ਚੰਡੀਗੜ੍ਹ:ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੇ ਪੁਲਿਸ ਫੋਰਸ ਨੂੰ ਸੂਬਾ ਭਰ ਵਿਚ ਪੁਲਿਸ ਦੇ ਕੰਮਕਾਜ ਵਿਚ ਹੋਰ ਵਧੇਰੇ ਕੁਸ਼ਲਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਆਖਿਆ ਹੈ ਤਾਂ ਕਿ ਅਮਨ-ਕਾਨੂੰਨ ਦੀ ਵਿਵਸਥਾ ਵਿੱਚ ਆਮ ਲੋਕਾਂ ਦਾ ਭਰੋਸਾ ਪੈਦਾ ਕੀਤਾ ਜਾ ਸਕੇ।
ਸੂਬੇ ਨੂੰ ਦਰਪੇਸ਼ ਚੁਣੌਤੀਆਂ ਦਾ ਜ਼ਿਕਰ ਕਰਦੇ ਹੋਏ ਚੰਨੀ ਨੇ ਹੇਠਲੇ ਪੱਧਰ ਤੋਂ ਲੈ ਕੇ ਸਿਖਰਲੇ ਅਫਸਰਾਂ ਤੱਕ ਸਮੁੱਚੀ ਪੁਲਿਸ ਫੋਰਸ ਨੂੰ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ, ਨਸ਼ੇ ਦੀ ਸਪਲਾਈ ਲਾਈਨ ਤੋੜਨ, ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਖਤਮ ਕਰਨ ਅਤੇ ਰੇਤ ਮਾਫੀਏ ਨਾਲ ਕਰੜੇ ਹੱਥੀਂ ਨਿਪਟਣ ਲਈ ਇਕਜੁਟਤਾ ਨਾਲ ਕੰਮ ਕਰਨ ਲਈ ਕਿਹਾ। ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਦੀ ਅਲਾਮਤ ਦਾ ਸ਼ਿਕਾਰ ਬਣਾਉਣ ਵਾਲੇ ਨਸ਼ਾ ਤਸਕਰਾਂ ਦੀ ਸ਼ਨਾਖ਼ਤ ਕਰਨ ਲਈ ਪੁਲਿਸ ਨੂੰ ਢੁਕਵੀਂ ਪ੍ਰਣਾਲੀ ਵਿਕਸਤ ਕਰਨੀ ਚਾਹੀਦੀ ਹੈ।
ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਨਾਲ ਪਲੇਠੀ ਮੀਟਿੰਗ ਕਰਦਿਆਂ ਚੰਨੀ ਨੇ ਅਫਸਰਾਂ ਨੂੰ ਆਪਣੀ ਡਿਊਟੀ ਸਮਰਪਿਤ ਭਾਵਨਾ, ਇਮਾਨਦਾਰੀ ਅਤੇ ਪੇਸ਼ੇਵਾਰ ਵਚਨਬੱਧਤਾ ਨਾਲ ਨਿਭਾਉਣ ਲਈ ਆਖਿਆ ਤਾਂ ਕਿ ਲੋਕਾਂ ਨੂੰ ਫਰਕ ਮਹਿਸੂਸ ਹੋਵੇ ਅਤੇ ਇਸ ਸਬੰਧ ਵਿਚ ਹੇਠਲੇ ਪੱਧਰ ਤੱਕ ਸੁਨੇਹਾ ਜਾਣਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਅਫਸਰਾਂ ਦੀਆਂ ਨਵੀਂਆ ਤਇਨਾਤੀਆਂ ਪੂਰੀ ਤਰ੍ਹਾਂ ਨਾਲ ਯੋਗਤਾ ਅਤੇ ਟਰੈਕ ਰਿਕਾਰਡ ਦੇ ਅਧਾਰ ‘ਤੇ ਕੀਤੀਆਂ ਗਈਆਂ ਹਨ ਜਿਸ ਕਰਕੇ ਉਨ੍ਹਾਂ ਨੂੰ ਆਪਣੀ ਡਿਊਟੀ ਪੂਰੀ ਸੁਹਿਰਦਤਾ ਅਤੇ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਹੈ ਅਤੇ ਬਿਨਾਂ ਭੇਦ-ਭਾਵ ਦੇ ਸੇਵਾਵਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਆਮ ਲੋਕਾਂ ਦਾ ਭਰੋਸਾ ਪੁਲਿਸ ਪ੍ਰਤੀ ਵਧ ਸਕੇ। ਇਸ ਦੇ ਨਾਲ ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਵੀ ਵਿਆਕਤੀ ਨੂੰ ਨਜਾਇਜ਼ ਹਿਰਾਸਤ ਵਿਚ ਨਾ ਰੱਖਿਆ ਜਾਵੇ ਅਤੇ ਕਿਸੇ ਨੂੰ ਵੀ ਝੂਠੇ ਕੇਸਾਂ ਵਿਚ ਨਾ ਉਲਝਾ ਕੇ ਪ੍ਰੇਸ਼ਾਨ ਕੀਤਾ ਜਾਵੇ।
ਮੁੱਖ ਮੰਤਰੀ ਨੇ ਦਿਵਾਲੀ ਦੇ ਤਿਉਹਾਰ ਦੇ ਮੌਕੇ ਦੁਕਾਨਦਾਰਾਂ ਅਤੇ ਰੇਹੀੜੀਆਂ/ਫੜੀਆਂ ਲਾ ਕੇ ਸਮਾਨ ਵੇਚਣ ਵਾਲਿਆਂ ਨੂੰ ਲਾਇਸੰਸ ਦੇ ਨਾਮ ‘ਤੇ ਪੈਸੇ ਮੰਗ ਕੇ ਪੁਲਿਸ ਵੱਲੋਂ ਬੇਲੋੜਾ ਤੰਗ ਨਾ ਕੀਤਾ ਜਾਵੇ। ਨ੍ਹਾਂ ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਡੀ.ਐਸ.ਪੀ ਅਤੇ ਐਸ.ਐਚ.ਓ ਨੂੰ ਵਿਸਥਾਰਤ ਹਦਾਇਤਾਂ ਜਾਰੀ ਕਰਨ ਲਈ ਵੀ ਕਿਹਾ ਤਾਂ ਜੋ ਇੰਨਾਂ ਲੋਕਾਂ ਨੂੰ ਦਿਵਾਲੀ ਦੇ ਤਿਉਹਾਰ ਮੌਕੇ ਸਮਾਨ ਅਤੇ ਪਟਾਕੇ ਵੇਚਣ ਵਿਚ ਕੋਈ ਦਿੱਕਤ ਨਾ ਆਵੇ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਦੜ੍ਹਾ-ਸੱਟਾ ਲਾਉਣ ਵਾਲੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਬਿਨਾਂ ਕਿਸੇ ਢਿੱਲ ਦੇ ਪੂਰੀ ਸਖਤੀ ਵਰਤਦਿਆਂ ਮਿਸਾਲੀ ਕਾਰਵਾਈ ਕੀਤੀ ਜਾਵੇ। ਤਿਉਹਾਰਾਂ ਦੇ ਸੀਜ਼ਨ ਦੌਰਾਨ ਰਾਤ ਸਮੇਂ ਹੁੰਦੇ ਹਾਦਸੇ ਰੋਕਣ ਲਈ ਮੁੱਖ ਮੰਤਰੀ ਨੇ ਕਿਹਾ ਕਿ ਪੈਟਰੌਲਿੰਗ ਵਧਾਈ ਜਾਵੇ ਖਾਸ ਕਰਕੇ ਰਾਤ ਸਮੇਂ ਖਾਸ ਨਿਗਰਾਨੀ ਰੱਖੀ ਜਾਵੇ।
ਚੰਨੀ ਨੇ ਕਿਹਾ ਕਿ ਉਨ੍ਹਾਂ ਨੂੰ ਪੁਲਿਸ ਵੱਲੋਂ ਵਾਹਨਾਂ ਦੇ ਕਾਗਜ਼ ਚੈੱਕ ਕਰਨ ਦੇ ਨਾਮ ‘ਤੇ ਪੁਲਿਸ ਵੱਲੋਂ ਲਈ ਜਾਂਦੀ ਰਿਸ਼ਵਤ ਅਤੇ ਲੁੱਟ-ਖਸੁੱਟ ਸਬੰਧੀ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ, ਜਿਸ ਨੂੰ ਠੱਲ੍ਹ ਪਾਉਣ ਲਈ ਟਰੈਫਿਕ ਪੁਲਿਸ ਚੈਕਿੰਗ ਅਤੇ ਪ੍ਰਬੰਧਨ ਵਿਚ ਕ੍ਰਾਂਤੀਕਾਰੀ ਸੁਧਾਰ ਹੋਂਦ ਵਿਚ ਲਿਆਂਦੇ ਜਾਣ।