ਚੰਡੀਗੜ੍ਹ:ਕੇਂਦਰ ਸਰਕਾਰ ਵਲੋਂ ਤਿੰਨ ਖੇਤੀ ਕਾਨੂੰਨ ਬਣਾਏ ਗਏ ਸੀ, ਜਿਸ ਨੂੰ ਲੈਕੇ ਕਿਸਾਨਾਂ ਵਲੋਂ ਦਿੱਲੀ ਦੀਆਂ ਬਰੂਹਾਂ 'ਤੇ ਧਰਨੇ ਲਗਾਏ ਗਏ ਸੀ। ਇਸ ਦੌਰਾਨ ਕਈ ਕਿਸਾਨਾਂ ਨੇ ਆਪਣੀ ਜਾਨ ਵੀ ਗਵਾਈ ਸੀ। ਇਸ ਦੇ ਚੱਲਦਿਆਂਦਿੱਲੀ ਸਰਹੱਦ 'ਤੇ ਅੰਦੋਲਨ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ 3-3 ਲੱਖ ਰੁਪਏ ਦੀ ਮਦਦ ਦਿੱਤੀ ਜਾਵੇਗੀ। ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਚੰਡੀਗੜ੍ਹ ਵਿੱਚ ਇਹ ਸਹਾਇਤਾ ਰਾਸ਼ੀ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ ਦੇਣਗੇ।
ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਨ੍ਹਾਂ ਦੇ ਨਾਲ ਮੌਜੂਦ ਰਹਿਣਗੇ। ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਇਹ ਐਲਾਨ ਪਿਛਲੇ ਸਾਲ ਅੰਦੋਲਨ ਖਤਮ ਹੋਣ ਦੇ ਅਗਲੇ ਹੀ ਦਿਨ ਕਰ ਦਿੱਤਾ ਸੀ। ਇਹ ਪ੍ਰੋਗਰਾਮ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ ਰੱਖਿਆ ਗਿਆ ਹੈ।
ਸੰਘਰਸ਼ ਦੌਰਾਨ ਪੰਜਾਬ ਦੇ 600 ਕਿਸਾਨਾਂ ਦੀ ਹੋਈ ਸੀ ਮੌਤ: ਕੇਂਦਰ ਸਰਕਾਰ ਦੇ ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਦੇ ਸਿੰਘੂ ਅਤੇ ਟਿੱਕਰੀ ਸਰਹੱਦ 'ਤੇ ਅੰਦੋਲਨ ਹੋਇਆ ਸੀ। ਇਸ ਦੌਰਾਨ 378 ਦਿਨਾਂ ਤੱਕ ਚੱਲੇ ਕਿਸਾਨ ਅੰਦੋਲਨ ਵਿੱਚ ਕਰੀਬ 700 ਕਿਸਾਨਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ਵਿੱਚੋਂ 600 ਕਿਸਾਨ ਪੰਜਾਬ ਦੇ ਨਾਲ ਸਬੰਧ ਰੱਖਦੇ ਸਨ।
ਹਾਲਾਂਕਿ ਬਾਅਦ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੈ ਲਿਆ ਸੀ। ਪਰ ਇਸ ਦੇ ਅਗਲੇ ਹੀ ਦਿਨ ਤੇਲੰਗਾਨਾ ਦੇ ਮੁੱਖ ਮੰਤਰੀ ਨੇ ਕਿਸਾਨ ਪਰਿਵਾਰਾਂ ਨੂੰ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ ਸੀ। ਪੰਜਾਬ ਸਰਕਾਰ ਨੇ ਇਨ੍ਹਾਂ ਪਰਿਵਾਰਾਂ ਨੂੰ ਪਹਿਲਾਂ ਹੀ ਸਰਕਾਰੀ ਨੌਕਰੀ ਅਤੇ 5-5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਸੀ।