ਚੰਡੀਗੜ੍ਹ: ਨਵਜੋਤ ਸਿੱਧੂ ਦੇ ਦੋ ਸਹਿਯੋਗੀਆਂ ਵਲੋਂ ਦੇਸ਼ ਵਿਰੋਧੀ ਅਤੇ ਪਾਕਿਸਤਾਨ ਪੱਖੀ ਟਿੱਪਣੀਆਂ ਦਾ ਸਖਤ ਨੋਟਿਸ ਲੈਂਦਿਆਂ, ਪੰਜਾਬ ਕਾਂਗਰਸ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਇੱਕ ਸਮੂਹ ਵਲੋਂ ਮਾਲਵਿੰਦਰ ਮਾਲੀ ਅਤੇ ਪਿਆਰੇ ਲਾਲ ਗਰਗ ਵਿਰੁੱਧ ਕਾਨੂੰਨ ਮੁਤਾਬਿਕ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਕੈਬਨਿਟ ਮੰਤਰੀਆਂ ਬ੍ਰਹਮ ਮਹਿੰਦਰਾ, ਵਿਜੇ ਇੰਦਰ ਸਿੰਗਲਾ, ਭਾਰਤ ਭੂਸ਼ਣ ਆਸ਼ੂ, ਬਲਬੀਰ ਸਿੰਘ ਸਿੱਧੂ ਅਤੇ ਸਾਧੂ ਸਿੰਘ ਧਰਮਸੋਤ ਤੋਂ ਇਲਾਵਾ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਇਨਾਂ ਦੋਵਾਂ ਨਵ-ਨਿਯੁਕਤ ਸਲਾਹਕਾਰਾਂ ਦੇ ਬਿਆਨ ਸਪੱਸ਼ਟ ਤੌਰ ‘ਤੇ ਭਾਰਤ ਦੇ ਹਿੱਤਾਂ ਦੇ ਵਿਰੁੱਧ ਅਤੇ ਰਾਸ਼ਟਰੀ ਸੁਰੱਖਿਆ ਲਈ ਖਤਰਨਾਕ ਹਨ।
ਮਾਲੀ ਅਤੇ ਗਰਗ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਤੋਂ ਇਲਾਵਾ ਉਨਾਂ ਨੇ ਕਾਂਗਰਸ ਪਾਰਟੀ ਦੀ ਹਾਈਕਮਾਨ ਨੂੰ ਅਪੀਲ ਕੀਤੀ ਕਿ ਪਾਰਟੀ ਅਤੇ ਦੇਸ਼ ਦੇ ਹਿੱਤ ਲਈ ਸਿੱਧੂ ਨੂੰ ਤੁਰੰਤ ਆਪਣੇ ਸਹਿਯੋਗੀਆਂ ‘ਤੇ ਲਗਾਮ ਲਗਾਉਣ ਦੇ ਨਿਰਦੇਸ਼ ਦਿੱਤੇ ਜਾਣ।
ਮੰਤਰੀਆਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਕਾਂਗਰਸ ਨੇ ਦੇਸ਼ ਦੀ ਸੁਰੱਖਿਆ ਅਤੇ ਸ਼ਾਂਤੀ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਹਨ, ਜਿਵੇਂ ਸਰਹੱਦਾਂ ’ਤੇ ਸਾਡੇ ਫੌਜੀ ਦੇਸ਼ ਲਈ ਕਰਦੇ ਹਨ। ਕਿਸੇ ਨੂੰ ਵੀ ਇਨਾਂ ਕੁਰਬਾਨੀਆਂ ਨੂੰ ਦਾਅ ’ਤੇ ਲਾਉਣ ਅਤੇ ਸਾਡੇ ਦੇਸ਼ ਅਤੇ ਇਸ ਦੇ ਲੋਕਾਂ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਅਤੇ ਨਾ ਹੀ ਅਜਿਹਾ ਕਰਨ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬਿਆਨ ਖਾਸ ਤੌਰ ’ਤੇ ਸਰਹੱਦੀ ਸੂਬੇ ਪੰਜਾਬ ਲਈ ਗੰਭੀਰ ਸਾਬਤ ਹੋ ਸਕਦੇ ਹਨ।
ਇਸ ਦੇ ਨਾਲ ਹੀ ਨੇੜਲੇ ਸਹਿਯੋਗੀਆਂ ਵਲੋਂ ਅਜਿਹੇ ਦੇਸ਼ ਵਿਰੋਧੀ ਅਤੇ ਪਾਕਿ ਪੱਖੀ ਬਿਆਨਾਂ 'ਤੇ ਸਿੱਧੂ ਵੱਲੋਂ ਕੋਈ ਕਾਰਵਾਈ ਕਰਨ ’ਚ ਅਸਫਲ ਰਹਿਣ ਕਾਰਨ ਸਿੱਧੂ ’ਤੇ ਸਵਾਲ ਚੁੱਕਦਿਆਂ ਇਨਾਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਹਾਲਾਂਕਿ ਇਸ ਖ਼ਿਲਾਫ਼ ਪਾਰਟੀ ਪੱਧਰ ’ਤੇ ਵੀ ਆਵਾਜ਼ ਉੱਠੀ ਹੈ, ਪਰ ਇਸ ਮਾਮਲੇ ’ਤੇ ਸਿੱਧੂ ਦੀ ਚੁੱਪ ਨੇ ਵਿਰੋਧੀ ਪਾਰਟੀਆਂ ਨੂੰ ਬੋਲਣ ਦਾ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਪਹਿਲਾਂ ਹੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਸੈਨਾ ਮੁਖੀ ਨਾਲ ਨੇੜਤਾ ਨੂੰ ਉਛਾਲਣ ਲਈ ਕਾਹਲੇ ਸਨ। ਉਨਾਂ ਚਿਤਾਵਨੀ ਦਿੱਤੀ ਕਿ ਇਹ ਘਟਨਾਕ੍ਰਮ ਕਾਂਗਰਸ ਪਾਰਟੀ ਨੂੰ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਤੇ ਨੁਕਸਾਨ ਪਹੁੰਚਾ ਸਕਦਾ ਹੈ ।