ਚੰਡੀਗੜ੍ਹ: ‘ਕਾਮਯਾਬ ਕਿਸਾਨ, ਖੁਸ਼ਹਾਲ ਪੰਜਾਬ’ ਮਿਸ਼ਨ ਹੇਠ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੀ ਆਮਦਨ ਵਿੱਚ ਨਿਰੰਤਰ ਆਧਾਰ ’ਤੇ ਸੁਧਾਰ ਲਿਆਉਣ ਅਤੇ ਭਵਿੱਖ ਲਈ ਵਾਤਾਵਰਣ ਸੰਤੁਲਨ ਨੂੰ ਸਲਾਮਤ ਰੱਖਣ ਦੀ ਲੋੜ ਉਤੇ ਜੋਰ ਦਿੱਤਾ ਹੈ, ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਤਿੰਨ ਸਾਲਾਂ ਲਈ 3780 ਕਰੋੜ ਦੀ ਲਾਗਤ ਨਾਲ ‘ਕਾਮਯਾਬ ਕਿਸਾਨ, ਖੁਸ਼ਹਾਲ ਪੰਜਾਬ’ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ।
ਕਿਸਾਨਾਂ ਨੂੰ ਫਸਲੀ ਚੱਕਰ ਤੋਂ ਮੋੜਿਆ ਜਾ ਸਕੇ
ਖੇਤੀਬਾੜੀ, ਬਾਗਬਾਨੀ ਅਤੇ ਭੂਮੀ ਤੇ ਜਲ ਸੰਭਾਲ ਵਿਭਾਗਾਂ ਦੇ ਕੰਮਕਾਜ ਦਾ ਵਰਚੂਅਲ ਤੌਰ ਉਤੇ ਜਾਇਜਾ ਲੈਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਖੇਤੀਬਾੜੀ ਸੈਕਟਰ ਵਿੱਚ ਵੱਖ-ਵੱਖ ਸਰਕਾਰੀ ਸਕੀਮਾਂ ਨੂੰ ਜੋੜਨ ਦੀ ਮਹੱਤਤਾ ’ਤੇ ਜੋਰ ਦਿੱਤਾ ਤਾਂ ਕਿ ਕਿਸਾਨਾਂ ਨੂੰ ਪੂਰਾ ਫਾਇਦਾ ਮਿਲ ਸਕੇ। ਰਵਾਇਤੀ ਖੇਤੀ ਨਾਲ ਕਿਸਾਨਾਂ ਦੀ ਆਮਦਨ ਉਤੇ ਅਸਰ ਪੈਣ ’ਤੇ ਚਿੰਤਾ ਜਾਹਰ ਕਰਦੇ ਹੋਏ ਮੁੱਖ ਮੰਤਰੀ ਨੇ ਬਾਗਬਾਨੀ ਵਿਭਾਗ ਨੂੰ ਮੌਜੂਦਾ ਸਿਟਰਸ ਅਸਟੇਟਾਂ ਨੂੰ ਹੋਰ ਮਜ਼ਬੂਤ ਕਰਨ ਲਈ ਆਖਿਆ ਤਾਂ ਕਿ ਕਿਸਾਨਾਂ ਦੀ ਆਮਦਨ ਵਧਾਉਣ ਲਈ ਕਿਸਾਨਾਂ ਨੂੰ ਵੱਡੀ ਪੱਧਰ ’ਤੇ ਫਲਾਂ ਦਾ ਉਤਪਾਦਨ ਕਰਨ ਲਈ ਢੁਕਵੀਂ ਜਾਣਕਾਰੀ ਮੁਹੱਈਆ ਕਰਵਾਈ ਜਾ ਸਕੇ।
ਉਨ੍ਹਾਂ ਕਿਹਾ ਕਿ ਕਿਨੂੰ, ਅਮਰੂਦ, ਲੀਚੀ ਵਰਗੀਆਂ ਵੱਧ ਕੀਮਤ ਵਾਲੀਆਂ ਬਾਗਬਾਨੀ ਫਸਲਾਂ ਦੇ ਉਤਪਾਦਨ ਨਾਲ ਕਿਸਾਨਾਂ ਨੂੰ ਕਣਕ-ਝੋਨੇ ਦੇ ਫਸਲੀ ਚੱਕਰ ਵੱਲ ਮੋੜਿਆ ਜਾ ਸਕੇਗਾ। ਇਸੇ ਦੌਰਾਨ ਉਨ੍ਹਾਂ ਨੇ ਖੇਤੀਬਾੜੀ ਵਿਭਾਗ (Department of Agriculture) ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agricultural University) ਨੂੰ ਸਾਂਝੇ ਤੌਰ ਉਤੇ ਕਿਸਾਨਾਂ ਲਈ ਪਾਸਾਰ ਪ੍ਰੋਗਰਾਮਾਂ ਦੀ ਸ਼ੁਰੂਆਤ ਕਰਨ ਲਈ ਆਖਿਆ ਤਾਂ ਕਿ ਉਨ੍ਹਾਂ ਨੂੰ ਫਸਲੀ ਵਿਭਿੰਨਤਾ ਦੇ ਹਿੱਸੇ ਵਜੋਂ ਸਬਜੀਆਂ ਦੇ ਉਤਪਾਦਨ ਲਈ ਉਤਸ਼ਾਹਤ ਕੀਤਾ ਜਾ ਸਕੇ।
ਇਜ਼ਰਾਈਲ ਮਾਰਡ ਦਾ ਗਿਆਨ
ਮੁੱਖ ਮੰਤਰੀ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agricultural University) ਦੇ ਉਪ ਕੁਲਪਤੀ ਨੂੰ ਵਿਗਿਆਨੀਆਂ, ਮਾਹਿਰਾਂ ਤੋਂ ਇਲਾਵਾ ਅਗਾਂਹਵਧੂ ਕਿਸਾਨਾਂ ਦੇ ਵਫ਼ਦ ਨੂੰ ਖੇਤੀਬਾੜੀ ਵਿਕਾਸ ਅਤੇ ਜਲ ਪ੍ਰਬੰਧਨ ਦੇ ਮਾਡਲ ਦਾ ਅਧਿਐਨ ਕਰਨ ਲਈ ਇਜ਼ਰਾਈਲ ਭੇਜਣ ਦੇ ਆਦੇਸ਼ ਦਿੱਤੇ ਹਨ, ਕਿਉਂਕਿ ਉਥੋਂ ਦੀਆਂ ਜਲਵਾਯੂ ਪ੍ਰਸਥਿਤੀਆਂ ਵੀ ਪੰਜਾਬ ਵਰਗੀਆਂ ਹੀ ਹਨ।