ਚੰਡੀਗੜ੍ਹ:ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਇਥੇ ਟਵੀਟ ਕਰਕੇ ਪੰਜਾਬ ਮੰਤਰੀ ਮੰਡਲ ‘ਚ ਫੇਰਬਦਲ ਦੀ ਸੰਭਾਵਨਾ ਤੋਂ ਸਾਫ ਤੌਰ ‘ਤੇ ਇਨਕਾਰ ਕਰ ਦਿੱਤਾ ਹੈ। ਮੀਡੀਆ ਦੇ ਇੱਕ ਖਿੱਤੇ ਵੱਲੋਂ ਖਬਰਾਂ ਨਸ਼ਰ ਕੀਤੀਆਂ ਗਈਆਂ ਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨਾਲ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਦੋ ਮੰਤਰੀਆਂ ਦੀ ਮੰਤਰੀ ਮੰਡਲ ਤੋਂ ਛੁੱਟੀ ਕਰਨ ਦੀ ਗੱਲ ਕੀਤੀ।
ਠੁਕਰਾਲ ਵੱਲੋਂ ਮੰਤਰੀ ਮੰਡਲ ‘ਚ ਫੇਰਬਦਲ ਤੋਂ ਇਨਕਾਰ ਫੇਰਬਦਲ ਸਲਾਹ ਉਪਰੰਤ ਢੁੱਕਵੇਂ ਸਮੇਂ ‘ਤੇ ਸੰਭਵ
ਇਸ ਖਬਰ ਨੂੰ ਸਿਰੇ ਤੋਂ ਨਕਾਰਦਿਆਂ ਠੁਕਰਾਲ ਨੇ ਕਿਹਾ ਹੈ ਕਿ ਮੀਟਿਂੰਗ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀ ਮੰਡਲ ‘ਚ ਫੇਰਬਦਲ ਦਾ ਮੁੱਦਾ ਨਹੀੰ ਚੁੱਕਿਆ। ਉਨ੍ਹਾਂ ਕਿਹਾ ਕਿ ਜਦੋਂ ਅਜਿਹਾ ਕੋਈ ਵਿਚਾਰ-ਵਟਾਂਦਰਾ ਹੀ ਨਹੀਂ ਹੋਇਆ ਤਾਂ ਅਜਿਹੇ ਵਿੱਚ ਕਿਸੇ ਮੰਤਰੀ ਨੂੰ ਕੱਢਣ ਜਾਂ ਰੱਖਣ ਦਾ ਸੁਆਲ ਹੀ ਨਹੀਂ ਉਠਦਾ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਕੋਈ ਵੀ ਬਦਲਾਅ ਸਲਾਹ ਮਸ਼ਵਰੇ ਉਪਰੰਤ ਢੁੱਕਵੇਂ ਸਮੇਂ ‘ਤੇ ਕੀਤਾ ਜਾਵੇਗਾ।
ਸਿਰਫ ਕਾਂਗਰਸ ਵੱਲੋਂ ਦਿੱਤੇ ਮੁੱਦਿਆਂ ‘ਤੇ ਚਰਚਾ ਹੋਈ
ਉਨ੍ਹਾਂ ਕਿਹਾ ਕਿ ਕੈਪਟਨ ਤੇ ਰਾਵਤ ਦੀ ਮੁਲਾਕਾਤ ਦੌਰਾਨ ਸਿਰਫ ਪੰਜ ਉਹੀ ਮੁੱਦਿਆਂ ‘ਤੇ ਚਰਚਾ ਹੋਈ, ਜਿਹੜੇ ਨੁਕਤੇ ਕਾਂਗਰਸ ਪਾਰਟੀ ਨੇ ਦਿੱਤੇ ਹੋਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਇਨ੍ਹਾਂ ਮੁੱਦਿਆਂ ‘ਤੇ ਹੀ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਪੰਜਾਬ ਮਾਮਲਿਆਂ ਦੇ ਇੰਚਾਰਜ ਨੂੰ ਜਾਣੂੰ ਕਰਵਾਇਆ ਹੈ। ਉਨ੍ਹਾਂ ਮੀਡੀਆ ਨੂੰ ਬੇਨਤੀ ਵੀ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੇ ਅੰਦਾਜੇ ਲਗਾਉਣ ਤੋਂ ਗੁਰੇਜ ਕਰੇ।
ਮਾਝਾ ਐਕਸਪ੍ਰੈਸ ਹੈ ਬਾਗੀ
ਜਿਕਰਯੋਗ ਹੈ ਕਿ ਸਿੱਧੂ ਧੜੇ ਦੀ ਲਾਮਬੰਦੀ ਵਿੱਚ ਮਾਝਾ ਐਕਸਪ੍ਰੈਸ ਕਹੇ ਜਾਣ ਵਾਲੇ ਮੰਤਰੀਆਂ ਦੀ ਅਹਿਮ ਭੂਮਿਕਾ ਰਹੀ ਹੈ। ਇਹੋ ਮੰਤਰੀ ਮੁੱਖ ਮੰਤਰੀ ਨੂੰ ਹਟਾਉਣ ਤੱਕ ਦੀ ਮੰਗ ਨੂੰ ਲੈ ਕੇ ਰਾਵਤ ਕੋਲ ਦੇਹਰਾਦੂਨ ਵੀ ਮਿਲਣ ਲਈ ਗਏ ਸੀ ਤੇ ਅਜਿਹੇ ਵਿੱਚ ਕਿਆਸ ਲਗਾਏ ਜਾਂਦੇ ਰਹੇ ਹਨ ਕਿ ਜਦੋਂ ਵੀ ਮੰਤਰੀ ਮੰਡਲ ਵਿੱਚ ਫੇਰਬਦਲ ਹੋਵੇਗਾ, ਉਦੋਂ ਮਾਝਾ ਐਕਸਪ੍ਰੈਸ ਵਿੱਚੋਂ ਹੀ ਛਾਂਟੀ ਹੋਵੇਗੀ।
ਇਸ ਵੇਲੇ ਪੰਜਾਬ ਕਾਂਗਰਸ ਦਾ ਕਲੇਸ਼ ਸ਼ਿਖਰ ‘ਤੇ ਹੈ ਤੇ ਅਜਿਹੇ ਵਿੱਚ ਕੈਪਟਨ ਤੇ ਰਾਵਤ ਦੀ ਮੁਲਾਕਾਤ ਦੇ ਕਈ ਮਾਇਨੇ ਕੱਢੇ ਜਾ ਰਹੇ ਹਨ ਤੇ ਨਤੀਜੇ ਵਜੋਂ ਮੰਤਰੀ ਮੰਡਲ ਵਿੱਚ ਫੇਰਬਦਲ ਦੀਆਂ ਸੰਭਾਵਨਾਵਾਂ ਦੀ ਚਰਚਾਵਾਂ ਵੀ ਜੋਰਾਂ ‘ਤੇ ਰਹੀਆਂ ਹਨ ਪਰ ਹੁਣ ਸੀਐਮ ਦੇ ਮੀਡੀਆ ਸਲਾਹਕਾਰ ਨੇ ਕਿਹਾ ਹੈ ਕਿ ਬੁੱਧਵਾਰ ਦੀ ਮੀਟਿਂਗ ਦੌਰਾਨ ਮੰਤਰੀ ਮੰਡਲ ਵਿੱਚ ਫੇਰਬਦਲ ਬਾਰੇ ਕੋਈ ਵਿਚਾਰ-ਵਟਾਂਦਰਾ ਨਹੀਂ ਹੋਇਆ।
ਇਹ ਵੀ ਪੜ੍ਹੋ:ਸਿੱਧੂ ਬੈਰੰਗ ਪਰਤੇ, ਹੁਣ ਬਾਗੀ ਲਗਾਉਣਗੇ ਵਾਹ