ਚੰਡੀਗੜ੍ਹ: ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਭਰ ਦੇ ਪੈਟਰੌਲ ਪੰਪਾਂ ਦਾ ਘਿਰਾਉ ਕੀਤਾ ਹੋਇਆ ਹੈ, ਜਿਸ ਨੂੰ ਲੈ ਕੇ ਬੁੱਧਵਾਰ ਕਿਸਾਨ ਭਵਨ ਵਿੱਚ ਵਪਾਰੀਆਂ ਅਤੇ ਕਿਸਾਨਾਂ ਵਿਚਕਾਰ ਮੀਟਿੰਗ ਹੋਈ। ਪਰੰਤੂ ਮਸਲੇ ਦਾ ਕੋਈ ਹੱਲ ਨਿਕਲਦਾ ਨਾ ਵੇਖ ਵਪਾਰੀਆਂ ਨੇ ਮੀਟਿੰਗ ਦੌਰਾਨ ਹੀ ਹੰਗਾਮਾ ਸ਼ੁਰੂ ਕਰ ਦਿੱਤਾ ਅਤੇ ਭਰਵੀਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਹੰਗਾਮੇ ਦੌਰਾਨ ਇੱਕ ਰਿਲਾਇੰਸ ਪੰਪ ਦੇ ਵਪਾਰੀ ਅਤੇ ਸਾਬਕਾ ਕਾਂਗਰਸੀ ਆਗੂ ਰਮਨ ਭੱਲਾ ਨੇ ਦੱਸਿਆ ਕਿ ਪੰਜਾਬ ਵਿੱਚ ਰਿਲਾਇੰਸ ਦੇ 58 ਪੰਪ ਹਨ, ਜਿਹੜੇ ਇੱਕ ਮਹੀਨੇ ਤੋਂ ਬੰਦ ਹਨ। ਨਤੀਜੇ ਵੱਜੋਂ ਇੱਕ ਪੈਟਰੌਲ ਪੰਪ ਉੱਤੇ 15 ਲੱਖ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਭਾਵੇਂ ਪੰਪਾਂ ਦਾ ਕਿਸਾਨਾਂ ਵੱਲੋਂ ਘਿਰਾਉ ਕਰਕੇ ਬੰਦ ਕੀਤਾ ਹੋਇਆ ਹੈ ਪਰੰਤੂ ਉਨ੍ਹਾਂ ਨੂੰ ਕਰਮਚਾਰੀਆਂ ਨੂੰ ਤਨਖ਼ਾਹਾਂ ਦੇਣੀਆਂ ਪੈ ਰਹੀਆਂ ਹਨ, ਉਹ ਕਿੱਥੋਂ ਦੇਣ?
ਉਨ੍ਹਾਂ ਕਿਹਾ ਕਿ ਇਸ ਮਸਲੇ ਦੇ ਹੱਲ ਸਬੰਧੀ ਕਿਸਾਨਾਂ ਨੂੰ ਇੱਕ ਮੈਮੋਰੰਡਮ ਵੀ ਦਿੱਤਾ ਗਿਆ ਸੀ, ਪਰੰਤੂ ਉਨ੍ਹਾਂ ਵੱਲੋਂ 4 ਨਵੰਬਰ ਨੂੰ ਫ਼ੈਸਲਾ ਕਰਨ ਬਾਰੇ ਕਿਹਾ ਗਿਆ ਹੈ, ਜੋ ਕਿ ਵਪਾਰੀਆਂ ਨੂੰ ਜਾਤੀ ਤੌਰ 'ਤੇ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਿਲਾਇੰਸ ਪੰਪਾਂ ਵਿੱਚ ਉਨ੍ਹਾਂ ਦੀ ਨਿੱਜੀ ਇਨਵੈਸਟਮੈਂਟ ਹੈ ਨਾ ਕਿ ਰਿਲਾਇੰਸ ਕੰਪਨੀ ਦੇ ਮਾਲਕਾਂ ਦੀ, ਇਸ ਲਈ ਨੁਕਸਾਨ ਵਪਾਰੀਆਂ ਦਾ ਹੋ ਰਿਹਾ ਹੈ ਨਾ ਕਿ ਰਿਲਾਇੰਸ ਕੰਪਨੀ ਦੇ ਮਾਲਕਾਂ ਦਾ।
ਉਨ੍ਹਾਂ ਨੇ ਮੰਗ ਕੀਤੀ ਕਿ ਕਿਸਾਨ ਉਨ੍ਹਾਂ ਦੀਆਂ ਨਿੱਜੀ ਜਾਇਦਾਦਾਂ ਨੂੰ ਆਜ਼ਾਦ ਕਰਨ ਅਤੇ ਆਪਣਾ ਸੰਘਰਸ਼ ਜਾਰੀ ਰੱਖਣ, ਜਿਸ ਵਿੱਚ ਉਹ ਵੀ ਇਨ੍ਹਾਂ ਨਾਲ ਹਨ। ਪਰੰਤੂ ਜੇਕਰ ਕਿਸਾਨ ਉਨ੍ਹਾਂ ਬਾਰੇ ਨਹੀਂ ਸੋਚਣਗੇ ਤਾਂ ਉਹ ਵੀ ਕਿਸਾਨ ਭਵਨ ਦੇ ਬਾਹਰ ਧਰਨਾ ਲਾਉਣਗੇ ਕਿ ਕਿਸਾਨਾਂ ਦਾ ਇਹ ਅੰਦੋਲਨ ਸਹੀ ਦਿਸ਼ਾ ਵਿੱਚ ਨਹੀਂ ਜਾ ਰਿਹਾ।