ਚੰਡੀਗੜ੍ਹ: ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਸਮਾਗਮਾਂ ਵਿੱਚ ਗੈਰਹਾਜਰ ਰਹਿਣ ‘ਤੇ ਕੀਤੀ ਗਈ ਟਿੱਪਣੀ ‘ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਰਾਜਪਾਲ ਵੱਲੋਂ ਗਵਰਨਰ ਹਾਊਸ ਤੋਂ ਇਸ ਤਰਾਂ ਦੀ ‘ਸਿਆਸੀ‘ ਟਿੱਪਣੀ ਕਰਨਾ ਬਹੁਤ ਹੀ ਮੰਦਭਾਗਾ ਹੈ। ਉਨਾਂ ਕਿਹਾ ਅਜਿਹੀਆਂ ਟਿੱਪਣੀਆਂ ਬੇਲੋੜੀਆਂ ਹਨ ਅਤੇ ਉਨਾਂ ਰਾਜਪਾਲ ਨੂੰ ਅਪੀਲ ਕੀਤੀ ਕਿ ਉਹ ਭਵਿੱਖ ਵਿੱਚ ਅਜਿਹੇ ‘ਸਿਆਸੀ ਬਿਆਨਾਂ‘ ਤੋਂ ਗੁਰੇਜ ਕਰਨ।
ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਦਾ ਸਮਾਗਮ ਪਹਿਲੇ ਤੋਂ ਤੈਅ ਸੀ ਅਤੇ ਉਨਾਂ ਨੇ ਰਾਸਟਰਪਤੀ ਦ੍ਰੋਪਦੀ ਮੁਰਮੂ ਦੀ ਚੰਡੀਗੜ ਫੇਰੀ ਦੌਰਾਨ ਮਿਲਣ ਅਤੇ ਸਵਾਗਤ ਕਰਨ ਲਈ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਤਾਇਨਾਤ ਕੀਤਾ ਸੀ।
ਉਨਾਂ ਕਿਹਾ ਕਿ ਉਹ ਛੇ ਹੋਰ ਕੈਬਨਿਟ ਮੰਤਰੀਆਂ ਅਤੇ ਸਾਰੇ ਸੀਨੀਅਰ ਅਫਸਰਾਂ ਨਾਲ ਅੱਜ ਹਵਾਈ ਸੈਨਾ ਦਿਵਸ ਮਨਾਉਣ ਲਈ ਸਮਾਗਮਾਂ ਵਿੱਚ ਸਾਮਲ ਹੋਏ। ਇਸਦੇ ਬਾਵਜੂਦ, ਮਾਣਯੋਗ ਰਾਜਪਾਲ ਨੇ ਮੁੱਖ ਮੰਤਰੀ ਦੇ ਖਿਲਾਫ ਇਹ ਮੰਦਭਾਗੀ ਟਿੱਪਣੀ ਕੀਤੀ।