ਚੰਡੀਗੜ੍ਹ: ਕੌਮੀ ਭਾਰਤੀ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਕੋਰੋਨਾ ਵਾਇਰਸ ਨਾਲ ਪੈਦਾ ਹੋਈ ਸਥਿਤੀ ਸਬੰਧੀ ਕਾਗਰਸੀ ਮੁੱਖ ਮੰਤਰੀ ਨਾਲ ਮੀਟਿੰਗ ਕੀਤੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਇਸ ਮੀਟਿੰਗ ਵਿੱਚ ਆਪਣੇ ਸੁਝਾਅ ਰੱਖੇ ਹਨ। ਮੁੱਖ ਮੰਤਰੀ ਨੇ ਪੰਜਾਬ 'ਚ ਪ੍ਰਵਾਸੀ ਭਾਰਤੀਆਂ ਦੇ ਵਾਪਿਸ ਆਉਣ ਤੋਂ ਬਾਅਦ ਹਲਾਤ ਨਾਲ ਸਿੱਜਣ ਲਈ ਪ੍ਰਬੰਧਾਂ ਦੀ ਵੀ ਚਰਚਾ ਕੀਤੀ।
ਮੁੱਖ ਮੰਤਰੀ ਨੇ ਸੂਬੇ ਵਿੱਚ ਵਾਪਸ ਪਰਤਣ ਵਾਲਿਆਂ ਖਾਸ ਕਰਕੇ ਭੀੜ ਵਾਲੇ ਸਮੁੰਦਰੀ ਜਹਾਜ਼ਾਂ ਰਾਹੀਂ ਖਾੜੀ ਮੁਲਕਾਂ ਤੋਂ ਕਾਮਿਆਂ ਦੀ ਵਾਪਸੀ ਨਾਲ ਸੂਬੇ ਵਿੱਚ ਰੋਗ ਫੈਲਣ ਦੇ ਵੱਡੇ ਖਤਰੇ ਬਾਰੇ ਵੀ ਚਿਤਾਵਨੀ ਦਿੱਤੀ ਹੈ। ਉਨਾਂ ਨੇ ਖੁਲਾਸਾ ਕੀਤਾ ਕਿ ਪਰਵਾਸੀ ਪੰਜਾਬੀਆਂ ਖਾਸ ਕਰਕੇ ਕਾਮਿਆਂ ਦੇ ਚਾਰ ਸਮੁੰਦਰੀ ਜਹਾਜ਼ ਅਗਲੇ ਕੁਝ ਦਿਨਾਂ ਵਿੱਚ ਪਹੁੰਚਣ ਦੀ ਉਮੀਦ ਹੈ ਜਦਕਿ ਐਨ.ਆਰ.ਆਈਜ਼ ਨੂੰ ਲੈ ਕੇ ਪਹਿਲਾ ਜਹਾਜ਼ ਵੀਰਵਾਰ ਨੂੰ ਪਹੁੰਚਣ ਦੀ ਆਸ ਹੈ।
ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਲਗਪਗ 20,000 ਕੌਮਾਂਤਰੀ ਮੁਸਾਫਰਾਂ ਦੇ ਅਗਲੇ 2-3 ਹਫਤਿਆਂ ਵਿੱਚ ਪੰਜਾਬ ਪਹੁੰਚਣ ਦੀ ਉਮੀਦ ਹੈ ਅਤੇ ਬਾਕੀ ਸੂਬਿਆਂ ਤੋਂ ਵੀ ਅਗਲੇ ਦਿਨਾਂ ਵਿੱਚ ਕਰੀਬ 12,000 ਪੰਜਾਬੀ ਆ ਰਹੇ ਹਨ। ਪੰਜਾਬ ਤੋਂ ਪਰਵਾਸੀ ਮਜ਼ਦੂਰਾਂ ਵੱਲੋਂ ਆਪਣੇ ਪਿੱਤਰੀ ਸੂਬਿਆਂ ਵਿੱਚ ਵਾਪਸ ਜਾਣ ਦੀ ਜ਼ਾਹਰ ਕੀਤੀ ਇੱਛਾ ਬਾਰੇ ਉਨਾਂ ਖੁਲਾਸਾ ਕੀਤਾ ਕਿ ਹੁਣ ਤੱਕ 10 ਲੱਖ ਮਜ਼ਦੂਰ ਰਜਿਸਟਰਡ ਹੋ ਚੁੱਕਾ ਹੈ ਜਿਨਾਂ ਵਿੱਚੋਂ 85 ਫੀਸਦੀ ਯੂ.ਪੀ. ਅਤੇ ਬਿਹਾਰ ਨਾਲ ਸਬੰਧਤ ਹਨ। ਉਨਾਂ ਕਿਹਾ ਕਿ ਸੂਬਾ ਸਰਕਾਰ ਨੇ ਇਨਾਂ ਕਾਮਿਆਂ ਦੇ ਰੇਲ ਸਫਰ ਦੇ ਕਿਰਾਏ ਲਈ 35 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਉਨਾਂ ਦੱਸਿਆ ਕਿ 5 ਮਈ ਨੂੰ ਤਿੰਨ ਰੇਲ ਗੱਡੀਆਂ ਇਨਾਂ ਕਾਮਿਆਂ ਨੂੰ ਲੈ ਕੇ ਯੂ.ਪੀ. ਅਤੇ ਝਾਰਖੰਡ ਲਈ ਰਵਾਨਾ ਹੋ ਚੁੱਕੀਆਂ ਹਨ ਅਤੇ 6 ਮਈ ਨੂੰ 6 ਹੋਰ ਰੇਲ ਗੱਡੀਆਂ ਜਾ ਰਹੀਆਂ ਹਨ।
ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਉਨਾਂ ਦੀ ਸਰਕਾਰ ਵੱਲੋਂ ਇਸ ਵਾਇਰਸ ਦੇ ਫੈਲਾਅ ਦੀ ਰੋਕਥਾਮ ਲਈ ਵਿਆਪਕ ਰਣਨੀਤੀ ਤਿਆਰ ਕੀਤੀ ਗਈ ਹੈ। ਉਨਾਂ ਦੱਸਿਆ ਕਿ ਵਾਪਸ ਪਰਤਣ ਵਾਲੇ ਸਾਰੇ ਵਿਅਕਤੀਆਂ ਨੂੰ ਇਕ ਹਫ਼ਤੇ ਲਈ ਏਕਾਂਤਵਾਸ ਵਿੱਚ ਰੱਖਿਆ ਜਾਵੇਗਾ, ਜਦੋਂ ਤੱਕ ਉਨਾਂ ਦਾ ਵਾਇਰਸ ਲਈ ਟੈਸਟ ਨਹੀਂ ਹੋ ਜਾਂਦਾ। ਉਨਾਂ ਕਿਹਾ ਕਿ ਟੈਸਟਿੰਗ ਵਿੱਚ ਨੈਗੇਟਿਵ ਸਿੱਧ ਹੋਣ ਵਾਲੇ ਵਿਅਕਤੀਆਂ ਨੂੰ ਹੋਰ ਦੋ ਹਫਤਿਆਂ ਲਈ ਏਕਾਂਤਵਾਸ ਵਿੱਚ ਰੱਖਿਆ ਜਾਵੇਗਾ ਜਦਕਿ ਪਾਜ਼ੇਟਿਵ ਕੇਸਾਂ ਵਾਲਿਆਂ ਨੂੰ ਕੰਟੋਨਮੈਂਟ ਵਾਰਡਾਂ ਵਿੱਚ ਰੱਖਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਰੋਜ਼ਾਨਾ 2500 ਰੈਗੂਲਰ ਟੈਸਟ ਕੀਤੇ ਜਾ ਰਹੇ ਹਨ ਅਤੇ ਹੁਣ ਤੱਕ 30199 ਟੈਸਟ ਕੀਤੇ ਜਾ ਚੁੱਕੇ ਹਨ।