ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਕਾਰਨ ਵਿਦਿਆਰਥੀ ਆਨਲਾਈਨ ਪੜ੍ਹਾਈ ਕਰ ਰਹੇ ਹਨ ਪਰ ਇਸ ਵਿੱਚ ਕਈ ਵਿਦਿਆਰਥੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਜਿਹੇ ਵਿੱਚ ਗੌਰਮਿੰਟ ਸਕੂਲ ਆਰਸੀ ਤੋਂ ਧਨਾਸ ਦੇ ਅਧਿਆਪਕਾਂ ਦੇ ਵੱਲੋਂ ਆਪਣੀ ਤਨਖ਼ਾਹ ਵਿੱਚੋਂ ਪੈਸੇ ਦੇ ਕੇ ਵਿਦਿਆਰਥੀ ਨੂੰ ਜ਼ਰੂਰਤ ਦਾ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਫੋਨ ਅਤੇ ਰੀਚਾਰਜ ਸ਼ਾਮਲ ਹਨ।
ਆਨਲਾਈਨ ਪੜ੍ਹਾਈ ਕਰਨ ਲਈ ਨਹੀਂ ਸੀ ਮੋਬਾਇਲ ਇਸ ਬਾਬਤ ਗੌਰਮਿੰਟ ਸਕੂਲ ਆਰਸੀ ਤੋਂ ਧਨਾਸ ਦੀ ਪ੍ਰਿੰਸੀਪਲ ਰਵਿੰਦਰ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਸਬੰਧੀ ਖ਼ਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਨੂੰ ਇਸ ਗੱਲ ਦਾ ਇਲਮ ਉਦੋਂ ਹੋਇਆ ਜਦੋਂ ਕਈ ਵਿਦਿਆਰਥੀ ਆਨਲਾਈਨ ਕਲਾਸਾਂ ਨਹੀਂ ਲਾ ਰਹੇ ਸੀ, ਜਿਸ ਤੋਂ ਬਾਅਦ ਵਿਦਿਆਰਥੀਆਂ ਨੂੰ ਅਧਿਆਪਕਾਂ ਦੇ ਵੱਲੋਂ ਫੋਨ ਕੀਤਾ ਗਿਆ ਅਤੇ ਫਿਰ ਪਤਾ ਲੱਗਾ ਕਿ ਵਿਦਿਆਰਥੀਆਂ ਦੇ ਕੋਲ ਪੜ੍ਹਨ ਦੇ ਲਈ ਸਮਾਰਟਫੋਨ ਨਹੀਂ ਅਤੇ ਨਾ ਹੀ ਰੀਚਾਰਜ ਲਈ ਪੈਸੇ ਹਨ।
ਇਸ ਤੋਂ ਬਾਅਦ ਅਧਿਆਪਕਾਂ ਨੇ ਪਹਿਲਾਂ ਆਪਣੀ ਜੇਬ ਦੇ ਵਿੱਚੋਂ 100 ਤੋਂ ਵੱਧ ਵਿਦਿਆਰਥੀਆਂ ਦੇ ਰੀਚਾਰਜ ਕਰਵਾਏ ਅਤੇ ਕੁਝ ਪੁਰਾਣੇ ਸਮਾਰਟਫੋਨ ਪੜ੍ਹਾਈ ਕਰਨ ਦੇ ਲਈ ਦਿੱਤੇ ਇਸ ਤੋਂ ਬਾਅਦ ਕੁਝ ਸੰਸਥਾਵਾਂ ਨਾਲ ਰਾਬਤਾ ਕੀਤਾ ਗਿਆ ਅਤੇ ਉਨ੍ਹਾਂ ਦੇ ਵੱਲੋਂ ਰੀਚਾਰਜ ਦੇ ਲਈ ਫੰਡ ਡੋਨੇਟ ਕੀਤਾ ਜਾਣ ਲੱਗ ਪਿਆ।
ਉਨ੍ਹਾਂ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਦਾ ਬਹੁਤ ਸਾਰਾ ਟੀਚਿੰਗ ਸਟਾਫ ਅਤੇ ਸ਼ਹਿਰ ਦੇ ਆਮ ਲੋਕ ਸਾਡੇ ਨਾਲ ਜੁੜੇ ਨੇ ਅਤੇ ਵਿਦਿਆਰਥੀਆਂ ਦੇ ਆਨਲਾਈਨ ਕਲਾਸਾਂ ਦੇ ਲਈ ਪੈਸੇ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਇੰਟਰਨੈੱਟ ਰੀਚਾਰਜ ਤੋਂ ਇਲਾਵਾ ਸਟੇਸ਼ਨਰੀ ਅਤੇ ਰਾਸ਼ਨ ਦੀ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਇਆ ਗਿਆ।
ਪ੍ਰਿੰਸੀਪਲ ਰਵਿੰਦਰ ਕੌਰ ਨੇ ਦਾਨੀ ਸੱਜਣਾਂ ਨੂੰ ਅਪੀਲ ਵੀ ਕੀਤੀ ਹੈ ਕਿ ਜਿਸ ਤਰ੍ਹਾਂ ਘਰ ਇਸਤੇਮਾਲ ਨਾ ਹੋਣ ਵਾਲੀ ਚੀਜ਼ ਨੂੰ ਦਾਨ ਦੇ ਦਿੱਤਾ ਜਾਂਦਾ ਹੈ ਕੱਪੜੇ ਕਿਤਾਬਾਂ ਦਾਨ ਕੀਤੇ ਜਾਂਦੇ ਨੇ ਉਸੇ ਤਰ੍ਹਾਂ ਅਗਰ ਘਰ ਦੇ ਵਿੱਚ ਕੁਝ ਪੁਰਾਣੇ ਮੋਬਾਇਲ ਪਏ ਨੇ ਜਿਸ ਨਾਲ ਕੋਈ ਵਿਦਿਆਰਥੀ ਪੜ੍ਹਾਈ ਕਰ ਸਕਦਾ ਹੈ ਤਾਂ ਉਹ ਵੀ ਦਾਨ ਕੀਤੇ ਜਾਣ ਤਾਂ ਕਿ ਉਹ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਦੇ ਲਈ ਮੁਹੱਈਆ ਕਰਾਏ ਜਾ ਸਕਣ।