ਚੰਡੀਗੜ੍ਹ:ਆਲ ਇੰਡੀਆ ਕਿਸਾਨ ਕਾਂਗਰਸ ਦੇ ਚੇਅਰਮੈਨ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨੇ ਸਾਧੇ।
ਸੁਖਪਾਲ ਖਹਿਰਾ ਨੇ ਬੋਲਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਇਸ਼ਾਰਿਆਂ ਉਤੇ ਬਦਲਾਖੋਰੀ ਦੀ ਭਾਵਨਾ ਨਾਲ ਮੇਰੇ ਅਤੇ ਪਾਰਟੀ ਪ੍ਰਧਾਨ ਰਾਜਾ ਵੜਿੰਗ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਖਹਿਰਾ ਨੇ ਕਿਹਾ ਕਿ ਆਪ ਦੇ ਵਰਕਰ ਅੰਕਿਤ ਸਕਸੈਨਾ ਵਲੋਂ ਅਰਵਿੰਦ ਕੇਜਰੀਵਾਲ ਦੇ ਦਸਤਖਤਾਂ ਵਾਲੀ ਚੇਅਰਮੈਨਾਂ ਦੀ ਲਿਸਟ ਸੋਸ਼ਲ ਮੀਡੀਆ 'ਤੇ ਸ਼ਾਂਝੀ ਕੀਤੀ ਗਈ ਸੀ। ਜਿਸ ਨੂੰ ਕਿ ਉਨ੍ਹਾਂ ਵਲੋਂ ਸਾਂਝਾ ਕੀਤਾ ਗਿਆ ਸੀ।
ਸੁਖਪਾਲ ਖਹਿਰਾ ਨੇ ਅੰਕਿਤ ਸਕਸੈਨਾ ਦੀਆਂ ਫੋਟੋਆਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨਾਲ ਦਿਖਾਉਂਦਿਆਂ ਕਿਹਾ ਕਿ ਉਨ੍ਹਾਂ ਵਲੋਂ ਅੰਕਿਤ ਸਕਸੈਨਾ ਵਲੋਂ ਸ਼ੇਅਰ ਲਿਸਟ ਨੂੰ ਆਪਣੇ ਸੋਸ਼ਲ ਮਡਿੀਆ 'ਤੇ ਪੋਸਟ ਕੀਤਾ ਸੀ, ਜਿਸ ਦੇ ਚੱਲਦਿਆਂ ਉਨ੍ਹਾਂ 'ਤੇ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਕਤਲ ਸਰਕਾਰ ਵਲੋਂ ਸੁਰੱਖਿਆ 'ਚ ਕੀਤੀ ਕਟੌਤੀ ਕਾਰਨ ਹੋਇਆ ਹੈ, ਇਸ ਲਈ ਮਾਮਲਾ ਭਗਵੰਤ ਮਾਨ 'ਤੇ ਵੀ ਦਰਜ ਹੋਣਾ ਚਾਹੀਦਾ ਹੈ।
ਸੁਖਪਾਲ ਖਹਿਰਾ ਨੇ ਕਿਹਾ ਕਿ ਕੁਮਾਰ ਵਿਸ਼ਵਾਸ, ਅਲਕਾ ਲਾਂਬਾ ਅਤੇ ਤਹਿੰਦਰ ਬੱਗਾ ਖਿਲਾਫ਼ ਵੀ ਬਦਲਾਖੋਰੀ ਦੀ ਭਾਵਨਾ ਨਾਲ ਮਾਮਲਾ ਦਰਜ ਕੀਤਾ ਗਿਆ ਸੀ। ਜਿਸ 'ਚ ਸਰਕਾਰ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੇ ਨਾਲ ਹੀ ਸੁਖਪਾਲ ਖਹਿਰਾ ਦਾ ਕਹਿਣਾ ਕਿ ਸਾਡੇ 'ਤੇ ਜੋ ਪਰਚਾ ਦਰਜ ਹੋਇਆ ਹੈ, ਉਸ ਨੂੰ ਲੈਕੇ ਉਹ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁਖ ਕਰਨਗੇ।
ਇਸ ਦੇ ਨਾਲ ਹੀ ਐਸਵਾਈਐਲ ਦੇ ਮੁੱਦੇ 'ਤੇ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਲਾਇਕ ਤੱਕ ਕਹਿ ਦਿੱਤਾ। ਸੁਖਪਾਲ ਖਹਿਰਾ ਨੇ ਕਿਹਾ ਕਿ ਪੰਜਾਬ ਕੋਲ ਹਰਿਆਣਾ ਨੂੰ ਦੇਣ ਲਈ ਪਾਣੀ ਦੀ ਇੱਕ ਬੂੰਦ ਵੀ ਨਹੀਂ ਹੈ। ਹਰਿਆਣਾ 'ਚ ਅਗਾਮੀ ਵਿਧਾਨਸਭਾ ਚੋਣਾਂ ਦੇ ਚੱਲਦਿਆਂ ਅਰਵਿੰਦ ਕੇਜਰੀਵਾਲ ਵਲੋਂ ਭਗਵੰਤ ਮਾਨ 'ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਇਹ ਕਹੇ ਕਿ ਹਰਿਆਣਾ ਅਤੇ ਪੰਜਾਬ ਨੂੰ ਉਨ੍ਹਾਂ ਦੇ ਹਿੱਸੇ ਦਾ ਪਾਣੀ ਦਿੱਤਾ ਜਾਵੇਗਾ। ਖਹਿਰਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਸੇ ਵੀ ਮਸਲੇ 'ਤੇ ਠੀਕ ਤਰ੍ਹਾਂ ਪੈਰਵਾਈ ਨਹੀਂ ਕਰ ਪਾ ਰਹੇ ਹਨ।
ਇਸ ਦੇ ਨਾਲ ਹੀ ਸੁਖਪਾਲ ਖਹਿਰਾ ਨੇ ਪੰਜਾਬ ਪੁਲਿਸ ਨੂੰ ਵੀ ਚਿਤਾਵਨੀ ਦਿੱਤੀ ਕਿ ਸਰਕਾਰਾਂ ਬਦਲ ਜਾਂਦੀਆਂ ਹਨ, ਅੀਜਹੇ 'ਚ ਜਵਾਬਦੇਹੀ ਉਨ੍ਹਾਂ ਕੋਲੋਂ ਹੀ ਲਈ ਜਾਵੇਗੀ। ਸੁਖਪਾਲ ਖਹਿਰਾ ਵਲੋਂ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜਾਬ ਆਪ ਦਾ ਕਨਵੀਨਰ ਦੱਸ ਕੇ ਕੇਜਰੀਵਾਲ ਨੂੰ ਜ਼ੈੱਡ ਪਲੱਸ ਸੁਰੱਖਿਆ ਦਿੱਤੀ ਗਈ ਹੈ, ਜੋ ਸੂਬੇ ਦੇ ਲੋਕਾਂ ਨਾਲ ਬਿਲਕੁਲ ਧੋਖਾ ਹੈ।
ਇਹ ਵੀ ਪੜ੍ਹੋ:ਸਰਹੱਦੀ ਇਲਾਕਿਆਂ ਵਿੱਚ ਨਾਜ਼ਾਇਜ ਮਾਈਨਿੰਗ ਮਾਮਲਾ, ਹੁਣ ਤੱਕ ਸਰਕਾਰ ਨੇ ਦਾਖਿਲ ਨਹੀਂ ਕੀਤਾ ਜਵਾਬ