ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਨੇ ਭਾਰਤ ਸਰਕਾਰ ਨੂੰ ਆਖਿਆ ਕਿ ਉਹ ਕੋਈ ਵੀ ਲਾਪਰਵਾਹੀ ਵਾਲਾ ਜਾਂ ਦਮਨਕਾਰੀ ਕਦਮ ਨਾ ਚੁੱਕੇ ਜਿਸ ਨਾਲ ਕਿਸਾਨਾਂ ਦੇ ਮਨਾਂ ਵਿੱਚ ਭਾਵੁਕ ਸੱਟਾਂ ਡੂੰਘੀਆਂ ਹੋਣ ਅਤੇ ਦੇਸ਼ ਦੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਕਮਜ਼ੋਰ ਹੋਵੇ।
ਕਾਂਗਰਸ ਦੀਆਂ ਪਾੜੋ ਤੇ ਰਾਜ ਕਰੋ ਵਾਲੀਆਂ ਬਜ਼ਰ ਗਲੀਆਂ ਨਾ ਦੁਹਰਾਓ। ਅਜਿਹਾ ਕੁੱਝ ਨਾ ਕਰੋ ਜਿਸ ਨਾਲ ਕੌਮੀ ਏਕਤਾ ਕਮਜ਼ੋਰ ਹੋਵੇ ਅਤੇ ਸ਼ਾਂਤੀ ਤੇ ਫ਼ਿਰਕੂ ਸਦਭਾਵਨਾ ਭੰਗ ਹੋਵੇ ਜੋ ਕਿ ਪੰਜਾਬੀਆਂ ਖ਼ਾਸ ਤੌਰ 'ਤੇ ਅਕਾਲੀ ਦਲ ਨੇ ਵੱਡੀਆਂ ਕੁਰਬਾਨੀਆਂ ਦੇ ਕੇ ਹਾਸਲ ਕੀਤੀ। ਇਹ ਗੱਲ ਪਾਰਟੀ ਦੀ ਕੋਰ ਕਮੇਟੀ ਦੀ ਇਥੇ ਹੋਈ ਮੀਟਿੰਗ ਵਿਚ ਕਹੀ ਗਈ। ਮੀਟਿੰਗ ਦੀ ਪ੍ਰਧਾਨਗੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੀਤੀ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਪੰਜਾਬ ਵਿੱਚ ਅਤੇ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਹਰ ਕੀਮਤ 'ਤੇ ਸ਼ਾਂਤੀ ਤੇ ਫਿਰਕੂ ਸਦਭਾਵਨਾ ਦੀ ਰਾਖੀ ਕਰੇਗਾ ਅਤੇ ਇਹਨਾਂ ਸਿਧਾਂਤਾਂ ਦੇ ਖਿਲਾਫ਼ ਹਰ ਸਾਜ਼ਿਸ਼ ਨੁੰ ਮਾਤ ਪਾਵੇਗਾ।
ਸਰਕਾਰ ਨੂੰ ਦੇਸ਼ ਦੇ ਅੰਨਦਾਤਾ ਦੇ ਖਿਲਾਫ਼ ਅੜੀਅਲ ਸਟੈਂਡ ਨਾ ਲੈਣ ਲਈ ਆਖਦਿਆਂ ਅਕਾਲੀ ਦਲ ਦੇ ਮਤੇ ਵਿੱਚ ਕਿਹਾ ਗਿਆ ਕਿ ਜੇਕਰ ਸਰਕਾਰ ਪੁਰਾਣੇ ਐਕਟਾਂ ਦੀ ਹਰ ਧਾਰਾ ਬਦਲਣ ਲਈ ਤਿਆਰ ਹੈ ਤਾਂ ਫਿਰ ਉਹ ਇਨ੍ਹਾਂ ਸਾਰਿਆਂ ਨੂੰ ਖਾਰਜ ਕਰਨ ਵਾਸਤੇ ਤਿਆਰ ਕਿਉਂ ਨਹੀਂ ਹੈ ਜਦੋਂ ਕਿ ਤੁਸੀਂ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨਣ ਲਈ ਤਿਆਰ ਹੋ ਤਾਂ ਫਿਰ ਸਾਰੀਆਂ ਮੰਗਾਂ ਨਵੇਂ ਐਕਟ ਵਿਚ ਸ਼ਾਮਲ ਕਰ ਕੇ ਇਹ ਬਹਿਸ ਹਮੇਸ਼ਾ ਲਈ ਖਤਮ ਕਿਉਂ ਨਹੀਂ ਕਰਦੇ ?
ਮਤੇ ਵਿਚ ਹਿੰਦੂਆਂ ਅਤੇ ਸਿੱਖਾਂ ਅਤੇ ਕਿਸਾਨਾਂ ਤੇ ਵਪਾਰੀਆਂ ਵਿਚਾਲੇ ਵੰਡ ਪਾਉਣ ਲਈ ਡੂੰਘੀ ਸਾਜ਼ਿਸ਼ ਰਚੇ ਜਾਣ 'ਤੇ ਚਿੰਤਾ ਪ੍ਰਗਟ ਕਰਦਿਆਂ ਇਸਦੀ ਨਿਖੇਧੀ ਕੀਤੀ ਗਈ। ਇਹ ਇੱਕ ਦੇਸ਼ ਵਿਰੋਧੀ ਸਾਜ਼ਿਸ਼ ਹੈ ਅਤੇ ਅਕਾਲੀ ਦਲ ਆਪਣੇ ਸਾਰੇ ਸਰੋਤ ਲਗਾ ਕੇ ਇਸਦੇ ਖਿਲਾਫ਼ ਲੜਾਈ ਲੜੇਗਾ।
ਕੋਰ ਕਮੇਟੀ ਨੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਭਾਰਤ ਸਰਕਾਰ ਨਾਲ ਗੁਪਤ ਸਾਂਝ ਤਹਿਤ ਕਿਸਾਨ ਅੰਦੋਲਨ ਨੁੰ ਕਮਜ਼ੋਰ ਕਰਨ ਦੀ ਸਾਜ਼ਿਸ਼ ਰਚਦਿਆਂ ਧਰੋਹ ਕਮਾਉਣ ਵਾਲੀ ਭੂਮਿਕਾ ਦੀ ਵੀ ਨਿਖੇਧੀ ਕੀਤੀ। ਕਮੇਟੀ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਖੇਤੀਬਾੜੀ ਪ੍ਰਧਾਨ ਸੂਬੇ ਦੇ ਮੁੱਖ ਮੰਤਰੀ ਕੋਲ ਕੇਂਦਰ ਨੁੰ ਸਲਾਹ ਦੇਣ ਵਾਸਤੇ ਕੋਈ ਸ਼ਬਦ ਨਹੀਂ ਹੈ ਅਤੇ ਉਹ ਕਿਸਾਨਾਂ ਨੂੰ ਜ਼ਿੰਮੇਵਾਰੀ ਨਾਲ ਪੇਸ਼ ਆਉਣ ਦੀਆਂ ਨਸੀਹਤਾਂ ਦੇ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਨੇ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਪਾਰਟੀ ਵਰਕਰਾਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਹਦਾਇਤ ਕੀਤੀ ਕਿ ਉਹ ਅੰਦੋਲਨ ਦੀ ਸਫ਼ਲਤਾ ਲਈ ਯਤਨ ਹੋਰ ਤੇਜ਼ ਕਰ ਦੇਣ।