ਪੰਜਾਬ

punjab

ETV Bharat / city

ਪੰਜਾਬ ਦੀਆਂ ਪ੍ਰਮੁੱਖ ਸੜਕਾਂ ਦੇ ਨਵੀਨੀਕਰਨ ਦਾ ਕੰਮ ਛੇਤੀ ਹੋਵੇਗਾ ਸ਼ੁਰੂ: ਸਿੰਗਲਾ

ਸੂਬੇ ਵਿੱਚ ਸੜਕੀ ਸੰਪਰਕ ਨੂੰ ਹੋਰ ਬਿਹਤਰ ਬਣਾਉਣ ਲਈ ਪੰਜਾਬ ਸਰਕਾਰ ਛੇਤੀ ਹੀ 12 ਪ੍ਰਮੁੱਖ ਸੜਕੀ ਪ੍ਰਾਜੈਕਟਾਂ ਦੀ ਅਪਗ੍ਰੇਡੇਸ਼ਨ ਦਾ ਕਾਰਜ ਅਰੰਭੇਗੀ। ਇਸ ਦਾ ਪ੍ਰਗਟਾਵਾ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਐਤਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਕੀਤਾ।

ਵਿਜੈ ਇੰਦਰ ਸਿੰਗਲਾ
ਵਿਜੈ ਇੰਦਰ ਸਿੰਗਲਾ

By

Published : Sep 6, 2020, 8:24 PM IST

ਚੰਡੀਗੜ੍ਹ: ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਦੱਸਿਆ ਕਿ ਸੂਬੇ ਵਿੱਚ ਸੜਕੀ ਸੰਪਰਕ ਨੂੰ ਹੋਰ ਬਿਹਤਰ ਬਣਾਉਣ ਲਈ ਪੰਜਾਬ ਸਰਕਾਰ ਛੇਤੀ ਹੀ 12 ਪ੍ਰਮੁੱਖ ਸੜਕੀ ਪ੍ਰਾਜੈਕਟਾਂ ਦੀ ਅਪਗ੍ਰੇਡੇਸ਼ਨ ਦਾ ਕਾਰਜ ਅਰੰਭੇਗੀ।

ਕੈਬਿਨੇਟ ਮੰਤਰੀ ਨੇ ਦੱਸਿਆ ਕਿ ਕੇਂਦਰੀ ਸੜਕ ਅਤੇ ਬੁਨਿਆਦੀ ਢਾਂਚਾ ਫੰਡ (ਸੀ.ਆਰ.ਆਈ.ਐੱਫ.) ਅਧੀਨ ਕਰੀਬ 211.22 ਕਰੋੜ ਰੁਪਏ ਦੀ ਲਾਗਤ ਵਾਲੇ ਇਨ੍ਹਾਂ ਪ੍ਰਾਜੈਕਟਾਂ ਵਿੱਚ ਮੁੱਖ ਜ਼ਿਲ੍ਹਾ ਸੜਕਾਂ ਤੇ ਹੋਰ ਜ਼ਿਲ੍ਹਾ ਸੜਕਾਂ ਦਾ ਮਜ਼ਬੂਤੀਕਰਨ ਅਤੇ ਨਵੇਂ ਪੁਲਾਂ ਦੀ ਉਸਾਰੀ ਸ਼ਾਮਲ ਹੈ। ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਵਿਭਾਗ ਦੇ ਅਧਿਕਾਰੀਆਂ ਨੂੰ ਪ੍ਰਾਜੈਕਟਾਂ ਨੂੰ ਮਿੱਥੇ ਸਮੇਂ ਦੇ ਅੰਦਰ-ਅੰਦਰ ਪੂਰਾ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਪੈਸੇ ਦੀ ਢੁਕਵੀਂ ਵਰਤੋਂ ਲਈ ਕੰਮ ਦੀ ਗੁਣਵੱਤਾ ਨੂੰ ਹਰ ਹਾਲ ਵਿੱਚ ਯਕੀਨੀ ਬਣਾਇਆ ਜਾਵੇਗਾ।

ਇਨ੍ਹਾਂ ਪ੍ਰਾਜੈਕਟਾਂ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਿੰਗਲਾ ਨੇ ਦੱਸਿਆ ਕਿ 23.74 ਕਿਲੋਮੀਟਰ ਲੰਮੀ ਅੰਮ੍ਰਿਤਸਰ-ਚੌਗਾਵਾਂ-ਰਾਣੀਆਂ ਸੜਕ ਦੇ ਮਜ਼ਬੂਤੀਕਰਨ ਅਤੇ ਸੁਧਾਰ ‘ਤੇ 27.08 ਕਰੋੜ ਰੁਪਏ ਖ਼ਰਚ ਆਉਣਗੇ ਜਦਕਿ 40.47 ਕਿਲੋਮੀਟਰ ਲੰਮੀ ਗੁਰਦਾਸਪੁਰ-ਸ੍ਰੀ ਹਰਗੋਬਿੰਦਪੁਰ ਸੜਕ ਨੂੰ 18.57 ਕਰੋੜ ਰੁਪਏ ਨਾਲ ਮਜ਼ਬੂਤ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਜ਼ਿਲ੍ਹਾ ਲੁਧਿਆਣਾ ਵਿੱਚ ਸਰਾਭਾ-ਰਾਏਕੋਟ ਸੜਕ ਦੀ ਅਪਗ੍ਰੇਡੇਸ਼ਨ, ਜ਼ਿਲ੍ਹਾ ਮੋਗਾ ਵਿੱਚ ਬਾਘਾਪੁਰਾਣਾ-ਭਗਤਾ ਭਾਈ-ਨਥਾਣਾ ਸੜਕ ਦੀ ਅਪਗ੍ਰੇਡੇਸ਼ਨ ਅਤੇ ਜ਼ਿਲ੍ਹਾ ਕਪੂਰਥਲਾ ਵਿੱਚ ਫਗਵਾੜਾ-ਜੰਡਿਆਲਾ ਸੜਕ ਦੀ ਅਪਗ੍ਰੇਡੇਸ਼ਨ ਦਾ ਕਾਰਜ ਕ੍ਰਮਵਾਰ 6.95 ਕਰੋੜ, 11.28 ਕਰੋੜ ਅਤੇ 15.72 ਕਰੋੜ ਰੁਪਏ ਨਾਲ ਛੇਤੀ ਸ਼ੁਰੂ ਕੀਤਾ ਜਾਵੇਗਾ।

ਮੰਤਰੀ ਨੇ ਦੱਸਿਆ ਕਿ ਜ਼ਿਲ੍ਹਾ ਫ਼ਾਜ਼ਿਲਕਾ ਦੇ ਅਬੋਹਰ ਵਿਖੇ ਰਾਜ ਮਾਰਗ-14 ਦਾ ਮਲੋਟ ਚੌਕ ਨੂੰ ਹਨੂੰਮਾਨਗੜ੍ਹ ਚੌਕ ਨਾਲ ਜੋੜਦਾ 4 ਕਿਲੋਮੀਟਰ ਲੰਮਾ ਹਿੱਸਾ ਅਤੇ ਮਲੋਟ ਚੌਕ ਨੂੰ ਸੀਤੋਗੁੰਨੋ ਨਾਲ ਜੋੜਨ ਵਾਲਾ 2.30 ਕਿਲੋਮੀਟਰ ਮੁੱਖ ਜ਼ਿਲ੍ਹਾ ਸੜਕ ਨੂੰ 25.02 ਕਰੋੜ ਰੁਪਏ ਦੀ ਲਾਗਤ ਨਾਲ ਅਪਗ੍ਰੇਡ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਸੜਕੀ ਪ੍ਰਾਜੈਕਟਾਂ ਤੋਂ ਇਲਾਵਾ ਰੂਪਨਗਰ ਅਤੇ ਗੁਰਦਾਸਪੁਰ ਜ਼ਿਲ੍ਹੇ ਵਿੱਚ 12.37 ਕਰੋੜ ਰੁਪਏ ਦੀ ਲਾਗਤ ਨਾਲ ਦੋ ਨਵੇਂ ਪੁਲਾਂ ਦਾ ਨਿਰਮਾਣ ਵੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਰੂਪਨਗਰ ਵਿਚ ਪੁਰਾਣੀ ਮੋਰਿੰਡਾ-ਰੋਪੜ ਸੜਕ ‘ਤੇ ਪਿੰਡ ਬਹਿਰਾਮਪੁਰ ਜ਼ਿਮੀਦਾਰਾਂ ਨੇੜੇ ਸਤਲੁਜ-ਯਮੁਨਾ ਲਿੰਕ ਨਹਿਰ ‘ਤੇ ਛੋਟੇ ਤੇ ਨੀਵੇਂ ਪੁਰਾਣੇ ਪੁਲ ਦੀ ਥਾਂ ਨਵੇਂ ਪੁਲ ਦਾ ਨਿਰਮਾਣ ਕੀਤਾ ਜਾਵੇਗਾ ਜਦਕਿ ਜ਼ਿਲ੍ਹਾ ਗੁਰਦਾਸਪੁਰ ਦੇ ਬਾਠ ਸਾਹਿਬ ਵਿਖੇ ਹਾਈਡਲ ਚੈਨਲ ‘ਤੇ ਇਕ ਹਾਈ ਲੈਵਲ ਪੁਲ ਉਸਾਰਿਆ ਜਾਵੇਗਾ।

ABOUT THE AUTHOR

...view details