ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਅੱਜ ਸ਼ਰਾਬ ਦੇ ਨਸ਼ੇ ਵਿਚ ਟੱਲੀ ਹੋ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ ਹਨ, ਇਹ ਇਕ ਵੱਡੀ ਬੇਅਦਬੀ ਹੈ ਜਿਸ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ ਅਤੇ ਪੰਥਕ ਮਰਿਆਦਾ ਅਨੁਸਾਰ ਉਹਨਾਂ ਦੇ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ।
ਅੱਜ ਇੱਥੇ ਜਾਰੀ ਕੀਤੇ ਇਕ ਬਿਆਨ 'ਚ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਸ੍ਰੀ ਭਗਵੰਤ ਮਾਨ ਇਸ ਮਗਰੋਂ ਮੁੱਖ ਮੰਤਰੀ ਜਲੰਧਰ 'ਚ ਹੋਏ ਡਾ. ਭੀਮ ਰਾਓ ਅੰਬੇਡਕਰ ਦੀ ਜਯੰਤੀ ਦੇ ਰਾਜ ਪੱਧਰੀ ਸਮਾਗਮ ਵਿਚ ਸਪੀਚ ਕਰਦੇ ਹੋਏ ਸ਼ਰਾਬ ਵਿਚ ਟੱਲੀ ਹੋਏ ਨਜ਼ਰ ਆ ਰਹੇ ਹਨ।
ਵਲਟੋਹਾ ਨੇ ਵੀ CM ਮਾਨ 'ਤੇ ਲਗਾਏ ਇਲਜ਼ਾਮ ਉਹਨਾਂ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਤੁਰੰਤ ਮੈਡੀਕਲ ਕਰਵਾਇਆ ਜਾਵੇ। ਉਹਨਾਂ ਕਿਹਾ ਕਿ ਮੈਡੀਕਲ ਨਾਲ ਇਹ ਸਪਸ਼ਟ ਹੋ ਜਾਵੇਗਾ ਕਿ ਸ੍ਰੀ ਭਗਵੰਤ ਮਾਨ ਨੇ ਕਿੰਨੀ ਸ਼ਰਾਬ ਪੀਤੀ ਹੋਈ ਸੀ। ਉਹਨਾਂ ਕਿਹਾ ਕਿ ਜੇ ਮੈਡੀਕਲ ਵਿਚ ਮੇਰੇ ਵੱਲੋਂ ਲਗਾਏ ਦੋਸ਼ ਝੂਠੇ ਸਾਬਤ ਹੁੰਦੇ ਹਨ ਅਤੇ ਸ੍ਰੀ ਭਗਵੰਤ ਮਾਨ ਸੱਚੇ ਸਾਬਤ ਹੁੰਦੇ ਹਨ ਤਾਂ ਸ਼੍ਰੋਮਣੀ ਅਕਾਲੀ ਦਲ ਸਮੂਹ ਪੰਜਾਬੀਆਂ ਕੋਲੋਂ ਮੁਆਫ਼ੀ ਮੰਗੇਗਾ ਅਤੇ ਬਣਦੀ ਹੋਈ ਸਜ਼ਾ ਭੁਗਤਣ ਲਈ ਵੀ ਤਿਆਰ ਹੈ। ਇਸ ਦੇ ਨਾਲ ਉਹਨਾਂ ਕਿਹਾ ਕਿ ਜੇਕਰ ਸ੍ਰੀ ਭਗਵੰਤ ਮਾਨ ਝੂਠੇ ਸਾਬਤ ਹੁੰਦੇ ਹਨ ਤਾਂ ਉਹਨਾਂ ਦੇ ਖ਼ਿਲਾਫ਼ ਧਾਰਮਿਕ ਬੇਅਦਬੀ ਕਰਨ ਲਈ 295 ਏ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਪੰਜਾਬ ਵਰਗੇ ਅਹਿਮ ਸੂਬੇ ਦਾ ਮੁੱਖ ਮੰਤਰੀ ਸਵੇਰੇ ਹੀ ਸ਼ਰਾਬ ਵਿਚ ਟੱਲੀ ਹੋ ਕੇ ਆਪਣੇ ਸਰਕਾਰੀ ਫ਼ਰਜ਼ ਨਿਭਾਉਣ ਤੁਰਿਆ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦੀ ਹਾਲਤ ਅੱਜ ਪੰਜਾਬੀਆਂ ਲਈ ਸ਼ਰਮ ਦਾ ਸਬੱਬ ਬਣੀ ਹੈ।
ਇਹ ਵੀ ਪੜ੍ਹੋ:ਸੁਖਬੀਰ ਬਾਦਲ ਨੇ CM ਭਗੰਵਤ ਮਾਨ ’ਤੇ ਸ਼ਰਾਬ ਪੀਕੇ ਸ੍ਰੀ ਦਮਦਮਾ ਸਾਹਿਬ ਜਾਣ ਦੇ ਲਗਾਏ ਇਲਜ਼ਾਮ