆ ਕਿਹਾ ਹੈ ਕਿ ਸਿਹਤ ਸੰਭਾਲ ਕਰਮਚਾਰੀਆਂ ਨੂੰ ਟੀਕੇ ਦੀ ਪਹਿਲੀ ਖੁਰਾਕ ਇਸ ਮਹੀਨੇ ਦੀ 19 ਤਾਰੀਖ ਤੱਕ ਹੀ ਮੁਹੱਈਆ ਕਰਵਾਈ ਜਾਏਗੀ। ਇਸ ਸਬੰਧੀ ਮੁੱਖ ਸਕੱਤਰ ਵਿਨੀ ਮਹਾਜਨ ਨੇ ਕਿਹਾ ਕਿ ਇਸ ਮੁਹਿੰਮ ਦੌਰਾਨ ਕਈ ਸੀਨੀਅਰ ਪ੍ਰਸ਼ਾਸਕੀ ਅਤੇ ਸਿਹਤ ਅਧਿਕਾਰੀਆਂ ਨੇ ਵੀ ਟੀਕਾਕਰਨ ਕਰਵਾਇਆ ਹੈ ਤੇ ਕਰਵਾ ਵੀ ਰਹੇ ਹਨ। ਅਧਿਕਾਰੀਆਂ ਵੱਲੋਂ ਟੀਕਾਕਰਨ ਕਰਵਾਉਣ ਤੋਂ ਬਾਅਦ ਮਾਹੌਲ ਸਾਰਥਕ ਬਣਿਆ ਹੋਇਆ ਹੈ।
71,121 ਹੈਲਥ ਕੇਅਰ ਵਰਕਰ ਨੇ ਕਰਵਾਇਆ ਟੀਕਾਕਰਨ
ਇਸ ਤੋਂ ਇਲਾਵਾ ਵਿਨੀ ਮਹਾਜਨ ਉਨ੍ਹਾਂ ਨੇ ਦੱਸਿਆ ਕਿ 13 ਡਿਪਟੀ ਕਮਿਸ਼ਨਰਾਂ, 19 ਸੀਨੀਅਰ ਸੁਪਰਡੈਂਟ ਆਫ਼ ਪੁਲਿਸ, 19 ਸਿਵਲ ਸਰਜਨਾਂ ਅਤੇ ਸਬੰਧਤ ਜ਼ਿਲਾ ਪ੍ਰਸ਼ਾਸਨ ਦੇ ਕਈ ਹੋਰ ਪ੍ਰਮੁੱਖ ਸੀਨੀਅਰ ਅਧਿਕਾਰੀਆਂ ਨੇ ਵੀ ਟੀਕਾਕਰਨ ਕਰਵਾਇਆ ਹੈ। ਜਿਸ ਤੋਂ ਬਾਅਦ ਹੁਣ ਤੱਕ ਸੂਬੇ ’ਚ 71,121 ਹੈਲਥ ਕੇਅਰ ਵਰਕਰਾਂ ਨੇ ਅਤੇ 17,350 ਫਰੰਟ ਲਾਈਨ ਵਰਕਰਾਂ ਨੇ ਟੀਕਾਕਰਨ ਕਰਵਾ ਲਿਆ ਹੈ।
ਲੋਕਾਂ ਦੇ ਸ਼ੰਕੇ ਅਤੇ ਗਲਤਫ਼ਹਿਮੀਆਂ ਨੂੰ ਕੀਤਾ ਜਾ ਰਿਹਾ ਦੂਰ
ਮੁੱਖ ਸਕੱਤਰ ਵਿਨੀ ਮਹਾਜਨ ਨੇ ਇਹ ਵੀ ਦੱਸਿਆ ਕਿ ਲੋਕਾਂ ਦੇ ਮਨ ’ਚ ਕਈ ਸ਼ੰਕੇ ਅਤੇ ਗਲਤਫਹਿਮੀਆਂ ਹਨ ਜਿਨ੍ਹਾਂ ਨੂੰ ਸੀਨੀਅਰ ਸਿਵਲ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਦੂਰ ਕੀਤਾ ਜਾ ਰਿਹਾ ਹੈ। ਸਿਹਤ ਸੰਭਾਲ ਕਰਮਚਾਰੀਆਂ ਦੇ ਟੀਕਾਕਰਨ ਲਈ ਅੱਗੇ ਆਉਣ ਨਾਲ ਲੋਕਾਂ ਦੇ ਮਨਾਂ ਚ ਪੈਦਾ ਹੋਏ ਡਰ ਨੂੰ ਦੂਰ ਕੀਤਾ ਜਾ ਰਿਹਾ ਹੈ। ਨਾਲ ਹੀ ਫਰੰਟ ਲਾਈਨ ਵਰਕਰਾਂ ਦੇ ਅੰਕੜਿਆਂ ਦੀ ਲਿਸਟ ਜਲਦ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਕਿ ਉਨ੍ਹਾਂ ਦਾ ਵੀ ਟੀਕਾਕਰਨ ਜਲਜ ਹੋ ਸਕੇ।