ਚੰਡੀਗੜ੍ਹ : ਬੇਰੋਜ਼ਗਾਰ ਅਧਿਆਪਕਾਂ ਵੱਲੋਂ ਪਾਣੀ ਦੀਆਂ ਟੈਂਕੀਆਂ ਉੱਤੇ ਚੜ੍ਹ ਕੇ ਸੂਬਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਜਾਣ ਨੂੰ ਹਰਪਾਲ ਚੀਮਾ ਨੇ ਸੂਬਾ ਸਰਕਾਰ ਦੀ ਅਸਫਲਤਾ ਦੱਸਿਆ ਹੈ।
'ਅਧਿਆਪਕ ਦਿਵਸ 'ਤੇ ਅਧਿਆਪਕਾਂ ਦਾ ਟੈਂਕੀਆਂ 'ਤੇ ਚੜ੍ਹਨਾ ਸਰਕਾਰ ਲਈ ਸ਼ਰਮਨਾਕ'
ਅਧਿਆਪਕ ਦਿਵਸ ਮੌਕੇ ਬੇਰੋਜ਼ਗਾਰ ਅਧਿਆਪਕਾਂ ਨੇ ਪਾਣੀ ਦੀਆਂ ਟੈਂਕੀਆਂ ਉੱਤੇ ਚੜ੍ਹ ਕੇ ਸੂਬਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਇਸ ਮਾਮਲੇ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਅਤੇ ਆਪ ਆਗੂ ਹਰਪਾਲ ਚੀਮਾ ਨੇ ਸੂਬਾ ਸਰਕਾਰ ਉੱਤੇ ਸ਼ਬਦੀ ਵਾਰ ਕਰਦਿਆਂ ਇਸ ਨੂੰ ਸਰਕਾਰ ਲਈ ਬੇਹਦ ਸ਼ਰਮਨਾਕ ਦੱਸਿਆ।
ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵਿਸ਼ਵ ਅਧਿਆਪਕ ਦਿਵਸ ਮੌਕੇ ਸੂਬੇ ਅੰਦਰ ਸੈਂਕੜੇ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਪਾਣੀ ਵਾਲੀਆਂ ਟੈਂਕੀਆਂ 'ਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕਰਨਾ ਕੈਪਟਨ ਸਰਕਾਰ ਲਈ ਬੇਹੱਦ ਸ਼ਰਮ ਵਾਲੀ ਗੱਲ ਹੈ।
ਚੀਮਾ ਨੇ ਕਿਹਾ ਕਿ ਸੂਬੇ ਦੇ ਬੇਰੁਜ਼ਗਾਰਾਂ ਅਤੇ ਸਕੂਲੀ ਬੱਚਿਆਂ ਲਈ ਇਸ ਤੋਂ ਵੱਡੀ ਤ੍ਰਾਸਦੀ ਅਤੇ ਸਰਕਾਰੀ ਬੇਰੁਖ਼ੀ ਕੀ ਹੋ ਸਕਦੀ ਹੈ ਕਿ ਇੱਕ ਪਾਸੇ ਕਈ ਸਰਕਾਰੀ ਸਕੂਲ ਅਤੇ ਵਿਦਿਆਰਥੀ ਅਧਿਆਪਕਾਂ ਲਈ ਤਰਸ ਰਹੇ ਹਨ, ਦੂਜੇ ਪਾਸੇ ਹਜ਼ਾਰਾਂ ਈਟੀਟੀ ਅਤੇ ਟੈੱਟ (ਅਧਿਆਪਕ ਯੋਗਤਾ ਪ੍ਰੀਖਿਆ) ਪਾਸ ,ਯੋਗ ਅਧਿਆਪਕ ਜੁਆਇਨਿੰਗ ਲਈ ਸਾਲਾਂ ਤੋਂ ਰੋਸ ਧਰਨੇ ਅਤੇ ਟੈਂਕੀਆਂ 'ਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹਨ। ਇਹ ਗੱਲ ਸੂਬਾ ਸਰਕਾਰ ਲਈ ਬੇਹਦ ਸ਼ਰਮਨਾਕ ਹੈ ਅਤੇ ਇਹ ਸਾਬਿਤ ਕਰਦੀ ਹੈ ਕਿ ਸੂਬਾ ਸਰਕਾਰ ਸੂਬੇ ਦੇ ਲੋਕਾਂ ਦੀ ਪਰੇਸ਼ਾਨੀਆਂ ਨੂੰ ਹੱਲ ਕੀਤੇ ਜਾਣ ਵਿੱਚ ਫੇਲ ਹੋ ਗਈ ਹੈ।