ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਇਕ ਵੱਡੀ ਕਾਰਵਾਈ ਕਰਦਿਆਂ ਸ੍ਰੀਮਤੀ ਨਿਰਮਲਾ, ਜ਼ਿਲ੍ਹਾ ਕਮਾਂਡਰ ਅਤੇ ਅਨਮੋਲ ਮੋਤੀ, ਪਲਟੂਨ ਕਮਾਂਡਰ, ਪੰਜਾਬ ਹੋਮ ਗਾਰਡ, ਜਲੰਧਰ ਨੂੰ ਜਨਸੇਵਕ ਹੁੰਦੇ ਹੋਏ ਆਪਣੇ ਅਹੁਦੇ ਦੀ ਦਰਵਰਤੋਂ ਕਰਨ ਅਤੇ ਹੋਮ ਗਾਰਡ ਵਾਲੰਟੀਅਰ ਸੇਵਾ ਰਾਮ ਦੀ ਸੇਵਾਮੁਕਤੀ ਦੀ ਉਮਰ ਵਿੱਚ ਵਾਧਾ ਕਰਨ ਲਈ ਰਿਸ਼ਵਤ ਲੈਣ ਦੇ ਜੁਰਮ ਹੇਠ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਪੰਜਾਬ ਵਿਜੀਲੈਂਸ ਬਿਊਰੋ ਦੇ ਇਕ ਬੁਲਾਰੇ ਨੇ ਦੱਸਿਆ ਕਿ ਅਨਮੋਲ ਮੋਤੀ ਨੇ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਦੀ ਰੋਕਥਾਮ ਲਈ ਜਾਰੀ ਕੀਤੇ ਵ੍ਹੱਟਸਐਪ ਨੰਬਰ 9501200200 ਉੱਤੇ ਆਪਣੀ ਲਿਖਤੀ ਸ਼ਿਕਾਇਤ ਦਰਜ ਕੀਤੀ ਸੀ ਜਿਸ ਦੀ ਪੜਤਾਲ ਵਿਜੀਲੈਂਸ ਬਿਊਰੋ ਰੇਂਜ ਜਲੰਧਰ ਵੱਲੋਂ ਕੀਤੀ ਗਈ ਜਿਸ ਦੋਰਾਨ ਪਾਇਆ ਗਿਆ ਕਿ ਸ਼ਿਕਾਇਤਕਰਤਾ ਸੇਵਾ ਰਾਮ ਨੇ ਭਰਤੀ ਹੋਣ ਸਮੇਂ ਆਪਣੇ ਭਰਤੀ ਫਾਰਮ ਵਿੱਚ ਉਮਰ 25 ਸਾਲ ਹੀ ਲਿਖੀ ਸੀ ਤੇ ਜਨਮ ਮਿਤੀ ਦਾ ਕੋਈ ਵਿਸ਼ੇਸ਼ ਜ਼ਿਕਰ ਨਹੀਂ ਕੀਤਾ ਸੀ। ਭਰਤੀ ਫਾਰਮ ਵਿੱਚ ਦਰਸਾਈ ਗਈ ਉਮਰ ਦੇ ਹਿਸਾਬ ਨਾਲ ਸੇਵਾ ਰਾਮ ਦੀ ਹੁਣ ਮਿਤੀ 17-05-2021 ਨੂੰ 58 ਸਾਲ ਉਮਰ ਬਣਦੀ ਸੀ।
ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਲਿਖਿਆ ਹੈ ਕਿ ਪਲਟੂਨ ਕਮਾਂਡਰ ਅਨਮੋਲ ਮੋਤੀ ਨੇ ਉਸ ਨੂੰ ਮਿਤੀ 01-05-2021 ਨੂੰ ਦਫਤਰ ਬੁਲਾ ਕੇ ਉਸ ਵਕਤ ਦੇ ਜ਼ਿਲ੍ਹਾ ਹੋਮ ਗਾਰਡਜ਼ ਕਮਾਂਡਰ ਨਿਰਮਲਾ ਦੇ ਪੇਸ਼ ਕਰਵਾਇਆ ਜਿੱਥੇ ਉਸ ਦੀ ਸੇਵਾਮੁਕਤੀ ਮਈ 2021 ਵਿੱਚ ਹੋਣ ਬਾਰੇ ਜਾਣੂੰ ਕਰਵਾਇਆ ਪਰ ਉਸਨੇ ਆਪਣੀ ਜਨਮ ਮਿਤੀ 25-8-1970 ਹੋਣ ਬਾਰੇ ਜਾਣੂੰ ਕਰਾਉਂਦੇ ਹੋਏ ਕਿਹਾ ਕਿ ਉਸ ਦੀ ਨੌਕਰੀ ਅਜੇ 07 ਸਾਲ ਹੋਰ ਬਾਕੀ ਹੈ। ਜਿੱਥੇ ਸ੍ਰੀਮਤੀ ਨਿਰਮਲਾ ਵੱਲੋਂ ਸ਼ਿਕਾਇਤਕਰਤਾ ਸੇਵਾ ਰਾਮ ਦੀ ਨੌਕਰੀ ਵਿੱਚ ਵਾਧਾ ਕਰਨ ਲਈ ਪਲਟੂਨ ਕਮਾਂਡਰ ਅਨਮੋਲ ਮੋਤੀ ਰਾਹੀਂ ਰਿਸ਼ਵਤ ਦੀ ਮੰਗ ਕੀਤੀ।