ਚੰਡੀਗੜ੍ਹ: ਸ਼ਾਂਤਮਈ ਤਰੀਕੇ ਨਾਲ ਸੰਘਰਸ਼ੀਲ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਦਾ ਸਪੱਸ਼ਟ ਰੂਪ ਵਿੱਚ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਮਾਰਕ ਦੇ ਨਾਲ-ਨਾਲ ਸੂਬਾ ਸਰਕਾਰ ਵੱਲੋਂ ਹਾਲ ਹੀ ਵਿਚ ਲੋਕਾਂ ਨੂੰ ਸਮਰਪਿਤ ਕੀਤੀ ਜਲ੍ਹਿਆਂਵਾਲਾ ਬਾਗ ਸ਼ਤਾਬਦੀ ਯਾਦਗਾਰ ਨੂੰ ਸਾਡੇ ਆਗੂਆਂ ਨੂੰ ਇਹ ਯਾਦ ਦਿਵਾਉਣਾ ਚਾਹੀਦਾ ਹੈ ਕਿ ਸ਼ਾਂਤਮਈ ਰਹਿ ਕੇ ਜਮਹੂਰੀ ਢੰਗ ਨਾਲ ਰੋਸ ਪ੍ਰਗਟਾਉਣਾ ਭਾਰਤੀਆਂ ਦਾ ਅਨਿੱਖੜਵਾਂ ਅਧਿਕਾਰ ਹੈ ਜਿਸ ਨੂੰ ਕੁਚਲਿਆ ਨਹੀਂ ਜਾ ਸਕਦਾ ਕਿਉਂਕਿ ਅੰਗੇਰਜਾਂ ਨੇ ਵੀ ਜਲ੍ਹਿਆਂਵਾਲਾ ਬਾਗ ਦੀ ਘਟਨਾ ਤੋਂ ਸਬਕ ਸਿੱਖਿਆ ਸੀ
ਪ੍ਰਧਾਨ ਮੰਤਰੀ ਵੱਲੋਂ ਜਲ੍ਹਿਆਂਵਾਲਾ ਬਾਗ ਕੌਮੀ ਯਾਦਗਾਰ (ਸਮਾਰਕ) ਨੂੰ ਰਿਮੋਟ ਰਾਹੀਂ ਰਾਸ਼ਟਰ ਨੂੰ ਸਮਰਪਿਤ ਕਰਨ ਤੋਂ ਪਹਿਲਾਂ ਆਪਣੇ ਸੰਖੇਪ ਭਾਸ਼ਣ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਮਾਰਕ ਅਤੇ ਸੂਬਾ ਸਰਕਾਰ ਵੱਲੋਂ ਸਥਾਪਤ ਕੀਤੀ ਸ਼ਤਾਬਦੀ ਯਾਦਗਾਰ ਸਾਡੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੀ ਨਿਮਾਣੀ ਕੋਸ਼ਿਸ਼ ਹੈ ਤਾਂ ਕਿ ਇਤਿਹਾਸ ਹਮੇਸ਼ਾ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖੇ ਅਤੇ ਸਾਡੀਆਂ ਵਰਤਮਾਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਦੀ ਵਤਨਪ੍ਰਸਤੀ ਤੋਂ ਪ੍ਰੇਰਨਾ ਲੈ ਸਕਦੀਆਂ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਭਾਰਤ ਸਰਕਾਰ ਨੂੰ ਆਪਣਾ ਅਸਰ-ਰਸੂਖ ਵਰਤ ਕੇ ਸ਼ਹੀਦ ਊਧਮ ਸਿੰਘ ਜਿਨ੍ਹਾਂ ਨੇ ਇਸ ਕਤਲੇਆਮ ਦੀ ਬੇਇਨਸਾਫੀ ਦਾ ਬਦਲਾ ਲਿਆ ਸੀ, ਦੇ ਪਿਸਤੌਲ ਅਤੇ ਨਿੱਜੀ ਡਾਇਰੀ ਵਰਗੀਆਂ ਨਿਸ਼ਾਨੀਆਂ ਨੂੰ ਯੂ.ਕੇ. ਤੋਂ ਭਾਰਤ ਲਿਆਉਣਾ ਚਾਹੀਦਾ ਹੈ।