ਚੰਡੀਗੜ੍ਹ: ਸਾਲ 2020 ਦਾ ਅੱਜ ਆਖ਼ਰੀ ਦਿਨ ਹੈ। ਨਵੇਂ ਸਾਲ ਦੇ ਆਉਣ ਦੀ ਖੁਸ਼ੀ ਵਿੱਚ ਅਕਸਰ ਲੋਕ ਸਾਲ ਦੇ ਆਖ਼ਰੀ ਦਿਨ ਜਸ਼ਨ ਮਨਾਉਂਦੇ ਹਨ ਪਰ ਇਸ ਵਾਰ ਕੋਰੋਨਾ ਦਾ ਸੰਕਟ ਹੋਣ ਕਰਕੇ ਪ੍ਰਸ਼ਾਸਨ ਨੇ ਸਖ਼ਤੀ ਵਧਾਈ ਹੈ।
ਚੰਡੀਗੜ੍ਹ ਪ੍ਰਸ਼ਾਸਨ ਦੇ ਦਿਸ਼ਾ ਨਿਰਦੇਸ਼
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਨਵੇਂ ਸਾਲ ਦੇ ਸੈਲੀਬ੍ਰੇਸ਼ਨ ਉੱਤੇ ਕੋਈ ਵਾਧੂ ਰੋਕ ਨਹੀਂ ਲਾਈ ਗਈ ਪਰ ਜਨਕ ਥਾਵਾਂ 'ਤੇ ਲੋਕਾਂ ਦੀ ਗਿਣਤੀ, ਹੋਟਲਾਂ ਅਤੇ ਰੈਸਟੋਰੈਂਟਾਂ ਦੇ ਖੁੱਲ੍ਹਣ ਅਤੇ ਬੰਦ ਹੋਣ ਦੇ ਤੈਅ ਸਮੇਂ ਦਾ ਸਖ਼ਤੀ ਨਾਲ ਪਾਲਣ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਨਵੇਂ ਸਾਲ ਦੇ ਜਸ਼ਨ ਵਿੱਚ ਕੋਵਿਡ-19 ਲਈ ਜਾਰੀ ਕੀਤੀਆਂ ਗਈਆਂ ਗਾਈਡਲਾਈਨਸ ਦੀ ਅਣਦੇਖੀ ਨਾ ਹੋਵੇ। ਇਸ ਲਈ ਸ਼ਹਿਰ ਦੇ ਹੋਟਲਾਂ, ਰੈਸਟੋਰੈਂਟਾਂ, ਪੱਬ ਅਤੇ ਨਾਈਟ ਕਲੱਬਾਂ ਵਿੱਚ ਲੋਕਾਂ ਦੀ ਗਿਣਤੀ 200 ਤੋਂ ਜ਼ਿਆਦਾ ਨਾ ਰੱਖਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਨਾਲ ਹੀ ਲੋਕਾਂ ਲਈ ਮਾਸਕ ਪਾਉਣਾ ਅਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣ ਕਰਨੀ ਲਾਜ਼ਮੀ ਹੋਵੇਗੀ। ਇਸ ਤੋਂ ਇਲਾਵਾ ਸ਼ਹਿਰ ਵਿੱਚ ਲਾਅ ਐਂਡ ਆਰਡਰ ਮੇਨਟੇਨ ਕਰਨ ਲਈ ਵੀ ਹੁਕਮ ਜਾਰੀ ਹੋਏ ਹਨ। ਨਵਾਂ ਸਾਲ ਮਨਾਉਣ ਵਿੱਚ ਕਿਸੇ ਵੀ ਤਰ੍ਹਾਂ ਦਾ ਵਿਘਨ ਪੈਣ ਤੋਂ ਰੋਕਣ ਲਈ ਸ਼ਹਿਰ ਵਿੱਚ ਲਾਈਸੈਂਸੀ ਹਥਿਆਰ ਨਾਲ ਰੱਖਣ ਉੱਤੇ ਵੀ ਪਾਬੰਦੀ ਲਾ ਦਿੱਤੀ ਗਈ ਹੈ।