ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਹੈਰਾਨਕੁੰਨ ਤੇ ਬੇਤੁਕੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਨੇ ਇਹ ਸਾਫ ਕਰ ਦਿੱਤਾ ਹੈ ਕਿ ਅਕਾਲੀ ਆਗੂ ਆਪਣਾ ਸਿਆਸੀ ਆਧਾਰ ਗੁਆ ਚੁੱਕਿਆ ਹੈ ਅਤੇ ਉਸਨੂੰ ਇਹ ਨਹੀਂ ਸਮਝ ਆ ਰਿਹਾ ਕਿ ਕੀ ਬੋਲਣਾ ਹੈ ਤੇ ਕੀ ਨਹੀਂ ਅਤੇ ਹੁਣ ਉਹ ਕਿਸਾਨਾਂ ਦੇ ਮੁੱਦੇ 'ਤੇ ਆਪਣੀ ਪਾਰਟੀ ਦੇ ਕਸੂਤੀ ਸਥਿਤੀ ਵਿੱਚ ਫਸੇ ਹੋਣ ਕਾਰਨ ਨਿਕਲਣ ਦਾ ਕੋਈ ਰਾਹ ਲੱਭ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਖੇਤੀਬਾੜੀ ਕਾਨੂੰਨਾਂ ਦੇ ਸਾਰੇ ਘਟਨਾਕ੍ਰਮ, ਜਿਸ ਨੇ ਅਕਾਲੀਆਂ ਦੇ ਦੋਹਰੇ ਮਾਪਦੰਡਾਂ ਦਾ ਪੂਰੀ ਤਰ੍ਹਾਂ ਪਰਦਾਫਾਸ਼ ਕਰ ਕੇ ਰੱਖ ਦਿੱਤਾ ਹੈ, ਤੋਂ ਬਾਅਦ ਡੌਰ-ਭੌਰ ਹੋਇਆ ਲੱਗਦਾ ਹੈ ਅਤੇ ਉਸ ਨੂੰ ਇਹ ਪਤਾ ਹੀ ਨਹੀਂ ਲੱਗ ਰਿਹਾ ਕਿ ਉਹ ਕਹਿ ਕੀ ਰਿਹਾ ਹੈ।
ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਵੱਲੋਂ ਕਿਸਾਨ ਜਥੇਬੰਦੀਆਂ ਦੇ ਰੇਲ ਰੋਕੋ ਅੰਦੋਲਨ ਵਿੱਚ ਢਿੱਲ ਦਿੱਤੇ ਜਾਣ ਸਬੰਧੀ ਟਿੱਪਣੀਆਂ ਅਤੇ ਉਸ ਦੇ ਸੁਝਾਅ ਕਿ ਸੂਬਾ ਸਰਕਾਰ ਨੂੰ ਵਿਧਾਨ ਸਭਾ ਵਿੱਚ ਸੋਧ ਬਿੱਲ ਪੇਸ਼ ਕਰਨ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸਲਾਹ ਲੈਣੀ ਚਾਹੀਦੀ ਸੀ, 'ਤੇ ਪ੍ਰਤੀਕਿਰਿਆ ਦੇ ਰਹੇ ਸਨ। ਸੁਖਬੀਰ ਨੇ ਮੁੱਖ ਮੰਤਰੀ 'ਤੇ ਕੇਂਦਰ ਸਰਕਾਰ ਨਾਲ ਮਿਲ ਕੇ ਕਿਸਾਨਾਂ ਦਾ ਧਰਨਾ ਖਤਮ ਕਰਾਉਣ ਦਾ ਦੋਸ਼ ਲਾਇਆ ਸੀ।
ਸੁਖਬੀਰ ਵੱਲੋਂ ਅਕਾਲੀਆਂ ਕੋਲੋਂ ਸਲਾਹ ਲੈਣ ਦੇ ਸੁਝਾਅ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਇੰਝ ਲੱਗਦਾ ਹੈ ਕਿ ਕੇਂਦਰ ਦੀ ਐਨ.ਡੀ.ਏ. ਸਰਕਾਰ ਨੇ ਕਿਸਾਨ ਵਿਰੋਧੀ, ਸੰਘੀ ਢਾਂਚੇ ਵਿਰੋਧੀ ਅਤੇ ਸੰਵਿਧਾਨ ਵਿਰੋਧੀ ਖੇਤੀਬਾੜੀ ਕਾਨੂੰਨ ਬਣਾਉਂਦੇ ਸਮੇਂ ਆਪਣੇ ਉਸ ਸਮੇਂ ਦੇ ਭਾਈਵਾਲ ਅਕਾਲੀਆਂ ਦੀ ਸਲਾਹ ਲਈ ਸੀ। ਇਹੀ ਕਾਰਨ ਹੈ ਕਿ ਸਥਿਤੀ ਇੰਨੀ ਜ਼ਿਆਦਾ ਵਿਗੜ ਗਈ ਅਤੇ ਕੇਂਦਰ ਨੇ ਇਹ ਕਾਨੂੰਨ ਇਕਤਰਫ਼ਾ ਢੰਗ ਨਾਲ ਲਾਗੂ ਕਰਨ ਦਾ ਫ਼ੈਸਲਾ ਕਰ ਲਿਆ, ਜੋ ਕਿ ਕਿਸਾਨਾਂ ਨੂੰ ਬਰਬਾਦ ਕਰਨ ਲਈ ਘੜੇ ਗਏ ਹਨ।
ਅਕਾਲੀ ਦਲ ਦੇ ਪ੍ਰਧਾਨ ਵੱਲੋਂ ਭਾਜਪਾ ਨਾਲ ਮਿਲੀਭੁਗਤ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਮਾਨਸਿਕ ਤੌਰ 'ਤੇ ਨਿਰਾਸ਼ ਤੇ ਮੁਨਕਰ ਹੋਣ ਦੀ ਸਥਿਤੀ ਵਿੱਚ ਨਜ਼ਰ ਆ ਰਿਹਾ, ਜੋ ਅਜਿਹੀਆਂ ਬੇਤੁਕੀਆਂ ਟਿੱਪਣੀਆਂ ਕਰ ਰਿਹਾ ਹੈ। ਮੁੱਖ ਮੰਤਰੀ ਨੇ ਪੁੱਛਿਆ, ''ਕੀ ਸੁਖਬੀਰ ਸੱਚਮੁੱਚ ਵਿਸ਼ਵਾਸ ਕਰਦਾ ਹੈ ਕਿ ਮੈਂ ਅਜਿਹੀ ਕਾਰਵਾਈ ਨਾਲ ਆਪਣੀ ਪਾਰਟੀ ਨੂੰ ਰਾਜਨੀਤਕ ਖੁਦਕੁਸ਼ੀ ਵੱਲ ਲਿਜਾ ਰਿਹਾ ਹੈ।'' ਉਨ੍ਹਾਂ ਕਿਹਾ ਕਿ ਅਜਿਹੀਆਂ ਊਲ-ਜਲੂਲ ਟਿੱਪਣੀਆਂ ਦਾ ਇੱਕੋ-ਇੱਕ ਤਰਕਪੂਰਨ ਸਪੱਸ਼ਟੀਕਰਨ ਇਹ ਹੈ ਕਿ ਅਕਾਲੀ ਆਗੂ ਅਤੇ ਉਸ ਦੀ ਪਾਰਟੀ ਪੂਰੀ ਤਰ੍ਹਾਂ ਗੁੰਮਨਾਮੀ ਵਿੱਚ ਹੈ ਜਿਸ ਨੂੰ ਦੂਰ-ਦੂਰ ਤੱਕ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ।
ਅਕਾਲੀ ਦਲ ਖੇਤੀ ਕਾਨੂੰਨਾਂ ਬਾਰੇ ਆਪਣੀ ਸਥਿਤੀ ਸਪੱਸ਼ਟ ਕਰੇ
ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਨੂੰ ਕਿਹਾ, ''ਕਿਸਾਨ ਤੁਹਾਡੀਆਂ ਖੇਡਾਂ ਤੋਂ ਬੁਰੀ ਤਰ੍ਹਾਂਂ ਅੱਕ ਅਤੇ ਥੱਕ ਚੁੱਕੇ ਹਨ।'' ਉਨ੍ਹਾਂਂ ਕਿਹਾ ਕਿ ਅਕਾਲੀ ਦਲ ਆਪਣੇ ਪ੍ਰਤੀ ਕਿਸਾਨੀ ਭਾਈਚਾਰੇ ਦੇ ਗੁੱਸੇ ਨੂੰ ਸਪੱਸ਼ਟ ਮਹਿਸੂਸ ਕਰ ਰਿਹਾ ਹੈ ਕਿਉਂਕਿ ਉਹ ਕੇਂਦਰ ਦੇ ਕਾਨੂੰਨਾਂ ਅਤੇ ਸੂਬੇ ਦੇ ਬਿੱਲਾਂ ਵਿਚਾਲੇ ਘੁੰਮ ਰਹੇ ਹਨ। ਉਨ੍ਹਾਂ ਅਕਾਲੀਆਂ ਅੱਗੇ ਆਪਣੀ ਮੰਗ ਦੁਹਰਾਉਂਦਿਆਂ ਕਿਹਾ ਕਿ ਅਕਾਲੀ ਦਲ ਨੂੰ ਸੂਬੇ ਦੇ ਲੋਕਾਂ ਅੱਗੇ ਦੋ ਗੱਲਾਂ ਸਪੱਸ਼ਟ ਕਰਨੀਆਂ ਚਾਹੀਦੀਆਂ। ਪਹਿਲਾਂ ਤਾਂ ਇਹ ਜੇ ਖੇਤੀ ਕਾਨੂੰਨ ਕਿਸਾਨ ਵਿਰੋਧੀ ਸਨ ਤਾਂ ਉਨ੍ਹਾਂ ਨੇ ਕੇਂਦਰੀ ਕਾਨੂੰਨਾਂ ਦੀ ਹਮਾਇਤ ਕਿਉਂ ਕੀਤੀ ਸੀ? ਦੂਜਾ ਜੇ ਸੂਬੇ ਦੇ ਬਿੱਲ ਫਾਲਤੂ ਲੱਗਦੇ ਹਨ ਤਾਂ ਉਨ੍ਹਾਂ ਦੀ ਵਿਧਾਨ ਸਭਾ ਵਿੱਚ ਹਮਾਇਤ ਕਿਉਂ ਕੀਤੀ ਸੀ?