ਚੰਡੀਗੜ੍ਹ:ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਬੀਤੀ ਰਾਤ ਗੁਆਂਢੀ ਸੂਬੇ ਹਰਿਆਣਾ ਅਤੇ ਦਿੱਲੀ ਦੇ ਰਸਤੇ ਪੰਜਾਬ ਵਿਚ ਟਰਾਂਸਪੋਰਟ ਕੰਪਨੀਆਂ ਵੱਲੋਂ ਬਿਨਾਂ ਟੈਕਸ ਅਤੇ ਬਿੱਲਾਂ ਤੋਂ ਵਪਾਰਕ ਸਾਮਾਨ ਲਿਆਉਣ ਸਬੰਧੀ ਕਰ ਤੇ ਆਬਕਾਰੀ ਵਿਭਾਗ ਪੰਜਾਬ ਦੇ ਕਰਮਚਾਰੀਆਂ/ਅਧਿਕਾਰੀਆਂ ਵੱਲੋਂ ਭ੍ਰਿਸ਼ਟਾਚਾਰ ਅਤੇ ਆਪਸੀ ਮਿਲੀਭੁਗਤ ਕਾਰਨ ਲੰਮੇ ਅਰਸੇ ਤੋਂ ਸਰਕਾਰੀ ਖ਼ਜ਼ਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਲਾਉਣ ਦੇ ਚੱਲ ਰਹੇ ਵੱਡੇ ਘਪਲੇ ਦਾ ਪਰਦਾ ਫਾਸ਼ ਕੀਤਾ ਹੈ।
ਇਸ ਸਬੰਧੀ ਦਿੱਲੀ ਮਾਲਵਾ ਟਰਾਂਸਪੋਰਟ ਕੰਪਨੀ ਦੇ ਮਾਲਕ, ਉਸਦਾ ਲੜਕਾ, ਤਿੰਨ ਡਰਾਈਵਰਾਂ ਤੇ ਇੱਕ ਪਾਸਰ (ਏਜੰਟ) ਸਮੇਤ ਕਰ ਤੇ ਆਬਕਾਰੀ ਵਿਭਾਗ ਪੰਜਾਬ ਦੇ ਕਰਮਚਾਰੀਆਂ/ਅਧਿਕਾਰੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਟਰਾਂਸਪੋਰਟ ਕੰਪਨੀ ਦੇ ਮਾਲਕ ਦਾ ਲੜਕਾ, ਤਿੰਨ ਡਰਾਈਵਰ ਅਤੇ ਇੱਕ ਪਾਸਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਦੇ ਬਠਿੰਡਾ ਯੂਨਿਟ ਵੱਲੋਂ ਪੁਖ਼ਤਾ ਜਾਣਕਾਰੀ ਦੇ ਆਧਾਰ ਉੱਤੇ ਟੀਮਾਂ ਬਣਾ ਕੇ ਬਠਿੰਡਾ ਵਿਖੇ ਮਾਲ ਢੋਣ ਵਾਲੀਆਂ ਸ਼ੱਕੀ ਗੱਡੀਆਂ ਦੀ ਤਲਾਸ਼ੀ ਲਈ ਗਈ ਜਿਸ ਦੌਰਾਨ ਪਤਾ ਲੱਗਾ ਕਿ ਤਿੰਨ ਗੱਡੀਆਂ ਵਿਚ ਲੱਦੇ ਹੋਏ ਸਾਮਾਨ ਵਿੱਚੋਂ ਕੁੱਝ ਸਮਾਨ ਬਿਲਟੀਆਂ ਅਤੇ ਬਿਲਾਂ ਤੋਂ ਬਗੈਰ ਹੀ ਪੰਜਾਬ ਵਿੱਚ ਲਿਆਂਦਾ ਜਾ ਰਿਹਾ ਸੀ।