ਚੰਡੀਗੜ੍ਹ: ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦਾ ਵਾਰ-ਵਾਰ ਪਾਰਟੀ ਲੀਡਰਸ਼ਿਪ ਦੇ ਖਿਲਾਫ ਬੋਲਣਾ ਉਨ੍ਹਾਂ ਦਾ ਪਾਰਟੀ ਦੇ ਪ੍ਰਤੀ ਗੈਰ ਜ਼ਿੰਮੇਵਾਰ ਰਵੱਈਆ ਅਤੇ ਅਨੁਸ਼ਾਸਨਹੀਣਤਾ ਨੂੰ ਦਰਸਾਉਂਦਾ ਹੈ।
ਮੰਤਰੀ ਨੇ ਸਿੱਧੂ ਨੂੰ ਯਾਦ ਦਵਾਇਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਨੇ ਪੰਜਾਬ ਦੀ ਚੋਣ ਲੜ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ ਅਤੇ ਪਾਰਟੀ ਹਾਈਕਮਾਨ ਨੇ ਹੀ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ’ਤੇ ਚੁਣਿਆ ਹੈ।
ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਦੀ ਯੋਗ ਅਤੇ ਦੂਰਦਰਸ਼ੀ ਅਗਵਾਈ ਵਿੱਚ ਪੰਜਾਬ ’ਚ ਕਾਂਗਰਸ ਪਹਿਲਾਂ ਤੋਂ ਹੋਰ ਜ਼ਿਆਦਾ ਮਜ਼ਬੂਤ ਹੋਈ ਹੈ। ਨਵਜੋਤ ਸਿੰਘ ਸਿੱਧੂ ਦਾ ਵਾਰ-ਵਾਰ ਮੁੱਖ ਮੰਤਰੀ ਦੀ ਅਗਵਾਈ ’ਤੇ ਸਵਾਲ ਚੁੱਕਣਾ ਸਿੱਧੇ ਤੌਰ ’ਤੇ ਪਾਰਟੀ ਲੀਡਰਸ਼ਿਪ ’ਤੇ ਉਂਗਲੀ ਚੁੱਕਣ ਦੇ ਬਰਾਬਰ ਹੈ।
ਇਸ ਮੌਕੇ ਮੰਤਰੀ ਨੇ ਕਿਹਾ ਕਿ ਸਿੱਧੂ ਨੂੰ ਜੇਕਰ ਕੋਈ ਸਮੱਸਿਆ ਹੈ ਤਾਂ ਉਹ ਇਕ ਜ਼ਿੰਮੇਵਾਰ ਨੇਤਾ ਦੇ ਤੌਰ ’ਤੇ ਪਾਰਟੀ ਦੇ ਸਾਹਮਣੇ ਆਪਣੀ ਗੱਲ ਰੱਖੇ ਪਰ ਉਨ੍ਹਾਂ ਦਾ ਵਾਰ-ਵਾਰ ਸੋਸ਼ਲ ਮੀਡੀਆ ਅਤੇ ਜਨਤਕ ਤੌਰ ’ਤੇ ਮੁੱਖ ਮੰਤਰੀ ਦੇ ਖਿਲਾਫ ਬੋਲਣਾ ਪਾਰਟੀ ਨੂੰ ਕਮਜ਼ੋਰ ਕਰਦਾ ਹੈ।
ਉਹਨਾਂ ਨਵਜੋਤ ਸਿੰਘ ਸਿੱਧੂ ਨੂੰ ਅਨੁਸ਼ਾਸਨ ਵਿੱਚ ਰਹਿੰਦੇ ਹੋਏ ਪਾਰਟੀ ਨੀਤੀਆਂ ਦਾ ਸਨਮਾਨ ਕਰਨ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਹਰ ਰੋਜ ਸਾੜੀਆਂ ਜਾ ਰਹੀਆਂ 20 ਤੋਂ ਵੱਧ ਲਾਸ਼ਾਂ, ਸ਼ਮਸ਼ਾਨ ਘਾਟ ਦਾ ਦ੍ਰਿਸ਼ ਦੇਖ ਕੇ ਦਹਿਲ ਜਾਵੇਗਾ ਦਿੱਲ