ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਬਾਹਰ ਮੰਗਲਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਅਮਨ ਕਾਨੂੰਨ ਦੀ ਸਥਿਤੀ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਪੰਜਾਬ ਵਿਚ ਬੇਹੱਦ ਮਾੜੇ ਹਾਲ ਹਨ। ਉਨ੍ਹਾਂ ਕੈਬਿਨੇਟ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਉਹ ਜੇਲ੍ਹਾਂ 'ਚ ਗੈਂਗਸਟਰਾਂ ਦੀ ਪੁਸ਼ਤਪਨਾਹੀ ਕਰ ਰਹੇ ਹਨ।
ਇਸ ਦੌਰਾਨ ਮਜੀਠੀਆ ਨੇ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਅੰਦਰ ਗੈਗਸਟਰਾਂ ਤੋਂ ਮੋਬਾਇਲ ਫੋਨ ਬਰਾਮਦ ਹੋ ਰਹੇ ਹਨ। ਜੇਲ੍ਹ ਅੰਦਰ ਗੈਂਗਸਟਰਾਂ ਦਾ ਜਨਮਦਿਨ ਮਨਾਇਆ ਜਾ ਰਿਹਾ ਹੈ। ਪੰਜਾਬ 'ਚ ਲੁੱਟ-ਖੋਹ, ਧੀਆਂ ਭੈਣਾਂ ਨੂੰ ਅਗਵਾ ਕਰ ਫਿਰੌਤੀ ਮੰਗੀ ਜਾ ਰਹੀ ਹੈ, ਕਾਨੂੰਨ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਪਰ ਇਸ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਮਜੀਠੀਆ ਨੇ ਕਿਹਾ ਕਿ ਲਾਅ ਐਂਡ ਆਡਰ ਹੀ ਤਹਿਸ ਨਹਿਸ ਹੋ ਗਿਆ ਤਾਂ ਪੰਜਾਬ ਤਰੱਕੀ ਕਿਵੇਂ ਕਰੇਗਾ।