ਚੰਡੀਗੜ੍ਹ: ਇੰਟਰਸਿਟੀ ਚੰਡੀਗੜ੍ਹ ਵਿਖੇ ਅੱਜ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੈੱਸ ਕਾਨਫਰੰਸ ਕੀਤੀ। ਇਸ ਮੌਕੇ ਬਲਬੀਰ ਸਿੰਘ ਸਿੱਧੂ ਨੇ ਸੂਬਾ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਪਿਛਲਾ ਵਰ੍ਹਾ ਪੂਰੀ ਦੁਨੀਆ ਲਈ ਬਹੁਤ ਜੋਖਿਮ ਭਰਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਾਸੀਆਂ ਨੂੰ ਇਸ ਕੋਵਿਡ-19 ਮਹਾਂਮਾਰੀ ਤੋਂ ਬਚਾਉਣ ਲਈ ਸਿਹਤ ਵਿਭਾਗ ਸਭ ਤੋਂ ਮੋਹਰੇ ਹੋ ਕੇ ਕੰਮ ਕਰ ਰਿਹਾ ਹੈ।
ਪੰਜਾਬ ਵਿੱਚ ਦਿੱਲੀ ਦੇ ਮੁਕਾਬਲੇ ਹਲਾਤ ਬਿਹਤਰ
ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਹੁਣ ਤੱਕ ਸਿਹਤ ਵਿਭਾਗ ਨੇ 39 ਲੱਖ 37 ਹਜ਼ਾਰ 741 ਲੋਕਾਂ ਦੇ ਨਮੂਨੇ ਲਏ ਹਨ ਜਿਸ ਵਿੱਚ 1 ਲੱਖ 67 ਹਜ਼ਾਰ 12 ਲੋਕ ਕੋਵਿਡ ਪੌਜ਼ੀਟਿਵ ਪਾਏ ਗਏ ਹਨ। ਇਨ੍ਹਾਂ ਵਿੱਚੋਂ 1 ਲੱਖ 58 ਹਜ਼ਾਰ 219 ਮਰੀਜ਼ ਸਿਹਤਯਾਬ ਹੋ ਗਏ ਹਨ। ਬਾਕੀ ਸੂਬਿਆਂ ਦੇ ਮੁਕਾਬਲੇ ਪੰਜਾਬ ਦਾ ਰਿਕਵਰੀ ਰੇਟ ਸਭ ਤੋਂ ਬਿਹਤਰ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਮਿਤੀ ਵਿੱਚ ਐਕਟਿਵ ਕੋਵਿਡ ਮਰੀਜ਼ਾਂ ਦੀ ਗਿਣਤੀ 3429 ਹੈ ਅਤੇ ਮੌਤਾਂ ਦੀ ਗਿਣਤੀ 5364 ਹੈ। ਦਿੱਲੀ ਦੇ ਮੁਕਾਬਲੇ ਪੰਜਾਬ ਦੇ ਹਾਲਤ ਬਿਹਤਰ ਹਨ।