ਚੰਡੀਗੜ੍ਹ:ਪੰਜਾਬ ਸਰਕਾਰ ਵੱਲੋਂ ਪਹਿਲਾਂ ਜਿੱਥੇ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਇਆ ਗਿਆ ਹੈ ਉਥੇ ਹੀ ਹੁਣ ਬਟਾਲਾ ਨੂੰ ਵੀ ਜ਼ਿਲ੍ਹਾ ਬਣਾਉਣ ਦੀ ਮੰਗ ਤੇਜ ਹੋ ਰਹੀ ਹੈ। ਜਿਥੇ ਪਹਿਲਾਂ ਸਥਾਨਕ ਲੋਕ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਕਰ ਰਹੇ ਸਨ ਉਥੇ ਹੀ ਹੁਣ ਮੰਤਰੀਆਂ ਵੱਲੋਂ ਵੀ ਸਰਕਾਰ ਨੂੰ ਇਸ ਸਬੰਧੀ ਪੱਤਰ ਲਿਖਿਆ ਗਿਆ ਹੈ।
ਇਹ ਵੀ ਪੜੋ: ਮਲੂਕਾ ਦੇ ਬੇਟੇ ਨੂੰ ਜਨਰਲ ਸਕੱਤਰ ਥਾਪਿਆ, ਹੁਣ ਖੁਦ ਲੜਨਗੇ ਚੋਣ
ਬਟਾਲਾ ਬਣਾਇਆ ਜਾਵੇ ਜ਼ਿਲ੍ਹਾ
ਪੰਜਾਬ ਦੇ ਦੋ ਸੀਨੀਅਰ ਮੰਤਰੀਆਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਇਤਿਹਾਸਕ ਤੇ ਵਿਰਾਸਤੀ ਸ਼ਹਿਰ ਬਟਾਲਾ ਨੂੰ ਸੂਬੇ ਦਾ ਚੌਵੀਵਾਂ ਜ਼ਿਲ੍ਹਾ ਬਣਾਇਆ ਜਾ ਸਕੇ ਤਾਂ ਕਿ ਇਸ ਅਹਿਮ ਸ਼ਹਿਰ ਦਾ ਢੁਕਵਾਂ ਵਿਕਾਸ ਹੋ ਸਕੇ। ਇਸ ਦੇ ਨਾਲ ਹੀ ਮੰਤਰੀਆਂ ਨੇ ਇਸ ਸਬੰਧੀ ਵਿਚਾਰ ਕਰਨ ਲਈ ਜਲਦ ਹੀ ਮੁਲਾਕਾਤ ਦਾ ਸਮਾਂ ਵੀ ਮੰਗਿਆ ਹੈ। ਦੋਹਾਂ ਕੈਬਨਿਟ ਮੰਤਰੀਆਂ ਨੇ ਇਹ ਵੀ ਮੰਗ ਕੀਤੀ ਕਿ ਇਸ ਦੇ ਨਾਲ ਹੀ ਇਤਿਹਾਸਕ ਕਸਬਿਆਂ ਫਤਹਿਗੜ੍ਹ ਚੂੜੀਆਂ ਅਤੇ ਸ੍ਰੀ ਹਰਗੋਬਿੰਦਪੁਰ ਜਾਂ ਘੁਮਾਣ ਨੂੰ ਇਸ ਨਵੇਂ ਜ਼ਿਲ੍ਹੇ ਦੀਆਂ ਨਵੀਆਂ ਸਬ-ਡਿਵੀਜਨਾਂ ਬਣਾਈਆਂ ਜਾਣ।
ਬਟਾਲਾ ਨੂੰ ਜ਼ਿਲ੍ਹਾ ਬਣਾਉਣ ਲਈ ਮੰਤਰੀਆਂ ਨੇ ਕੈਪਟਨ ਨੂੰ ਲਿਖਿਆ ਪੱਤਰ ਇਤਿਹਾਸਕ ਤੇ ਵਿਰਾਸਤੀ ਸ਼ਹਿਰ ਦਾ ਦਿੱਤਾ ਹਵਾਲਾ
ਮੁੱਖ ਮੰਤਰੀ ਨੂੰ ਇਸ ਸਬੰਧ ਵਿਚ ਲਿਖੇ ਇੱਕ ਪੱਤਰ ਵਿਚ ਦੋਹਾਂ ਮੰਤਰੀਆਂ ਨੇ ਕਿਹਾ ਹੈ ਕਿ ਬਟਾਲਾ ਪੰਜਾਬ ਦਾ ਉਹ ਅਹਿਮ ਸ਼ਹਿਰ ਹੈ ਜਿਸ ਨਾਲ ਸਾਡੀ ਅਮੀਰ ਇਤਿਹਾਸਕ, ਧਾਰਮਿਕ, ਸਮਾਜਿਕ ਅਤੇ ਸਾਹਿਤਕ ਵਿਰਾਸਤ ਜੁੜੀ ਹੋਈ ਹੈ। ਉਨਾਂ ਕਿਹਾ ਕਿ ਬਠਿੰਡਾ ਤੋਂ ਬਾਅਦ ਬਟਾਲਾ ਪੰਜਾਬ ਦਾ ਸਭ ਤੋਂ ਪੁਰਾਣਾ ਸ਼ਹਿਰ ਹੈ ਜਿਸ ਦੀ ਨੀਂਹ 1465 ਵਿਚ ਰੱਖੀ ਗਈ ਸੀ। ਆਬਾਦੀ ਪੱਖੋਂ ਵੀ ਇਹ ਪੰਜਾਬ ਦਾ ਅੱਠਵਾਂ ਸਭ ਤੋਂ ਵੱਡਾ ਸ਼ਹਿਰ ਹੈ ਜਿੱਥੇ ਪਿਛਲੇ ਸਾਲ ਨਗਰ ਨਿਗਮ ਵੀ ਬਣਾਈ ਗਈ ਹੈ।
ਬਟਾਲਾ ਸ਼ਹਿਰ ਦੇ ਇਤਿਹਾਸਕ ਵਿਰਸੇ ਬਾਰੇ ਉਹਨਾਂ ਕਿਹਾ, ‘‘ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਇਸੇ ਸ਼ਹਿਰ ਵਿਚ ਮਾਤਾ ਸੁਲੱਖਣੀ ਜੀ ਨਾਲ 8 ਜੁਲਾਈ 1487 ਵਿਚ ਹੋਇਆ ਸੀ।ਉਹਨਾਂ ਦੀ ਯਾਦ ਵਿਚ ਇਥੇ ਗੁਰਦੁਆਰਾ ਡੇਰਾ ਸਾਹਿਬ ਅਤੇ ਗੁਰਦੁਆਰਾ ਕੰਧ ਸਾਹਿਬ ਸੁਸ਼ੋਭਤ ਹਨ। ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਆਪਣੇ ਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਵਿਆਹੁਣ ਵੀ ਬਟਾਲਾ ਹੀ ਆਏ ਸਨ ਅਤੇ ਉਹਨਾਂ ਦੀ ਯਾਦ ਵਿਚ ਸ਼ਹਿਰ ਦੇ ਵਿਚਕਾਰ ਗੁਰਦੁਆਰਾ ਸਤਿ ਕਰਤਾਰੀਆ ਸੁਸ਼ੋਭਤ ਹੈ।’’
ਇਹ ਵੀ ਪੜੋ: ਭਾਰਤ ਬੰਦ ਨੂੰ ਲੈਕੇ ਗੁਰਨਾਮ ਸਿੰਘ ਚੜੂਨੀ ਦਾ ਵੱਡਾ ਬਿਆਨ
ਕੈਬਨਿਟ ਮੰਤਰੀਆਂ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਲਾਹੌਰ ਅਤੇ ਅੰਮ੍ਰਿਤਸਰ ਤੋਂ ਬਾਅਦ ਬਟਾਲਾ ਸਿੱਖ ਰਾਜ ਦਾ ਇੱਕ ਅਹਿਮ ਸ਼ਹਿਰ ਸੀ। ਇਸ ਰਾਜ ਵੇਲੇ ਦੀਆਂ ਵਿਰਾਸਤੀ ਇਮਾਰਤਾਂ ਅੱਜ ਵੀ ਮੌਜੂਦ ਹਨ ਜਿਨਾਂ ਵਿਚੋਂ ਮਹਾਰਾਜਾ ਸ਼ੇਰ ਸਿੰਘ ਦਾ ਮਹੱਲ ਅਤੇ ਜਲ ਮਹੱਲ (ਬਾਰਾਂਦਰੀ) ਵਿਸ਼ੇਸ਼ ਹਨ।
ਉਨਾਂ ਕਿਹਾ ਕਿ ਇਤਿਹਾਸਕ ਕਾਲੀ ਦਵਾਰਾ ਮੰਦਰ ਅਤੇ ਸਤੀ ਲਕਸ਼ਮੀ ਦੇਵੀ ਸਮਾਧ ਤੋਂ ਬਿਨਾਂ ਇਸ ਸ਼ਹਿਰ ਦੇ ਨਜ਼ਦੀਕ ਹੀ ਅੱਚਲ ਸਾਹਿਬ ਦਾ ਉਹ ਇਤਿਹਾਸਕ ਅਸਥਾਨ ਹੈ ਜਿੱਥੇ ਭਗਵਾਨ ਸ਼ਿਵ ਜੀ ਦੇ ਪੁੱਤਰ ਦੇਵਤਾ ਕਾਰਤਿਕ ਦੀ ਯਾਦ ਵਿਚ ਅਚਲੇਸ਼ਵਰ ਧਾਮ ਸੁਸ਼ੋਭਤ ਹੈ। ਅੱਚਲ ਸਾਹਿਬ ਜੀ ਦੇ ਅਸਥਾਨ ਉੱਤੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨਾਲ ਗੋਸ਼ਟ ਕੀਤੀ ਸੀ।
ਕੈਬਨਿਟ ਮੰਤਰੀਆਂ ਨੇ ਕਿਹਾ, ‘‘ਸਭਿਆਚਾਰਕ ਅਤੇ ਸਾਹਿਤਕ ਪੱਖ ਤੋਂ ਵੇਖਿਆ ਜਾਵੇ ਤਾਂ ਦੁਨੀਆਂ ਭਰ ਵਿਚ ਵਸਦਾ ਕੋਈ ਪੰਜਾਬੀ ਅਜਿਹਾ ਨਹੀਂ ਹੋਣਾ ਜਿਸ ਨੇ ਮਹਾਨ ਪੰਜਾਬੀ ਕਵੀ ਸ਼ਿਵ ਕੁਮਾਰ ਬਟਾਲਵੀ ਦਾ ਨਾਂ ਨਾ ਸੁਣਿਆ ਹੋਵੇ। ਦੁਨੀਆਂ ਭਰ ਵਿਚ ਬਟਾਲੇ ਦਾ ਨਾਂ ਮਸ਼ਹੂਰ ਕਰਨ ਵਾਲੇ ਅਤੇ ਜੋਬਨ ਰੁੱਤੇ ਤੁਰ ਜਾਣ ਵਾਲੇ ਇਸ ਕਵੀ ਨੂੰ ਸਾਹਿਤਕ ਖੇਤਰ ਵਿਚ ਬਿਰਹਾ ਦੇ ਕਵੀ ਅਤੇ ਪੰਜਾਬੀ ਦੇ ਕੀਟਸ ਵਜੋਂ ਜਾਣਿਆ ਜਾਂਦਾ ਹੈ।’’