ਚੰਡੀਗੜ੍ਹ: ਬਾਲੀਵੁੱਡ ਅਦਾਕਾਰ ਅਤੇ ਗੁਰਦਾਸਪੁਰ ਤੋਂ ਐੱਮ.ਪੀ. ਸੰਨੀ ਦਿਓਲ ਨੇ ਆਖਿਰਕਾਰ ਕਿਸਾਨਾਂ ਦੇ ਮਸਲੇ ’ਤੇ ਖੁੱਲ੍ਹ ਕੇ ਗੱਲ ਕੀਤੀ ਹੈ।
ਕਿਸਾਨਾਂ ਦੇ ਮਸਲੇ ’ਤੇ ਸੰਨੀ ਦਿਓਲ ਆਏ ਸਾਹਮਣੇ, ਦੀਪ ਸਿੱਧੂ ਬਾਰੇ ਵੀ ਕਹੀ ਇਹ ਗੱਲ - Talk openly on the issue of farmers
ਸੰਸਦ ਮੈਂਬਰ ਸੰਨੀ ਦਿਓਲ ਨੇ ਦੀਪ ਸਿੱਧੂ ਤੋਂ ਕਿਨਾਰਾ ਕਰ ਟਵੀਟ ਕਰ ਕੇ ਕਿਸਾਨਾਂ ਬਾਰੇ ਆਪਣਾ ਪੱਖ ਰੱਖਿਆ ਹੈ। ਸੰਨੀ ਦਿਓਲ ਨੇ ਕਿਹਾ ਕਿ ਮੇਰੀ ਪੂਰੀ ਦੁਨੀਆ ਨੂੰ ਬੇਨਤੀ ਹੈ ਕਿ ਇਹ ਮੁੱਦਾ ਕਿਸਾਨ ਅਤੇ ਸਾਡੀ ਸਰਕਾਰ ਦਾ ਮਸਲਾ ਹੈ। ਇਸ ਵਿੱਚ ਕੋਈ ਵੀ ਨਾ ਆਏ ਕਿਉਂਕਿ ਦੋਨੋਂ ਆਪਸ ਵਿੱਚ ਗੱਲਬਾਤ ਕਰ ਕੇ ਇਸ ਦਾ ਹੱਲ ਕੱਢ ਲੈਣਗੇ।
ਸੰਨੀ ਦਿਓਲ ਨੇ ਟਵੀਟ ਕਰਦਿਆਂ ਲਿਖਿਆ, "ਮੈਂ ਪੂਰੀ ਦੁਨੀਆਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਇਹ ਕਿਸਾਨਾਂ ਅਤੇ ਸਾਡੀ ਸਰਕਾਰ ਦਾ ਮਾਮਲਾ ਹੈ। ਕਿਸੇ ਨੂੰ ਵੀ ਇਸ ਦੇ ਵਿਚਕਾਰ ਨਹੀਂ ਆਉਣਾ ਚਾਹੀਦਾ, ਕਿਉਂਕਿ ਦੋਵੇਂ ਗੱਲਬਾਤ ਕਰ ਕੇ ਇਸ ਦਾ ਹੱਲ ਲੱਭਣਗੇ। ਮੈਂ ਜਾਣਦਾ ਹਾਂ ਕਿ ਬਹੁਤ ਸਾਰੇ ਲੋਕ ਇਸ ਦਾ ਫਾਇਦਾ ਚੁੱਕਣਾ ਚਾਹੁੰਦੇ ਹਨ ਅਤੇ ਉਹ ਲੋਕ ਰੁਕਾਵਟਾਂ ਪੈਦਾ ਕਰ ਰਹੇ ਹਨ। ਉਹ ਬਿਲਕੁਲ ਵੀ ਕਿਸਾਨਾਂ ਬਾਰੇ ਨਹੀਂ ਸੋਚ ਰਹੇ, ਉਨ੍ਹਾਂ ਦਾ ਕੋਈ ਆਪਣਾ ਸੁਆਰਥ ਹੋ ਸਕਦਾ ਹੈ।"
ਸੰਨੀ ਦਿਓਲ ਨੇ ਚੋਣਾਂ ਦੌਰਾਨ ਪੰਜਾਬ ’ਚ ਪੂਰਾ ਲੇਖਾ-ਜੋਖਾ ਦੇਖਣ ਵਾਲੇ ਆਪਣੇ ਸਾਥੀ ਤੇ ਪੰਜਾਬੀ ਅਦਾਕਾਰ ਦੀਪ ਸਿੱਧੂ ਬਾਰੇ ਵੀ ਗੱਲਬਾਤ ਕੀਤੀ ਹੈ ਤੇ ਕਿਹਾ, ‘ਦੀਪ ਸਿੱਧੂ ਜੋ ਚੋਣਾਂ ਸਮੇਂ ਮੇਰੇ ਨਾਲ ਸੀ, ਲੰਮੇ ਸਮੇਂ ਤੋਂ ਮੇਰੇ ਨਾਲ ਨਹੀਂ ਹੈ। ਉਹ ਜੋ ਕੁੱਝ ਕਹਿ ਰਿਹਾ ਹੈ ਤੇ ਕਰ ਰਿਹਾ ਹੈ, ਉਹ ਖ਼ੁਦ ਆਪਣੀ ਇੱਛਾ ਨਾਲ ਕਰ ਰਿਹਾ ਹੈ। ਮੇਰਾ ਉਸ ਦੀ ਕਿਸੇ ਵੀ ਗਤੀਵਿਧੀ ਨਾਲ ਕੋਈ ਸਬੰਧ ਨਹੀਂ ਹੈ। ਮੈਂ ਆਪਣੀ ਪਾਰਟੀ ਤੇ ਕਿਸਾਨਾਂ ਦੇ ਨਾਲ ਹਾਂ ਤੇ ਹਮੇਸ਼ਾ ਕਿਸਾਨਾਂ ਦੇ ਨਾਲ ਰਹਾਂਗਾ। ਸਾਡੀ ਸਰਕਾਰ ਨੇ ਹਮੇਸ਼ਾ ਕਿਸਾਨਾਂ ਦੇ ਭਲੇ ਬਾਰੇ ਹੀ ਸੋਚਿਆ ਹੈ ਤੇ ਮੈਨੂੰ ਯਕੀਨ ਹੈ ਕਿ ਸਰਕਾਰ ਉਨ੍ਹਾਂ ਨਾਲ ਗੱਲਬਾਤ ਕਰਕੇ ਸਹੀ ਨਤੀਜੇ ਉੱਤੇ ਪਹੁੰਚੇਗੀ।’