ਚੰਡੀਗੜ੍ਹ: ਪੰਜਾਬ ਚੋਣਾਂ ਦੌਰਾਨ ਬਲਾਤਕਾਰ ਮਾਮਲੇ ਵਿੱਚ ਘਿਰੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੂੰ ਵੱਡੀ ਰਾਹਤ ਮਿਲੀ ਹੈ। ਸੁਪਰੀਮ ਕੋਰਟ ਵੱਲੋਂ ਬੈਂਸ ਦੀ ਗ੍ਰਿਫਤਾਰੀ ਉੱਤੇ ਰੋਕ ਲਗਾ ਦਿੱਤੀ ਗਈ ਹੈ। ਇੱਕ ਹਫਤੇ ਲਈ ਬੈਂਸ ਦੀ ਗ੍ਰਿਫਤਾਰੀ ’ਤੇ ਰੋਕ ਲੱਗੀ ਹੈ। ਸੁਪਰੀਮ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਸਿਮਰਜੀਤ ਬੈਂਸ ਦੀ ਇੱਕ ਹਫਤੇ ਤੱਕ ਗ੍ਰਿਫਤਾਰੀ ਨਹੀਂ ਹੋ ਸਕੇਗੀ। ਬੈਂਸ ਹੁਣ ਆਪਣੇ ਵਿਧਾਨਸਭਾ ਹਲਕੇ ਵਿੱਚ ਲੋਕਾਂ ਵਿੱਚ ਵਿਚਰ ਸਕਣਗੇ। ਦੱਸ ਦਈਏ ਕਿ ਸਿਮਰਜੀਤ ਬੈਂਸ ਲੁਧਿਆਣਾ ਦੇ ਆਤਮ ਨਗਰ ਹਲਕੇ ਤੋਂ ਚੋਣ ਮੈਦਾਨ ਵਿੱਚ ਹਨ।
ਦੱਸ ਦਈਏ ਕਿ ਬੈਂਸ ਵੱਲੋਂ ਰਾਹਤ ਦੇ ਲਈ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ’ਤੇ ਸੁਪਰੀਮ ਕੋਰਟ ਦਾ ਇਹ ਫੈਸਲਾ ਸਾਹਮਣੇ ਆਇਆ ਹੈ। ਇਸਦੇ ਨਾਲ ਹੀ ਕੋਰਟ ਨੇ ਮਹਿਲਾ ਖਿਲਾਫ਼ ਸ਼ਿਕਾਇਤ ’ਤੇ ਵੀ 2 ਹਫਤੇ ਲਈ ਰੋਕ ਲਗਾ ਦਿੱਤੀ ਹੈ। ਸੁਪਰੀਮ ਕੋਰਟ ਵੱਲੋਂ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਹਲਫਨਾਮਾ ਦਾਖਲ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।
ਜ਼ਿਕਰਯੋਗ ਹੈ ਕਿ ਸਿਮਰਜੀਤ ਸਿੰਘ ਬੈਂਸ ਨੇ ਸਥਾਨਕ ਅਦਾਲਤ ਵੱਲੋਂ ਗ੍ਰਿਫ਼ਤਾਰੀ ਵਾਰੰਟ ਦੇ ਹੁਕਮਾਂ ਖ਼ਿਲਾਫ਼ ਅੰਤਰਿਮ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ। ਲੁਧਿਆਣਾ ਦੀ ਇੱਕ ਅਦਾਲਤ ਨੇ ਉਨ੍ਹਾਂ ਨੂੰ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਤੋਂ ਇਲਾਵਾ ਜਬਰ-ਜ਼ਿਨਾਹ ਦੇ ਇੱਕ ਮਾਮਲੇ 'ਚ ਅਦਾਲਤ 'ਚ ਪੇਸ਼ ਹੋਣ ਦਾ ਹੁਕਮ ਦਿੱਤਾ ਸੀ ਪਰ ਉਹ ਪੇਸ਼ ਨਹੀਂ ਹੋਏ। ਇਸ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ।
ਦਰਅਸਲ, ਇਸ ਮਾਮਲੇ ਵਿੱਚ ਪੀੜਤਾ ਨੇ ਸਭ ਤੋਂ ਪਹਿਲਾਂ 16 ਨਵੰਬਰ 2020 ਨੂੰ ਵਿਧਾਇਕ ਸਿਮਰਜੀਤ ਸਿੰਘ ਬੈਂਸ, ਕਮਲਜੀਤ ਸਿੰਘ, ਬਲਜਿੰਦਰ ਕੌਰ, ਜਸਬੀਰ ਕੌਰ ਉਰਫ਼ ਭਾਬੀ, ਸੁਖਚੈਨ ਸਿੰਘ, ਪਰਮਜੀਤ ਸਿੰਘ ਉਰਫ਼ ਪੰਮਾ ਅਤੇ ਗੋਗੀ ਸ਼ਰਮਾ ਖ਼ਿਲਾਫ਼ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਸੀ । ਪੀੜਤਾ ਨੇ ਪੁਲਿਸ ’ਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾਏ ਸਨ।
ਇਹ ਵੀ ਪੜ੍ਹੋ:ਪੀਐਮ ਮੋਦੀ ਵਲੋਂ ਫੌਜੀ ਵਰਦੀ ਪਾਉਣ 'ਤੇ PMO ਨੂੰ ਨੋਟਿਸ, 2 ਮਾਰਚ ਨੂੰ ਸੁਣਵਾਈ