ਚੰਡੀਗੜ੍ਹ: ਸੂਬੇ 'ਚ ਜ਼ਹਿਰੀਲੀ ਸ਼ਰਾਬ ਮਾਮਲੇ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਵੱਲੋਂ ਕੀਤੀ ਬਗਾਵਤ ਦਾ ਸੇਕ ਹੁਣ ਹਾਈ ਕਮਾਨ ਤੱਕ ਪਹੁੰਚ ਚੁੱਕਿਆ ਹੈ। ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਇਨ੍ਹਾਂ ਦੋਵਾਂ ਸੀਨੀਅਰ ਲੀਡਰਾਂ ਦੀ ਸ਼ਿਕਾਇਤ ਲੈ ਕੇ ਕਾਂਗਰਸ ਹਾਈ ਕਮਾਨ ਨਾਲ ਮੁਲਾਕਾਤ ਕਰਨ ਦਿੱਲੀ ਪਹੁੰਚੇ ਹਨ।
ਬਾਜਵਾ-ਦੂਲੋ ਮਾਮਲਾ: ਦਿੱਲੀ ਦਰਬਾਰ ਪਹੁੰਚੇ ਸੁਨੀਲ ਜਾਖੜ ਹਾਲਾਂਕਿ ਬੈਠਕ ਦਾ ਕੋਈ ਸਮਾਂ ਤੈਅ ਨਹੀਂ ਹੋਇਆ ਹੈ ਪਰ ਖ਼ਬਰਾਂ ਆ ਰਹੀਆਂ ਹਨ ਕਿ ਬੈਠਕ ਦੌਰਾਨ ਬਾਜਵਾ ਤੇ ਦੂੱਲੋ ਖ਼ਿਲਾਫ਼ ਪਾਰਟੀ ਹਾਈ ਕਮਾਨ ਕੋਈ ਸਖ਼ਤ ਫ਼ੈਸਲਾ ਲੈ ਸਕਦੀ ਹੈ। ਆਪਣੀ ਹੀ ਸਰਕਾਰ ਵਿਰੁੱਧ ਮੋਰਚਾ ਖੋਲ੍ਹਣ ਵਾਲੇ ਪ੍ਰਤਾਪ ਬਾਜਵਾ ਅਤੇ ਦੂਲੋ ਨੇ ਵੀ ਆਪਣਾ ਪੱਖ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਕੋਲ ਰੱਖਣ ਦੀ ਗੱਲ ਆਖੀ ਸੀ।
ਬੀਤੇ ਦਿਨੀ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਕਿ ਜੇ ਕਾਂਗਰਸ ਨੂੰ ਪੰਜਾਬ ਵਿੱਚ ਬਚਾਉਣਾ ਹੈ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਪਾਰਟੀ ਤੋਂ ਕੱਢ ਦੇਣਾ ਚਾਹੀਦਾ ਹੈ। ਉਨ੍ਹਾਂ ਸ਼ਰਾਬ ਮਾਮਲੇ 'ਤੇ ਸਰਕਾਰ ਵੱਲੋਂ ਐਲਾਨੀ ਕਾਰਵਾਈ 'ਤੇ ਸਵਾਲ ਚੁੱਕਦਿਆਂ ਸੀਬੀਆਈ ਤੇ ਈਡੀ ਵੱਲੋਂ ਜਾਂਚ ਕਰਵਾਏ ਜਾਣ ਦੀ ਮੰਗ ਵੀ ਕੀਤੀ ਸੀ। ਜਿਸ ਲਈ ਉਹ ਅਤੇ ਸ਼ਮਸ਼ੇਰ ਦੂਲੋ ਪੰਜਾਬ ਦੇ ਰਾਜਪਾਲ ਵੀਪੀ ਬਦਨੌਰ ਨੂੰ ਵੀ ਮਿਲੇ ਸਨ।
ਦੋਵੇਂ ਸੀਨੀਅਰ ਕਾਗਰਸੀ ਆਗੂਆਂ ਵੱਲੋਂ ਚੁੱਕੇ ਇਸ ਕਦਮ ਤੋਂ ਨਾਰਾਜ਼ ਕਾਂਗਰਸ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਪ੍ਰਧਾਨ ਨੂੰ ਪੱਤਰ ਲਿਖਿਆ ਸੀ ਅਤੇ ਇਸੇ ਸਬੰਧ ਵਿੱਚ ਉਹ ਅੱਜ ਦਿੱਲੀ ਪਹੁੰਚੇ ਹਨ।