ਚੰਡੀਗੜ੍ਹ: ਪੰਜਾਬ 'ਚ ਸਾਰੇ ਅਦਾਰਿਆਂ ਨੇ ਕਿਸਾਨਾਂ ਦੀ ਇਸ ਬੰਦ ਦੀ ਕਾਲ ਦਾ ਸਮਰਥਨ ਕੀਤਾ। ਜਲੰਧਰ, ਲੁਧਿਆਣਾ, ਪਟਿਆਲਾ, ਬਰਨਾਲਾ, ਅੰਮ੍ਰਿਤਸਰ, ਮਾਨਸਾ, ਤਰਨਤਾਰਨ ਦੇ ਨਾਲ-ਨਾਲ ਸਾਰੇ ਹੀ ਜ਼ਿਲ੍ਹਿਆਂ 'ਚ ਮੁਕੰਮਲ ਬੰਦ ਰਿਹਾ ਤੇ ਕਿਸਾਨਾਂ ਤੋਂ ਇਲਾਵਾ ਵਪਾਰੀਆਂ, ਵਕੀਲਾਂ, ਡਾਕਟਰਾਂ, ਪੈਟਰੋਲ ਪੰਪ ਮਾਲਕਾਂ, ਦੁਕਾਨਦਾਰਾਂ ਤੇ ਆਮ ਲੋਕਾਂ ਨੇ ਵੀ ਧਰਨੇ ਪ੍ਰਦਰਸ਼ਨ 'ਚ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਇਕਸੁਰ ਨਾਲ ਸਰਕਾਰ ਤੋਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ।
ਜੇ ਗੱਲ ਜਲੰਧਰ ਦੀ ਕਰੀਏ ਤਾਂ ਬਾਜ਼ਾਰ ਅਤੇ ਪੈਟਰੋਲ ਪੰਪ ਬੰਦ ਰਹੇ ਉਥੇ ਹੀ ਮਕਸੂਦਾਂ ਸਬਜ਼ੀ ਮੰਡੀ 'ਚ ਆੜਤੀਆਂ ਨੇ ਮੰਡੀ ਦੇ ਸਾਰੇ ਗੇਟ ਬੰਦ ਕਰਕੇ ਬੰਦ ਦਾ ਸਮਰਥਨ ਕੀਤਾ।
ਜਲੰਧਰ ਦੇ ਪੀਏਪੀ ਚੌਕ ਵਿਖੇ ਸਵੇਰੇ ਦੱਸ ਵਜੇ ਹੀ ਕਿਸਾਨ ਵੱਡੀ ਗਿਣਤੀ ਵਿੱਚ ਪਹੁੰਚੇ ਅਤੇ ਰਾਸ਼ਟਰੀ ਰਾਜ ਮਾਰਗ ਉੱਪਰ ਦਰੀਆਂ ਵਿਛਾ ਇਸ ਮਾਰਗ ਨੂੰ ਰੋਕ ਦਿੱਤਾ।
ਭਾਰਤ ਬੰਦ ਦੇ ਮੱਦੇਨਜ਼ਰ ਲੁਧਿਆਣਾ ਦਾ ਚੌੜਾ ਬਾਜ਼ਾਰ ਮਾਰਕੀਟ ਪੂਰੀ ਤਰ੍ਹਾਂ ਬੰਦ ਰਿਹਾ। ਵਪਾਰੀਆਂ ਵੱਲੋਂ ਕਿਸਾਨਾਂ ਨੂੰ ਪੂਰਾ ਸਮਰਥਨ ਦਿੱਤਾ ਗਿਆ। ਇਸ ਤੋਂ ਇਲਾਵਾ ਭਾਜਪਾ ਦੇ ਮੁੱਖ ਦਫ਼ਤਰ ਦੇ ਬਾਹਰ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ। ਜ਼ਿਲ੍ਹੇ ਵਿੱਚ ਭਾਰਤ ਬੰਦ ਨੂੰ ਲੈ ਕੇ 1500 ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ।
ਬਰਨਾਲਾ ਦੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ। ਕਿਸਾਨ ਜਥੇਬੰਦੀਆਂ ਨੂੰ ਵਪਾਰੀ ਵਰਗ ਸਮੇਤ ਹਰ ਵਰਗ ਵੱਲੋਂ ਸਹਿਯੋਗ ਦਿੱਤਾ ਗਿਆ। ਬਰਨਾਲਾ ਦੇ ਵਕੀਲਾਂ ਨੇ ਹੜਤਾਲ ਕਰ ਕੇ ਭਾਰਤ ਬੰਦ ਲਈ ਕਿਸਾਨਾਂ ਨੂੰ ਸਮਰਥਨ ਦਿੱਤਾ।