ਚੰਡੀਗੜ੍ਹ:ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ 2 ਸਹਾਇਕ ਸਬ ਇੰਸਪੈਕਟਰਾਂ (ASI) ਅਤੇ ਇੱਕ ਮਹਿਲਾ ਪੰਜਾਬ ਹੋਮ ਗਾਰਡ (PhG) ਵਲੰਟੀਅਰ ਵਿਰੁੱਧ ਰਿਸ਼ਵਤਖੋਰੀ ਦਾ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ਵਿੱਚੋਂ 2 ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।Punjab Vigilance Bureau Update.
ਇਸੇ ਤਹਿਤ ਸਟੇਟ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸੋਨੀਪਤ ਜ਼ਿਲ੍ਹਾ ਹਰਿਆਣਾ ਦੇ ਪਿੰਡ ਕਸੰਦੀ ਦੇ ਮਨਜੀਤ ਦੀ ਸ਼ਿਕਾਇਤ 'ਤੇ ਬਿਊਰੋ ਨੇ ਪੁਲਿਸ ਚੌਂਕੀ ਬੱਸ ਸਟੈਂਡ ਲੁਧਿਆਣਾ ਵਿਖੇ ਤਾਇਨਾਤ ASI ਤੇਜਿੰਦਰ ਸਿੰਘ (922/LDH) ASI ਨਸੀਬ ਸਿੰਘ (2212/LDH) ਅਤੇ ਮਹਿਲਾ ਹੋਮ ਗਾਰਡ ਜੋਤੀ (ਨੰਬਰ 16240) ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਧੀਨ FIR ਨੰ. 12 ਮਿਤੀ 9.9.2022 ਦਰਜ ਕੀਤੀ ਹੈ। ਇਸ ਮਾਮਲੇ ਵਿੱਚ ASI ਤੇਜਿੰਦਰ ਸਿੰਘ ਅਤੇ ਮਹਿਲਾ PhG ਜੋਤੀ ਨੂੰ ਪੁੱਛਗਿੱਛ ਦੇ ਆਧਾਰ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਸ ਮਾਮਲੇ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਿਕਾਇਤ ਕਰਤਾ ਮਨਜੀਤ ਨੇ ਪੰਜਾਬ ਐਂਟੀ ਕਰੱਪਸ਼ਨ ਹੈਲਪਲਾਈਨ 'ਤੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੂੰ ਥਾਣਾ ਡਿਵੀਜ਼ਨ 5 ਲੁਧਿਆਣਾ ਵਿਖੇ IPC ਦੀ ਧਾਰਾ 420,467, 468, 471, 120ਬੀ ਤਹਿਤ ਦਰਜ FIR 45/19 ਦੇ ਮਾਮਲੇ ਵਿੱਚ ਗਿ੍ਫ਼ਤਾਰ ਕੀਤਾ ਗਿਆ ਹੈ। ਇਸ ਕੇਸ ਵਿੱਚ ਕਰੀਬ 35 ਹੋਰ ਸਹਿ ਮੁਲਜ਼ਮ ਹਨ।
ਆਪਣੀ ਸ਼ਿਕਾਇਤ ਵਿੱਚ ਮਨਜੀਤ ਨੇ ਕਿਹਾ ਕਿ ਉਹ ਜਾਅਲੀ ਪਤੇ ਅਤੇ ਜਾਤੀ ਸਰਟੀਫਿਕੇਟ 'ਤੇ ਰਾਜਪੂਤ ਵਜੋਂ ਫੌਜ ਵਿੱਚ ਭਰਤੀ ਹੋਇਆ ਸੀ ਪਰ ਉਹ ਜੱਟ ਜਾਤੀ ਨਾਲ ਸਬੰਧ ਰੱਖਦਾ ਹੈ। ਇਸ ਪੁਲਿਸ ਕੇਸ ਵਿੱਚ ਅਦਾਲਤ ਤੋਂ ਜ਼ਮਾਨਤ ਮਿਲਣ ਮਗਰੋਂ ਸ਼ਿਕਾਇਤ ਕਰਤਾ ਨੇ ਆਪਣੇ ਕੇਸ ਦਾ ਚਲਾਨ ਅਦਾਲਤ ਵਿੱਚ ਪੇਸ਼ ਕਰਨ ਸਬੰਧੀ ASI ਤੇਜਿੰਦਰ ਸਿੰਘ ਕੋਲ ਪਹੁੰਚ ਕੀਤੀ। ਜਿਸ ਨੇ ਇਸ ਸਬੰਧੀ ਉਸ ਕੋਲੋਂ 20 ਹਜ਼ਾਰ ਰੁਪਏ ਕਿਸ਼ਤਾਂ ਵਿੱਚ ਲਏ ਸਨ।