ਚੰਡੀਗੜ੍ਹ: ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ (On the occasion of martyrdom of Sri Guru Teg Bhadur ji) ਗੁਰੂ ਜੀ ਦੀ ਮਹਾਨ ਸ਼ਹਾਦਤ ਪ੍ਰਤੀ ਨਤਮਸਤਕ ਹੁੰਦੇ ਹੋਏ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਸੰਗਰੂਰ ਵਿਖੇ ਸ਼ਹੀਦ ਕਿਸਾਨ ਸਮਾਰਕ ‘ਯਾਦਗਾਰ-ਏ-ਸ਼ਹੀਦਾਂ’ ਦਾ ਉਦਘਾਟਨ (Yadgar-E-Shaheedan inaugurated) ਕੀਤਾ। ਇਸ ਸਮਾਰਕ ਵਿੱਚ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਣ ਵਾਲੇ ਸੰਗਰੂਰ ਜ਼ਿਲ੍ਹੇ ਦੇ ਕਿਸਾਨਾਂ ਤੇ ਮਜ਼ਦੂਰਾਂ ਦੇ ਨਾਮ ਲਿਖੇ ਗਏ ਹਨ। ਸ਼੍ਰੀ ਸਿੰਗਲਾ ਨੇ ਗੁਰੂ ਜੀ ਦੀ ਮਹਾਨ ਦੇਣ ਨੂੰ ਯਾਦ ਕਰਦਿਆਂ ਕਿਹਾ ਕਿ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਧਰਮ ਦੀ ਰਾਖੀ ਲਈ ਆਪਣੀ ਮਹਾਨ ਕੁਰਬਾਨੀ ਦਿੱਤੀ ਅਤੇ ਉਨ੍ਹਾਂ ਦੁਆਰਾ ਦਿਖਾਏ ਹੱਕ ਤੇ ਸੱਚ ਦੇ ਮਾਰਗ ’ਤੇ ਚਲਦਿਆਂ ਸਾਡੇ ਕਿਸਾਨ ਤੇ ਮਜ਼ਦੂਰ ਭਰਾਵਾਂ ਨੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖਿਲਾਫ਼ ਇਕਜੁਟਤਾ ਨਾਲ ਟੱਕਰ ਲਈ ਅਤੇ ਜਾਨ ਦੀਆਂ ਕੁਰਬਾਨੀਆਂ ਦੇਣ ਵਿੱਚ ਵੀ ਪਿਛਾਂਹ ਨਾ ਹਟਣ ਦਾ ਜੇਰਾ ਦਿਖਾ ਕੇ ਇਤਿਹਾਸ ਬਣਾ ਦਿੱਤਾ ਹੈ।
ਸਮਾਰਕ ਦਾ ਉਦਘਾਟਨ ਕਰਦਿਆਂ ਸ੍ਰੀ ਸਿੰਗਲਾ ਨੇ ਕਿਹਾ ਕਿ ਇਸ ਕਿਸਾਨ ਅੰਦੋਲਨ ਵਿਚ ਪੰਜਾਬ ਦੇ ਸਾਰੇ ਤਬਕਿਆਂ ਨੇ ਵੱਧ ਚੜ੍ਹ ਕੇ ਹਿੱਸਾ ਪਾਇਆ ਹੈ ਭਾਵੇਂ ਉਹ ਕਿਸਾਨ ਸਨ ਜਾਂ ਮਜ਼ਦੂਰ ਜਾਂ ਫੇਰ ਕੋਈ ਦੁਕਾਨਦਾਰ । ਉਨ੍ਹਾਂ ਕਿਹਾ ਕਿ ਇਹ ਅੰਦੋਲਨ ਪੰਜਾਬੀਅਤ ਦੀ ਸੱਚੀ ਨੁਮਾਇੰਦਗੀ ਕਰਦਾ ਹੈ ਜਿੱਥੇ ਲੋਕ ਕਿਸੇ ਮੁੱਕਦੱਸ ਮਕਸਦ ਲਈ ਸਿਰ ਜੋੜ ਕੇ ਲੜੇ ।ਸ੍ਰੀ ਸਿੰਗਲਾ ਨੇ ਸਾਫ ਸ਼ਬਦਾਂ ਵਿੱਚ ਕਿਹਾ ਕਿ ਉਹ ਪਹਿਲਾਂ ਪੰਜਾਬੀ ਹਨ ਅਤੇ ਉਹਨਾਂ ਨੂੰ ਇਸ ਗੱਲ 'ਤੇ ਮਾਣ ਹੈ ਕਿ ਪੰਜਾਬੀਆਂ ਨੇ ਪੂਰੇ ਮੁਲਕ ਦੀ ਅਗਵਾਈ ਕੀਤੀ ਅਤੇ ਭਾਰਤ ਦੇ ਸਭ ਕਿਸਾਨ ਮਜ਼ਦੂਰਾਂ ਨੂੰ ਕੇਂਦਰ ਸਰਕਾਰ ਵੱਲੋਂ ਥੋਪੇ ਜਾ ਰਹੇ ਕਾਲੇ ਕਨੂੰਨਾਂ ਖਿਲਾਫ ਲਾਮਬੰਦ ਕੀਤਾ।
ਸ੍ਰੀ ਸਿੰਗਲਾ ਨੇ ਕਿਹਾ ਕਿ ਪੰਜਾਬੀਆਂ ਨੇ ਡੱਟ ਕੇ ਇਹ ਲੜਾਈ ਲੜੀ ਅਤੇ ਇੱਕ ਜਾਬਰ ਕੇਂਦਰ ਸਰਕਾਰ ਨੂੰ ਆਪਣੇ ਕਦਮ ਪਿੱਛੇ ਖਿੱਚਣ ਲਈ ਮਜਬੂਰ ਕੀਤਾ । ਲੋਕ ਨਿਰਮਾਣ ਮੰਤਰੀ ਨੇ ਇਹ ਵੀ ਕਿਹਾ ਇਸ ਇਤਿਹਾਸਕ ਅੰਦੋਲਨ ਵਿਚ 700 ਤੋਂ ਵੱਧ ਸ਼ਹੀਦ ਹੋਏ ਹਨ ਅਤੇ ਸਾਡੇ ਪੰਜਾਬ ਚ ਸ਼ਹਾਦਤਾਂ ਨੂੰ ਮਨਾਉਣ ਦਾ ਦਸਤੂਰ ਹੈ । ਉਹਨਾਂ ਨੇ ਕਿਹਾ ਕਿ ਪੰਜਾਬੀ ਹੋਣ ਦੇ ਨਾਂ 'ਤੇ ਉਹਨਾਂ ਦਾ ਪਹਿਲਾ ਨੈਤਿਕ ਫਰਜ਼ ਬਣਦਾ ਹੈ ਕਿ ਉਹ ਸ਼ਹੀਦ ਹੋਈਆਂ ਰੂਹਾਂ ਦੀ ਕਦਰ ਕਰਨ ਅਤੇ ਉਹਨਾਂ ਦੇ ਪਰਿਵਾਰਾਂ ਦਾ ਖਿਆਲ ਰੱਖਣ। ਉਹਨਾਂ ਨੇ ਕਿਹਾ ਕਿ ਸੰਗਰੂਰ ਜ਼ਿਲੇ ਦੇ ਸਾਰੇ ਸ਼ਹੀਦਾਂ ਦੇ ਨਾਮ ਇਸ ਸਮਾਰਕ ਵਿਚ ਦਰਜ ਕੀਤੇ ਜਾ ਰਹੇ ਹਨ ਤਾਂ ਜੋ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਮਿਲੇ ।