ਪੰਜਾਬ

punjab

ਭ੍ਰਿਸ਼ਟਾਚਾਰ ਮਾਮਲੇ 'ਚ ਧਰਮਸੋਤ ਤੋਂ ਬਾਅਦ ਰਡਾਰ 'ਤੇ ਤਿੰਨ ਹੋਰ ਸਾਬਕਾ ਮੰਤਰੀ !

By

Published : Jun 12, 2022, 1:11 PM IST

ਪੰਜਾਬ ਸਰਕਾਰ ਐਕਸ਼ਨ ਮੋਡ 'ਚ ਹੈ। ਜਿਸ ਦੇ ਚੱਲਦਿਆਂ ਭ੍ਰਿਸ਼ਟਾਚਾਰ ਨੂੰ ਲੈਕੇ ਸਰਕਾਰ ਕਾਰਵਾਈ ਕਰ ਰਹੀ ਹੈ। ਸਾਧੂ ਸਿੰਘ ਧਰਮਸੋਤ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਾਂਗਰਸ ਦੇ ਤਿੰਨ ਹੋਰ ਸਾਬਕਾ ਮੰਤਰੀ ਸਰਕਾਰ ਦੀ ਰਡਾਰ 'ਤੇ ਹੈ।

ਭ੍ਰਿਸ਼ਟਾਚਾਰ ਮਾਮਲੇ 'ਚ ਧਰਮਸੋਤ ਤੋਂ ਬਾਅਦ ਰਡਾਰ 'ਤੇ ਤਿੰਨ ਹੋਰ ਸਾਬਕਾ ਮੰਤਰੀ
ਭ੍ਰਿਸ਼ਟਾਚਾਰ ਮਾਮਲੇ 'ਚ ਧਰਮਸੋਤ ਤੋਂ ਬਾਅਦ ਰਡਾਰ 'ਤੇ ਤਿੰਨ ਹੋਰ ਸਾਬਕਾ ਮੰਤਰੀ

ਚੰਡੀਗੜ੍ਹ: ਪੰਜਾਬ 'ਚ ਸੱਤਾ ਬਦਲਦੇ ਹੀ ਆਮ ਆਦਮੀ ਪਾਰਟੀ ਐਕਸ਼ਨ ਮੋਡ 'ਚ ਨਜ਼ਰ ਆ ਰਹੀ ਹੈ। ਸਰਕਾਰ ਵਲੋਂ ਜਿਥੇ ਸੂਬੇ ਦੇ ਹੋਰ ਕੰਮਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ ਤਾਂ ਉਥੇ ਹੀ ਭ੍ਰਿਸ਼ਟਾਚਾਰ ਨੂੰ ਲੈਕੇ ਵੀ ਨਕੇਲ ਪਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਸਰਕਾਰ ਵਲੋਂ ਪਿਛਲੀ ਸਰਕਾਰ ਮੌਕੇ ਹੋਈਆਂ ਧਾਂਦਲੀਆਂ ਨੂੰ ਲੈਕੇ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿਸ ਦੇ ਚੱਲਦਿਆਂ ਸਰਕਾਰ ਵਲੋਂ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਭ੍ਰਿਸ਼ਟਾਚਾਰ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਹੈ। ਜਿਸ ਤੋਂ ਬਾਅਦ ਸਰਕਾਰ ਹੋਰ ਵੀ ਪਰਤਾਂ ਖੋਲ੍ਹਣ ਦੀ ਤਿਆਰੀ 'ਚ ਹੈ।

ਧਰਮਸੋਤ ਗ੍ਰਿਫ਼ਤਾਰ ਤਾਂ ਗਿਲਜੀਆਂ ਦੀ ਭਾਲ: ਜਿਸ ਦੇ ਚਲੱਦਿਆਂ ਸਰਕਾਰ ਵਲੋਂ ਤਿੰਨ ਹੋਰ ਸਾਬਕਾ ਕਾਂਗਰਸੀ ਮੰਤਰੀਆਂ ਨੂੰ ਰਡਾਰ 'ਤੇ ਰੱਖਿਆ ਗਿਆ ਹੈ ਅਤੇ ਉਨ੍ਹਾਂ 'ਤੇ ਕਾਰਵਾਈ ਕਰਨ ਦੀ ਤਿਆਰੀ 'ਚ ਹੈ। ਵਿਜੀਲੈਂਸ ਵਲੋਂ ਕਾਰਵਾਈ ਕਰਦਿਆਂ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਇੱਕ ਹੋਰ ਸਾਬਕਾ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜੀਆਂ ਦੀ ਭਾਲ ਜਾਰੀ ਹੈ।

ਬਾਜਵਾ ਅਤੇ ਆਸ਼ੂ 'ਤੇ ਵੀ ਰਡਾਰ: ਇਸ ਦੇ ਨਾਲ ਹੀ ਸਰਕਾਰ ਦੀ ਸਾਬਕਾ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਖਿਲਾਫ ਵੀ ਜਾਂਚ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਫੂਡ ਸਪਲਾਈ ਵਿਭਾਗ 'ਚ ਟੈਂਡਰ ਨੂੰ ਲੈ ਕੇ ਸਾਬਕਾ ਖੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਵੀ ਰਡਾਰ 'ਤੇ ਆ ਗਏ ਹਨ। ਸੰਗਰੂਰ ਲੋਕ ਸਭਾ ਸੀਟ 'ਤੇ ਹੋਣ ਵਾਲੀ ਜ਼ਿਮਨੀ ਚੋਣ ਤੋਂ ਪਹਿਲਾਂ 'ਆਪ' ਸਰਕਾਰ ਦੀ ਇਹ ਕਾਰਵਾਈ ਕਾਂਗਰਸ ਲਈ ਸਿਰ ਦਰਦ ਬਣ ਗਈ ਹੈ।

ਮੌਜੂਦਾ ਪੰਚਾਇਤ ਮੰਤਰੀ ਦਾ ਬਿਆਨ: ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਬੀਤੇ ਦਿਨ ਡੀ.ਸੀ.ਕੰਪਲੈਕਸ ਵਿਖੇ ਮੀਡੀਆ ਨਾਲ ਪ੍ਰੈੱਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਪਿਛਲੀ ਸਰਕਾਰ ਵਿੱਚ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ 'ਤੇ 28 ਕਰੋੜ ਰੁਪਏ ਘੋਟਾਲੇ ਦੇ ਇਲਜ਼ਾਮ ਲੱਗੇ ਹਨ। ਪੰਚਾਇਤਰ ਮੰਤਰੀ ਨੇ ਦੱਸਿਆ ਕਿ ਸਰਕਾਰੀ ਜ਼ਮੀਨ ਨੂੰ ਨਿਯਮਾਂ ਦੇ ਉਲਟ ਜਾ ਕੇ ਵੇਚਿਆ ਗਿਆ ਹੈ।

'ਫਾਈਲਾਂ 'ਤੇ ਬਾਜਵਾ ਦੇ ਦਸਤਖਤ': ਉਨ੍ਹਾਂ ਦੱਸਿਆ ਕਿ ਜਦੋਂ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਇਸ ਜ਼ਮੀਨ ਦੀ ਫਾਈਲ 'ਤੇ ਸਾਬਕਾ ਕਾਂਗਰਸੀ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਦਸਤਖਤ ਹਨ। ਇਹ ਦਸਤਖਤ 11 ਮਾਰਚ ਨੂੰ ਹੋਈਆਂ ਚੋਣਾਂ ਤੋਂ ਬਾਅਦ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਜਦੋਂ 10 ਮਾਰਚ ਨੂੰ ਕਾਂਗਰਸ ਪਾਰਟੀ ਨੂੰ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਸ ਦੇ ਦਸਤਖਤ ਤੋਂ ਬਾਅਦ ਵੇਚੀ ਜ਼ਮੀਨ ਤੋਂ ਪੰਜਾਬ ਸਰਕਾਰ ਨੂੰ 28 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ:ਸਿੱਧੂ ਮੂਸੇਵਾਲਾ ਕਤਲ ਕਾਂਡ: ਦਿੱਲੀ ਅਤੇ ਪੰਜਾਬ ਪੁਲਿਸ 'ਚ ਤਾਲਮੇਲ ਦੀ ਕਮੀ, 15ਵਾਂ ਦਿਨ ‘ਇਨਸਾਫ਼’ ਬਾਕੀ !

ਕਾਂਗਰਸ ਦੇ ਇਹ ਸਾਬਕਾ ਮੰਤਰੀ ਨਿਸ਼ਾਨੇ 'ਤੇ ਹਨ:-

ਸਾਧੂ ਸਿੰਘ ਧਰਮਸੋਤ 'ਤੇ ਇਲਜ਼ਾਮ: ਧਰਮਸੋਤ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਜੰਗਲਾਤ ਮੰਤਰੀ ਸਨ। ਉਨ੍ਹਾਂ 'ਤੇ ਦਰੱਖਤ ਵੱਢਣ ਦੇ ਬਦਲੇ 500 ਰੁਪਏ ਰਿਸ਼ਵਤ ਲੈਣ ਦਾ ਦੋਸ਼ ਹੈ। ਕਰੀਬ ਸਾਢੇ 4 ਸਾਲਾਂ 'ਚ ਉਨ੍ਹਾਂ ਨੇ ਇਸ ਤੋਂ 1.25 ਕਰੋੜ ਰੁਪਏ ਕਮਾ ਲਏ। ਵਿਭਾਗ 'ਚ ਤਬਾਦਲਾ-ਪੋਸਟਿੰਗ ਦੇ ਬਦਲੇ 5 ਤੋਂ 20 ਲੱਖ ਤੱਕ ਦੀ ਰਿਸ਼ਵਤ ਵਸੂਲੀ ਗਈ। ਵਿਜੀਲੈਂਸ ਬਿਊਰੋ ਨੇ ਗ੍ਰਿਫਤਾਰ ਕੀਤੇ ਠੇਕੇਦਾਰ ਅਤੇ ਜੰਗਲਾਤ ਅਧਿਕਾਰੀ ਦੇ ਬਿਆਨਾਂ ਤੋਂ ਬਾਅਦ ਸਭ ਤੋਂ ਪਹਿਲਾਂ ਧਰਮਸੋਤ ਨੂੰ ਗ੍ਰਿਫਤਾਰ ਕੀਤਾ। ਉਹ ਹੁਣ ਪੁਲਿਸ ਰਿਮਾਂਡ 'ਤੇ ਹੈ।

ਸੰਗਤ ਸਿੰਘ ਗਿਲਜੀਆਂ 'ਤੇ ਇਲਜ਼ਾਮ: ਕੈਪਟਨ ਦੀ ਥਾਂ ਚਰਨਜੀਤ ਚੰਨੀ ਮੁੱਖ ਮੰਤਰੀ ਬਣੇ ਤਾਂ ਧਰਮਸੋਤ ਨੂੰ ਮੰਤਰੀ ਮੰਡਲ ਤੋਂ ਹਟਾ ਦਿੱਤਾ ਗਿਆ। ਉਨ੍ਹਾਂ ਦੀ ਥਾਂ ਸੰਗਤ ਸਿੰਘ ਗਿਲਜੀਆਂ ਜੰਗਲਾਤ ਮੰਤਰੀ ਬਣੇ। ਦੋਸ਼ ਹੈ ਕਿ ਟ੍ਰੀ ਗਾਰਡ ਦੀ ਖਰੀਦ 'ਚ ਕਰੀਬ 6.15 ਕਰੋੜ ਰੁਪਏ ਦਾ ਘਪਲਾ ਹੋਇਆ ਹੈ। ਵਿਜੀਲੈਂਸ ਬਿਊਰੋ ਇਨ੍ਹਾਂ ਦੀ ਭਾਲ ਕਰ ਰਿਹਾ ਹੈ।

ਤ੍ਰਿਪਤ ਰਜਿੰਦਰ ਬਾਜਵਾ 'ਤੇ ਇਲਜ਼ਾਮ: ਤ੍ਰਿਪਤ ਰਜਿੰਦਰ ਬਾਜਵਾ 'ਤੇ ਚੋਣ ਨਤੀਜਿਆਂ ਦੇ ਬਾਵਜੂਦ ਫਾਈਲ 'ਤੇ ਦਸਤਖਤ ਕਰਕੇ 28 ਕਰੋੜ ਦੇ ਘਪਲੇ ਦਾ ਦੋਸ਼ ਹੈ। 'ਆਪ' ਸਰਕਾਰ ਦੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਅੰਮ੍ਰਿਤਸਰ ਦੇ ਜੀ.ਟੀ ਰੋਡ 'ਤੇ ਸਥਿਤ 41 ਏਕੜ ਪੰਚਾਇਤੀ ਜ਼ਮੀਨ 'ਚ ਘਪਲਾ ਹੋਇਆ ਹੈ। ਇਸ ਦੇ ਲਈ ਸਰਕਾਰ ਨੇ ਜਾਂਚ ਕਮੇਟੀ ਬਣਾਈ ਹੈ। ਬਾਜਵਾ ਨੇ ਕਿਹਾ ਕਿ ਇਸ ਦੀ ਹਾਈ ਕੋਰਟ ਦੇ ਜੱਜ ਤੋਂ ਜਾਂਚ ਹੋਣੀ ਚਾਹੀਦੀ ਹੈ।

ਭਾਰਤ ਭੂਸ਼ਣ ਆਸ਼ੂ 'ਤੇ ਇਲਜ਼ਾਮ: ਆਸ਼ੂ 'ਤੇ 2 ਹਜ਼ਾਰ ਕਰੋੜ ਦੇ ਟੈਂਡਰ ਘੁਟਾਲੇ ਦਾ ਦੋਸ਼ ਹੈ। ਵਿਜੀਲੈਂਸ ਇਸ ਦੀ ਜਾਂਚ ਕਰ ਰਹੀ ਹੈ। ਆਸ਼ੂ 'ਤੇ ਛੋਟੇ ਠੇਕੇਦਾਰਾਂ ਵੱਲੋਂ ਪੰਜਾਬ ਦੀਆਂ ਮੰਡੀਆਂ 'ਚ ਲੇਬਰ ਅਤੇ ਟਰਾਂਸਪੋਰਟੇਸ਼ਨ ਟੈਂਡਰਾਂ 'ਚ ਗੜਬੜੀ ਦੇ ਦੋਸ਼ ਲਾਏ ਗਏ ਸਨ। ਛੋਟੇ ਠੇਕੇਦਾਰਾਂ ਨੂੰ ਨਜ਼ਰਅੰਦਾਜ਼ ਕਰਕੇ 20-25 ਲੋਕਾਂ ਨੂੰ ਫਾਇਦਾ ਪਹੁੰਚਾਇਆ ਗਿਆ। ਹਾਲਾਂਕਿ, ਆਸ਼ੂ ਦਾ ਕਹਿਣਾ ਹੈ ਕਿ ਇਹ ਟੈਂਡਰ ਡੀਸੀ ਦੀ ਅਗਵਾਈ ਵਾਲੀਆਂ ਕਮੇਟੀਆਂ ਵੱਲੋਂ ਅਲਾਟ ਕੀਤਾ ਜਾਂਦਾ ਹੈ। ਉਸ 'ਤੇ ਸਾਜ਼ਿਸ਼ ਤਹਿਤ ਦੋਸ਼ ਲਾਏ ਜਾ ਰਹੇ ਹਨ।

ਇਹ ਵੀ ਪੜ੍ਹੋ:ਸ਼ਰਾਬ ਹੋਈ ਸਸਤੀ ਤਾਂ MLA ਪਹੁੰਚੇ ਸ਼ਰਾਬੀਆਂ ਕੋਲ, ਪੀਣ ਵਾਲਿਆਂ ਨੂੰ ਦਿੱਤੀ ਇਹ ਸਲਾਹ

ABOUT THE AUTHOR

...view details