ਪੰਜਾਬ

punjab

ETV Bharat / city

ਚੀਨ ਮਸਲੇ 'ਤੇ ਹੁਣ ਸਖ਼ਤ ਕਦਮ ਚੁੱਕਣ ਦਾ ਵਕਤ ਆ ਗਿਆ ਹੈ: ਕੈਪਟਨ

ਭਾਰਤ-ਚੀਨ ਸਰਹੱਦ 'ਤੇ ਤਣਾਅ ਵਧ ਰਿਹਾ ਹੈ। ਇਸ ਮਸਲੇ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹੁਣ ਵਕਤ ਆ ਗਿਆ ਹੈ ਕਿ ਭਾਰਤ ਸਰਕਾਰ ਵੱਲੋਂ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

punjab CM captain amrinder singh reaction on indo-china situation
ਚੀਨ ਮਸਲੇ 'ਤੇ ਹੁਣ ਸਖ਼ਤ ਕਦਮ ਚੁੱਕਣ ਦਾ ਵਕਤ ਆ ਗਿਆ ਹੈ: ਕੈਪਟਨ

By

Published : Jun 16, 2020, 4:17 PM IST

Updated : Jun 16, 2020, 5:28 PM IST

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੱਦਾਖ ਦੀ ਗਲਵਾਨ ਘਾਟੀ ਵਿੱਚ ਚੀਨ ਨਾਲ ਹਿੰਸਕ ਝੜਪ ਦੌਰਾਨ 3 ਭਾਰਤੀ ਸੈਨਿਕਾਂ ਦੇ ਮਾਰੇ ਜਾਣ 'ਤੇ ਡੂੰਘਾ ਦੁੱਖ ਅਤੇ ਗੁੱਸਾ ਜ਼ਾਹਰ ਕਰਦਿਆਂ ਮੰਗਲਵਾਰ ਨੂੰ ਚੀਨ ਵੱਲੋਂ ਭਾਰਤੀ ਸਰਹੱਦ ਅੰਦਰ ਵਾਰ-ਵਾਰ ਕੀਤੀ ਰਹੀ ਉਲੰਘਣਾ ਖ਼ਿਲਾਫ਼ ਭਾਰਤ ਸਰਕਾਰ ਨੂੰ ਕਰਾਰਾ ਜਵਾਬ ਦੇਣ ਦੀ ਗੱਲ ਆਖੀ ਹੈ।

ਇਸ ਘਟਨਾ ਤੋਂ ਬਾਅਦ ਗੁੱਸੇ ਵਿੱਚ ਆਏ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਕਿਹਾ, ''ਸਾਡੇ ਸੈਨਿਕ ਕੋਈ ਖੇਡ ਨਹੀਂ ਕਿ ਸਾਡੀਆਂ ਸਰਹੱਦਾਂ ਦੀ ਰਾਖੀ ਕਰਦੇ ਅਫਸਰਾਂ ਤੇ ਜਵਾਨਾਂ ਨੂੰ ਹਰ ਥੋੜ੍ਹੇ ਦਿਨਾਂ ਬਾਅਦ ਮਾਰ ਜਾਂ ਜਖ਼ਮੀ ਕਰ ਦਿੱਤਾ ਜਾਵੇ।'' ਉਨ੍ਹਾਂ ਕਿਹਾ ਕਿ ਇਹ ਉਸ ਵੇਲੇ ਵਾਪਰਿਆ ਜਦੋਂ ਦੋਵੇਂ ਪਾਸਿਆਂ ਤੋਂ ਫੌਜਾਂ ਕਈ ਦਿਨਾਂ ਦੇ ਤਣਾਅ ਦੀ ਸਥਿਤੀ ਤੋਂ ਵੱਖ ਹੋਣ ਦੀ ਪ੍ਰਕਿਰਿਆ ਵਿੱਚ ਸਨ।

ਮੁੱਖ ਮੰਤਰੀ ਨੇ ਕਿਹਾ, ''ਹੁਣ ਵੇਲਾ ਆ ਗਿਆ ਹੈ ਕਿ ਭਾਰਤ ਗੁਆਂਢੀ ਮੁਲਕ ਵੱਲੋਂ ਵਾਰ-ਵਾਰ ਕੀਤੇ ਜਾ ਰਹੇ ਹਮਲਿਆਂ ਦਾ ਜਵਾਬ ਦੇਵੇ ਜੋ ਸਾਡੇ ਖੇਤਰੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ ਅਤੇ ਸਾਡੀ ਖੇਤਰੀ ਪ੍ਰਭੂਸੱਤਾ 'ਤੇ ਹੁੰਦੇ ਹਮਲਿਆਂ ਨੂੰ ਰੋਕੇ।'' ਉਨ੍ਹਾਂ ਕਿਹਾ ਕਿ ਭਾਰਤ ਵਾਲੇ ਪਾਸੇ ਤੋਂ ਕਿਸੇ ਵੀ ਕਿਸਮ ਦੀ ਕਮਜ਼ੋਰੀ ਦੇ ਸੰਕੇਤ ਨਾਲ ਚੀਨ ਦੀ ਪ੍ਰਕਿਰਿਆ ਹੋਰ ਹਿੰਸਕ ਹੋ ਜਾਂਦੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਾਲਾਂਕਿ ਸਰਹੱਦ 'ਤੇ ਤਣਾਅ ਘਟਾਉਣਾ ਸਭ ਤੋਂ ਵੱਧ ਜ਼ਰੂਰੀ ਹੈ ਅਤੇ ਭਾਰਤ ਜੰਗ ਦੇ ਹੱਕ ਵਿੱਚ ਨਹੀਂ ਹੈ ਪਰ ਫੇਰ ਵੀ ਸਾਡਾ ਦੇਸ਼ ਇਸ ਮੌਕੇ ਕਮਜ਼ੋਰੀ ਨਹੀਂ ਦਿਖਾ ਸਕਦਾ ਅਤੇ ਚੀਨ ਨੂੰ ਕਿਸੇ ਹੋਰ ਘੁਸਪੈਠ ਤੋਂ ਰੋਕਣ ਅਤੇ ਆਪਣੀਆਂ ਸਰਹੱਦਾਂ 'ਤੇ ਫੌਜੀ ਹਮਲੇ ਨੂੰ ਠੱਲ੍ਹ ਪਾਉਣ ਲਈ ਸਖ਼ਤ ਰੁਖ਼ ਅਪਣਾਉਣ ਦੀ ਲੋੜ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਚੀਨ ਦੀਆਂ ਗਤੀਵਿਧੀਆਂ ਦੋਵਾਂ ਮੁਲਕਾਂ ਦਰਮਿਆਨ ਹੋਈਆਂ ਸੰਧੀਆਂ ਦੀ ਸਿੱਧੀ ਉਲੰਘਣਾ ਹੈ ਅਤੇ ਭਾਰਤ ਦੀ ਅਖੰਡਤਾ 'ਤੇ ਢੀਠਤਾ ਭਰਿਆ ਹਮਲਾ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਹਮਲਿਆਂ ਨੂੰ ਹਲਕੇ ਵਿੱਚ ਨਾ ਲੈਣ ਸਬੰਧੀ ਸਖਤ ਸੁਨੇਹਾਂ ਦੇਣ ਵਾਸਤੇ ਢੁੱਕਵੇਂ ਕਦਮ ਚੁੱਕੇ।

ਹਾਲ ਹੀ ਦੇ ਹਫਤਿਆਂ ਵਿੱਚ ਭਾਰਤ-ਪਾਕਿਸਤਾਨ ਅਤੇ ਭਾਰਤ-ਨੇਪਾਲ ਸਰਹੱਦਾਂ 'ਤੇ ਵਧੇ ਤਣਾਓ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮੁਲਕ ਸਪੱਸ਼ਟ ਰੂਪ ਵਿੱਚ ਅਜਿਹੀਆਂ ਤਾਕਤਾਂ ਨਾਲ ਘਿਰਿਆ ਹੈ ਜੋ ਕੋਵਿਡ ਸੰਕਟ ਦਾ ਲਾਹਾ ਲੈ ਕੇ ਭਾਰਤ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਤਾਕ ਵਿੱਚ ਹਨ। ਮੁੱਖ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ, ''ਉਨ੍ਹਾਂ ਨੂੰ ਚਿਤਾਵਨੀ ਦੇਈਏ ਕਿ ਭਾਰਤ ਕਿਸੇ ਵੀ ਕੀਮਤ 'ਤੇ ਰਾਸ਼ਟਰੀ ਸੁਰੱਖਿਆ ਨਾਲ ਸਮਝੌਤਾ ਨਹੀਂ ਕਰੇਗਾ ਅਤੇ ਭਾਵੇਂ ਇਹ ਅੰਦਰੂਨੀ ਪੱਧਰ 'ਤੇ ਮਹਾਂਮਾਰੀ ਨਾਲ ਲੜ ਰਿਹਾ ਹੈ ਇਹ ਬਾਹਰੀ ਵੰਗਾਰਾਂ ਨਾਲ ਲੜਨ ਦੇ ਪੂਰੀ ਤਰ੍ਹਾਂ ਕਾਬਿਲ ਹੈ।''

ਗਲਵਾਨ ਘਾਟੀ ਹਿੰਸਾ ਵਿੱਚ ਜਾਨਾਂ ਗਵਾਉਣ ਵਾਲੇ ਸੈਨਿਕਾਂ ਨੂੰ ਸ਼ਰਧਾਂਜ਼ਲੀ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੂਰਾ ਦੇਸ਼ ਇਸ ਦੁੱਖ ਦੀ ਘੜੀ ਵਿੱਚ ਭਾਰਤੀ ਫੌਜ ਨਾਲ ਖੜ੍ਹਾ ਹੈ।

Last Updated : Jun 16, 2020, 5:28 PM IST

ABOUT THE AUTHOR

...view details