ਚੰਡੀਗੜ੍ਹ: ਸਾਬਕਾ ਡੀਜੀਪੀ ਸੁਮੇਧ ਸੈਣੀ (Ex Punjab DGP Sumedh Saini) ਨੂੰ ਵਿਜੀਲੈਂਸ ਵਿਭਾਗ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੱਸ ਦਈਏ ਕਿ ਸਾਬਕਾ ਡੀਜੀਪੀ ਸੁਮੇਧ ਸੈਣੀ ਪੰਜਾਬ ਵਿਜੀਲੈਂਸ ਬਿਊਰੋ ਹੈਡ ਕੁਆਰਟਰ ’ਚ 8 ਵਜੇ ਕੇ 10 ਮਿੰਟ ’ਤੇ ਪਹੁੰਚੇ ਸੀ। ਸੁਮੇਧ ਸੈਣੀ ਮਾਮਲੇ ਦੀ ਜਾਂਚ ਚ ਸਹਿਯੋਗ ਹੋਣ ਦੇ ਲਈ ਆਏ ਸੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 12 ਅਗਸਤ ਨੂੰ ਸੈਣੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਚ ਅੰਤਰਿਮ ਅਗਾਉ ਜਮਾਨਤ ਦੇ ਦਿੱਤੀ ਸੀ ਹਾਲਾਂਕਿ ਹਾਈਕੋਰਟ ਨੇ ਉਨ੍ਹਾਂ ਨੂੰ ਇੱਕ ਹਫਤੇ ਦੇ ਅੰਦਰ ਜਾਂਚ ’ਚ ਸ਼ਾਮਲ ਹੋਣ ਨੂੰ ਕਿਹਾ ਸੀ।
ਇਸ ਮਾਮਲੇ ’ਚ ਕੀਤਾ ਗਿਆ ਗ੍ਰਿਫ਼ਤਾਰ
ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਵਿਜੀਲੈਂਸ ਵਿਭਾਗ ਦੀ ਟੀਮ ਨੇ ਗ੍ਰਿਫਤਾਰ ਕਰ ਲਿਆ ਹੈ। ਹਾਲਾਂਕਿ ਅਜੇ ਵੀ ਇਸ ਗੱਲ ’ਤੇ ਸੰਦੇਹ ਬਣਿਆ ਹੋਇਆ ਹੈ ਕਿ ਆਖਿਰ ਸੁਮੇਧ ਸਿੰਘ ਸੈਣੀ ਨੂੰ ਕਿਹੜੇ ਮਾਮਲੇ ਨੂੰ ਲੈ ਕੇ ਗ੍ਰਿਫਤਾਰ ਕੀਤਾ ਗਿਆ ਹੈ। ਕੀ ਆਮਦਨੀ ਤੋਂ ਜਿਆਦਾ ਸੰਪਤੀ ਮਾਮਲੇ ਚ ਗ੍ਰਿਫਤਾਰ ਕੀਤਾ ਗਿਆ ਹੈ ਜਾਂ ਫਿਰ ਕਾਂਸਟੇਬਲ ਭਰਤੀ ਮਾਮਲੇ ਚ ਰਿਸ਼ਵਤ ਲੈਣ ਦੇ ਇਲਜ਼ਾਮ ਚ ਗ੍ਰਿਫਤਾਰ ਕੀਤਾ ਗਿਆ ਹੈ ਜਾਂ ਫਿਰ ਕੋਈ ਹੋਰ ਮਾਮਲਾ ਹੈ।
ਹਮੇਸ਼ਾ ਵਿਵਾਦਾਂ ’ਚ ਰਹਿੰਦੇ ਹਨ ਸੈਣੀ
ਕਾਬਿਲੇਗੌਰ ਹੈ ਕਿ ਸੁਮੇਧ ਸੈਣੀ ਦਾ ਵਿਵਾਦਾਂ ਨਾਲ ਡੁੰਘਾ ਰਿਸ਼ਤਾ ਬਣਿਆ ਰਿਹਾ ਹੈ। ਕਿਸੇ ਨਾ ਕਿਸੇ ਮਾਮਲੇ ਕਾਰਨ ਉਹ ਸੁਰਖੀਆ ’ਚ ਬਣੇ ਰਹਿੰਦੇ ਹਨ। ਚਾਹੇ ਉਹ ਕੋਟਕਪੁਰਾ ਗੋਲੀਕਾਂਡ ਮਾਮਲਾ ਹੋਵੇ ਜਾਂ ਫਿਰ ਬਲਵੰਤ ਸਿੰਘ ਮੁਲਤਾਨੀ ਮਾਮਲਾ ਹੋਵੇ ਹਰ ਮਾਮਲੇ ਚ ਉਨ੍ਹਾਂ ਨੂੰ ਅੰਤਰਿਮ ਜਮਾਨਤ ਮਿਲੀ ਹੋਈ ਹੈ। ਨਾਲ ਹੀ ਬਲੈਂਕੇਟ ਜਮਾਨਤ ਵੀ ਮਿਲੀ ਹੋਈ ਹੈ, ਪਰ ਪੰਜਾਬ ਵਿਜੀਲੈਂਸ ਲੰਬੇ ਸਮੇਂ ਤੋਂ ਫਿਰਾਕ ਚ ਸੀ ਕਿ ਸੈਣੀ ਨੂੰ ਕਸਟਡੀ ’ਚ ਲੈ ਕੇ ਪੁੱਛਗਿੱਛ ਕੀਤੀ ਜਾਵੇ, ਜੋ ਕਿ ਵਿਜੀਲੈਂਸ ਦੁਆਰਾ ਕੀਤਾ ਗਿਆ। ਹਾਲਾਂਕਿ ਇਸ ਪੂਰੇ ਮਾਮਲੇ 'ਤੇ ਕਿਸੇ ਵੀ ਅਧਿਕਾਰੀ ਵਲੋਂ ਖੁੱਲ੍ਹ ਕੇ ਨਹੀਂ ਬੋਲਿਆ ਗਿਆ। ਜਿਸ ਕਾਰਨ ਕੁਝ ਵੀ ਕਹਿਣਾ ਜਲਦਬਾਜੀ ਹੋਵੇਗੀ। ਪਰ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ ਚ ਪੇਸ਼ ਕੀਤਾ ਜਾ ਸਕਦਾ ਹੈ।