ਚੰਡੀਗੜ੍ਹ: ਪੰਜਾਬ ਹਮੇਸ਼ਾ ਸੂਬੇ ਦੇ ਅਧਿਕਾਰਾਂ ਲਈ ਲੜਦਾ ਰਿਹਾ ਪਰ ਕੇਂਦਰ ਸਰਕਾਰ ਅਕਸਰ ਸੂਬਿਆਂ ਨੂੰ ਫੰਡ ਜਾਰੀ ਕਰਨ ਦੀਆਂ ਸ਼ਰਤਾਂ ਅਤੇ ਉਨ੍ਹਾਂ ਦੇ ਅਧਿਕਾਰਾਂ 'ਤੇ ਡਾਕਾ ਮਾਰਦੀਆਂ ਰਹੀਆਂ ਹਨ। ਇਸ ਵਾਰ ਵੀ ਕੇਂਦਰ ਸਰਕਾਰ ਅੱਗੇ ਪੰਜਾਬ ਸਰਕਾਰ ਨੂੰ ਝੁਕਣਾ ਪਿਆ। ਪਿਛਲੇ ਡੇਢ ਸਾਲ ਦੀ ਲੜਾਈ ਦੌਰਾਨ ਕੇਂਦਰ ਸਰਕਾਰ ਵੱਲੋਂ ਪਹਿਲੇ ਦਿਨ ਤੋਂ ਮੰਗੇ ਜਾ ਰਹੇ ਦਿਹਾਤੀ ਵਿਕਾਸ ਫੰਡ ਭਾਵ ਕਿ ਆਰਡੀਐਫ ਦੇ ਪੈਸੇ ਦਾ ਹਿਸਾਬ ਕਿਤਾਬ ਪੰਜਾਬ ਸਰਕਾਰ ਵੱਲੋਂ ਕੇਂਦਰ ਨੂੰ ਭੇਜਿਆ ਗਿਆ।
ਕੇਂਦਰ ਸਰਕਾਰ ਵੱਲੋਂ ਹਿਸਾਬ ਕਿਤਾਬ ਪੁੱਜਣ ਤੋਂ ਬਾਅਦ ਹੀ ਪੰਜਾਬ ਸਰਕਾਰ ਨੂੰ ਆਰਡੀਐਫ 'ਚ ਪੈਂਡਿੰਗ ਚੱਲ ਰਿਹਾ ਪੈਸਾ ਜਾਰੀ ਕੀਤਾ ਗਿਆ ਅਤੇ ਜਾਣਕਾਰੀ ਇਹ ਵੀ ਹੈ ਕਿ ਕੇਂਦਰ ਸਰਕਾਰ ਵੱਲੋਂ ਇਸ ਫੰਡ ਵਿੱਚ ਆਉਣ ਵਾਲੇ ਪੈਸੇ ਦੀ ਚੈਕਿੰਗ ਲਈ ਕਈ ਸਾਰੀਆਂ ਸ਼ਰਤਾਂ ਵੀ ਸੂਬਾ ਸਰਕਾਰ 'ਤੇ ਰੱਖੀਆਂ ਹਨ। ਜਿਨ੍ਹਾਂ ਵਿੱਚੋਂ ਇੱਕ ਸ਼ਰਤ ਇਸ ਦਾ ਪੈਸਾ ਖੇਤੀ ਕਰਜ਼ਿਆਂ ਦੀ ਮੁਆਫ਼ੀ ਲਈ ਨਹੀਂ ਕੀਤੇ ਜਾਣ ਦਾ ਵੀ ਰੱਖਿਆ ਗਿਆ, ਜਿਸ ਦੀ ਤਿੱਖੀ ਆਲੋਚਨਾ ਸਿਆਸੀ ਪਾਰਟੀਆਂ ਵੱਲੋਂ ਵੀ ਕੀਤੀ ਜਾ ਰਹੀ ਹੈ।
ਸੂਬੇ ਨੂੰ ਫੰਡ ਵਰਤਣ ਦਾ ਅਧਿਕਾਰੀ: ਡਾ.ਚੀਮਾ
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਵੱਲੋਂ ਆਰਡੀਐਫ 'ਤੇ ਕੱਟ ਲਗਾਉਣ 'ਤੇ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਕੀਤਾ ਗਿਆ ਧੋਖਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਵੱਲੋਂ ਜੀਐੱਸਟੀ ਦੇ ਰੂਪ ਵਿੱਚ ਸੂਬੇ ਦੀ ਪਾਵਰ ਆਪਣੇ ਹੱਥਾਂ ਵਿੱਚ ਲੈ ਲਈ ਗਈ ਅਤੇ ਹੁਣ ਰੂਰਲ ਐਗਰੀਕਲਚਰ ਇਕਾਨਮੀ ਦੇ ਨਾਲ ਜੁੜਿਆ ਟੈਕਸ, ਜਿਸ ਦਾ ਇਸਤੇਮਾਲ ਪਿੰਡਾਂ ਦੀਆਂ ਸੜਕਾਂ, ਡਿਸਪੈਂਸਰੀਆਂ ਅਤੇ ਹੋਰ ਕਾਰਜਾਂ ਲਈ ਹੁੰਦਾ ਸੀ, ਉਸ ਨੂੰ ਵੀ ਆਪਣੇ ਹੱਥਾਂ ਵਿੱਚ ਲੈਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸੂਬੇ ਦਾ ਅਧਿਕਾਰ ਹੈ ਕਿ ਉਸ ਨੇ ਰੂਰਲ ਡਿਵੈੱਲਪਮੈਂਟ ਫੰਡ ਕਿਸ ਤਰੀਕੇ ਨਾਲ ਇਸਤੇਮਾਲ ਕਰਨਾ ਅਤੇ ਸੂਬੇ ਨੂੰ ਹੀ ਇਸ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਕਿ ਉਹ ਆਪਣੇ ਹਿਸਾਬ ਨਾਲ ਪੈਸੇ ਦਾ ਇਸਤੇਮਾਲ ਕਰੇ।
ਸੂਬੇ ਦੇ ਅਧਿਕਾਰ ਖੋਹਣ ਦੀ ਕੋਸ਼ਿਸ਼: ਪਵਨ ਗੋਇਲ
ਕੇਂਦਰ ਸਰਕਾਰ ਵੱਲੋਂ ਰੱਖੀਆਂ ਗਈਆਂ ਸ਼ਰਤਾਂ 'ਤੇ ਸੂਬਾ ਵਿਚਾਰ ਕਰ ਰਿਹਾ ਹੈ ਪਰ ਵੱਡਾ ਸਵਾਲ ਇਹੀ ਹੈ ਕਿ ਜੇ ਸੂਬੇ ਨੂੰ ਪੈਸਾ ਚਾਹੀਦਾ ਹੈ ਤਾਂ ਕੇਂਦਰ ਦੀਆਂ ਸ਼ਰਤਾਂ ਮੰਨੀਆਂ ਹੀ ਪੈਂਦੀਆਂ ਹਨ। ਇਸ 'ਤੇ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਪਵਨ ਗੋਇਲ ਨੇ ਕਿਹਾ ਕਿ ਕੇਂਦਰ ਹਮੇਸ਼ਾਂ ਤੋਂ ਹੀ ਸੂਬਿਆਂ ਦੇ ਅਧਿਕਾਰਾਂ 'ਤੇ ਸੱਟ ਮਾਰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਸ ਦੀ ਸਹਿਮਤੀ ਦਿੱਤੀ ਗਈ ਹੈ ਜਾਂ ਨਹੀਂ ਇਸ ਬਾਰੇ ਵਿੱਤ ਮੰਤਰੀ ਹੀ ਵਿਸਥਾਰ ਨਾਲ ਜਾਣਕਾਰੀ ਦੇ ਸਕਦੇ ਹਨ।