ਚੰਡੀਗੜ੍ਹ: ਫਗਵਾੜਾ ਪ੍ਰਸ਼ਾਸਨ ਨੇ ਅਧਿਆਪਕਾਂ ਨੂੰ ਲੈ ਕੇ ਇੱਕ ਅਜੀਬੋ ਗਰੀਬ ਫੈਸਲਾ ਕੀਤਾ ਹੈ, ਜਿਸ ਤੋਂ ਬਾਅਦ ਪੰਜਾਬ ਸਰਕਾਰ ਦੀ ਸੂਬਾ ਭਰ 'ਚ ਨਿੰਦਾ ਕੀਤੀ ਜਾ ਰਹੀ ਹੈ। ਫਗਵਾੜਾ ਪ੍ਰਸ਼ਾਸਨ ਦੇ ਫੈਸਲੇ ਮੁਤਾਬਕ ਗੈਰ ਕਾਨੂੰਨੀ ਮਾਈਨਿੰਗ ਰੋਕਣ ਲਈ ਪੁਲਿਸ ਨਾਕਿਆਂ ਉੱਤੇ ਅਧਿਆਪਕਾਂ ਦੀਆਂ ਡਿਊਟੀਆਂ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਡਿਊਟੀ ਰਾਤ 9:00 ਵਜੇ ਤੋਂ 1:00 ਵਜੇ ਤੱਕ ਲਗਾਈ ਗਈ ਹੈ।
ਪੁਲਿਸ ਨਾਕਿਆਂ 'ਤੇ ਲੱਗੀਆਂ ਅਧਿਆਪਕਾਂ ਦੀਆਂ ਡਿਊਟੀਆਂ ਪੰਜਾਬ ਦੇ ਡੈਮੋਕਰੇਟਿਕ ਟੀਚਰਜ਼ ਫਰੰਟ ਨੇ ਗੈਰ ਕਾਨੂੰਨੀ ਮਾਇਨਿੰਗ ਰੋਕਣ ਲਈ ਅਧਿਆਪਕਾਂ ਦੀਆਂ ਡਿਊਟੀਆਂ ਲਗਾਉਣ ਨੂੰ ਗੈਰ ਵਾਜਿਬ ਦੱਸਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਰਕਾਰ ਨੇ ਸ਼ਰਾਬ ਮਾਈਨਿੰਗ ਰੋਕਣ ਲਈ ਅਧਿਆਪਕਾਂ ਦੀ ਡਿਊਟੀ ਲਈ ਸੀ, ਪਰ ਭਾਰੀ ਵਿਰੋਧ ਤੋਂ ਬਾਅਦ ਪੰਜਾਬ ਸਰਕਾਰ ਨੇ ਆਪਣਾ ਇਹ ਫ਼ੈਸਲਾ ਵਾਪਿਸ ਲੈ ਲਿਆ ਸੀ।
ਅਧਿਆਪਕਾਂ ਲਈ ਜਾਰੀ ਇਸ ਹੁਕਮ ਤੋਂ ਬਾਅਦ ਸਿਆਸੀ ਗਲਿਆਰਿਆਂ 'ਚ ਹਲਚਲ ਤੇਜ਼ ਹੋ ਗਈ ਹੈ। ਵਿਰੋਧੀ ਪਾਰਟੀਆਂ ਸਰਕਾਰ ਨੂੰ ਇਸ ਮੁੱਦੇ 'ਤੇ ਘੇਰ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਲਜੀਤ ਚੀਮਾ ਨੇ ਟਵੀਟ ਕਰ ਕੇ ਪ੍ਰਸ਼ਾਸਨ ਦੇ ਇਸ ਹੁਕਮ ਦੀ ਸਖਤ ਨਿੰਦਾ ਕੀਤੀ ਹੈ। ਉਨ੍ਹਾਂ ਤੁਰੰਤ ਇਸ ਹੁਕਮ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ।
ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਆਗੂ ਅਮਨ ਅਰੋੜਾ ਨੇ ਵੀ ਇਸ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਮਾਇਨਿੰਗ ਰੋਕਣ ਲਈ ਅਧਿਆਪਕਾਂ ਦੀ ਲਗਾਈ ਡਿਊਟੀ 'ਤੇ ਕਈ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੈਬਿਨੇਟ ਦੀ ਮਾਨਸਿਕ ਸਥਿਤੀ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਕਿਸ ਲਈ ਹਨ ਜੇ ਉਨ੍ਹਾਂ ਅਧਿਆਪਕਾਂ ਦੀ ਹੀ ਡਿਊਟੀ ਨਾਕਿਆਂ 'ਤੇ ਲਾਣੀ ਹੈ।
ਵਿਰੋਧੀ ਧਿਰ ਆਗੂ ਹਰਪਾਲ ਚੀਮਾ ਨੇ ਵੀ ਸਰਕਾਰ ਦੇ ਇਸ ਫੈਸਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਸਾਡੇ ਸਮਾਜ ਦੇ ਨਿਰਮਾਤਾ ਹਨ, ਇਹ ਸਾਡੇ ਬੱਚਿਆਂ ਦਾ ਭਵਿੱਖ ਬਣਾਉਂਦੇ ਹਨ। ਉਨ੍ਹਾਂ ਦੀ ਇਸ ਤਰ੍ਹਾਂ ਡਿਊਟੀ ਲਾਉਣੀ ਗਲਤ ਗੱਲ ਹੈ। ਸਰਕਾਰ ਨੂੰ ਜਲਦ ਆਪਣਾ ਇਹ ਫੈਸਲਾ ਵਾਪਿਸ ਲੈਣਾ ਚਾਹੀਦਾ ਹੈ।