ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿੱਚ ਸ਼ੁਰੂ ਕੀਤੀ ‘ਗੱਲ ਪੰਜਾਬ ਦੀ‘ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਹੈ। ਅਕਾਲੀ ਦਲ ਨੇ ਇਹ ਪ੍ਰੋਗਰਾਮ ਕਿਸਾਨਾਂ ਦੇ ਵਿਰੋਧ ਕਾਰਨ ਮੁਲਤਵੀ ਕੀਤਾ ਹੈ ਤੇ ਜਿੰਨਾ ਸਮਾਂ ਇਹ ਪ੍ਰੋਗਰਾਮ ਮੁਲਤਵੀ ਰਹੇਗਾ, ਉੰਨਾ ਚਿਰ ਸੁਖਬੀਰ ਕਿਸਾਨਾਂ ਦੇ ਸੁਆਲਾਂ ਦੇ ਜਵਾਬ ਲਈ ਹਾਜਰ ਹੋਣਗੇ। ਇਹ ਐਲਾਨ ਉਨ੍ਹਾਂ ਪਾਰਟੀ ਹੈਡਕੁਆਟਰ ਤੋਂ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ।
ਸੁਖਬੀਰ ਦਾ ਇਹ ਪ੍ਰੋਗਰਾਮ ਭਲਕੇ ਚਾਰ ਸਤੰਬਰ ਤੋਂ ਛੇ ਦਿਨ ਤੱਕ ਮੁਲਤਵੀ ਰਹੇਗਾ ਤੇ 10 ਸਤੰਬਰ ਤੋਂ ਮੁੜ ਸ਼ੁਰੂ ਕੀਤਾ ਜਾਵੇਗਾ। ਸੁਖਬੀਰ ਬਾਦਲ ਨੇ ਮੀਡੀਆ ਨੂੰ ਮੁਖਾਤਬ ਹੁੰਦਿਆਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਿੰਡਾਂ ਵਿੱਚ ਮਹੌਲ ਖਰਾਬ ਕਰ ਰਹੀ ਹੈ। ਇਸ ਦੇ ਨਾਲ ਹੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਵਿੱਚ ਭਾਈਚਾਰਕ ਪਾੜਾ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਦੀ ਲੜਾਈ ਕੇਂਦਰ ਨਾਲ ਹੈ ਪਰ ਅੱਜ ਮਹੌਲ ਇਹ ਸਿਰਜਿਆ ਜਾ ਰਿਹਾ ਹੈ ਕਿ ਆਪਸ ਵਿੱਚ ਹੀ ਪਿੰਡਾਂ ਵਿੱਚ ਲੜਾਈ ਸ਼ੁਰੂ ਹੋ ਗਈ ਹੈ।
ਕਿਸਾਨਾਂ ਨੂੰ ਸੁਆਲ ਕਰਨ ਦਾ ਦਿੱਤਾ ਸੱਦਾ
ਸੁਖਬੀਰ ਬਾਦਲ ਨੇ ਕਿਸਾਨ ਮੋਰਚੇ ਨੂੰ ਬੇਨਤੀ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਸਾਰੇ ਸੁਆਲਾਂ ਦਾ ਜਵਾਬ ਦੇਣ ਲਈ ਤਿਆਰ ਹੈ ਤੇ ਛੇ ਦਿਨ ਤੱਕ ਅਕਾਲੀ ਦਲ ਦਾ ਪ੍ਰੋਗਰਾਮ ਮੁਲਤਵੀ ਰਹੇਗਾ ਤੇ ਇਸ ਦੌਰਾਨ ਕਿਸਾਨ ਮੋਰਚੇ ਦੇ ਆਗੂ, ਜਿਥੇ ਕਹਿਣਗੇ ਉਹ ਉਥੇ ਪੁੱਜ ਕੇ ਕਿਸਾਨਾਂ ਦੇ ਸਾਰੇ ਸੁਆਲਾਂ ਦਾ ਜਵਾਬ ਦੇਣਗੇ ਤੇ ਸ਼ੰਕੇ ਦੂਰ ਕਰਨਗੇ।
ਕਿਸਾਨਾਂ ਦੇ ਹਰ ਸਵਾਲ ਦਾ ਜਵਾਬ ਦੇਣ ਲਈ ਅਕਾਲੀ ਦਲ ਤਿਆਰ ਅਕਾਲੀ ਦਲ ਨੂੰ ਕਿਸਾਨ ਹਿੱਤੂ ਦੱਸਿਆ
ਉਨ੍ਹਾਂ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਾਲੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਲੋਕਸਭਾ ਵਿੱਚ ਉਲਟ ਵੋਟ ਪਾਈ ਸੀ, ਜਦੋਂਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਵਾਕ ਆਊਟ ਕੀਤਾ ਸੀ। ਸੁਖਬੀਰ ਨੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਲੇ ਖੇਤੀ ਕਾਨੂੰਨ ਬਣਾਉਣ ਲਈ ਕੇਂਦਰ ਵੱਲੋਂ ਬਣਾਈ ਕਮੇਟੀ ਦੇ ਮੈਂਬਰ ਸੀ ਤੇ ਦੋ ਸਾਲ ਤੱਕ ਚੁੱਪ ਚਪੀਤੇ ਕਮੇਟੀ ਦੀਆਂ ਮੀਟਿੰਗਾਂ ਅਟੈਂਡ ਕਰਦੇ ਰਹੇ।
ਕਿਸਾਨਾਂ ਨੂੰ ਮੁਫਤ ਨਹਿਰੀ ਪਾਣੀ ਦਿੱਤਾ-ਸੁਖਬੀਰ
ਸੁਖਬੀਰ ਬਾਦਲ ਨੇ ਕਿਹਾ ਕਿ ਸਮੁੱਚੇ ਦੇਸ਼ ਵਿੱਚ ਸ਼੍ਰੋਮਣੀ ਅਕਾਲੀ ਦਲ ਹੀ ਅਜਿਹੀ ਇੱਕ ਪਾਰਟੀ ਹੈ, ਜਿਹੜੀ ਕਿ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਸਭ ਤੋਂ ਵੱਡੀ ਲੋੜ ਪਾਣੀ ਹੁੰਦੀ ਹੈ ਤੇ ਮੁਫਤ ਨਹਿਰੀ ਪਾਣੀ ਅਤੇ ਪੰਜਾਬ ਦੇ 85ਫੀਸਦੀ ਤੋਂ ਵੱਧ ਟਿਊਬਵੈਲ ਅਕਾਲੀ ਦਲ ਦੀ ਦੇਣ ਹੈ ਤੇ ਇਸ ਤੋਂ ਇਲਾਵਾ ਜਦੋਂ ਵੀ ਅਕਾਲੀ ਦਲ ਸੱਤਾ ਵਿੱਚ ਆਇਆ ਤਾਂ ਕਿਸਾਨ ਹਿੱਤੂ ਫੈਸਲੇ ਲਏ। ਉਨ੍ਹਾਂ ਕਿਹਾ ਕਿ ਅਗਲੇ ਛੇ ਦਿਨਾਂ ਤੱਕ ਕਿਸਾਨਾਂ ਦੇ ਵਿਚਕਾਰ ਜਾ ਕੇ ਅਕਾਲੀ ਦਲ ਦੀ ਲੀਡਰਸ਼ਿੱਪ ਕਿਸਾਨਾਂ ਲਈ ਆਉਣ ਵਾਲੇ ਸਮੇਂ ਵਿੱਚ ਕੀਤੇ ਜਾਣ ਵਾਲੇ ਕੰਮਾਂ ਬਾਰੇ ਜਾਣੂੰ ਕਰਵਾਏਗੀ ਤੇ ਨਾਲ ਹੀ ਉਨ੍ਹਾਂ ਦੇ ਸਾਰੇ ਸੁਆਲਾਂ ਦੇ ਜਵਾਬ ਦੇਵੇਗੀ।
ਮੋਗਾ ਵਿਖੇ ਹੋਇਆ ਸੀ ਜੋਰਦਾਰ ਵਿਰੋਧ
ਜਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਵਿੱਚ ਕਿਸਾਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਾ ਜਬਰਦਸਤ ਵਿਰੋਧ ਹੋ ਰਿਹਾ ਹੈ। ਕਿਤੇ ਕਾਲੀਆਂ ਝੰਡੀਆਂ ਵਿਖਾਈਆਂ ਜਾ ਰਹੀਆਂ ਹਨ ਤੇ ਕਿਤੇ ਆਗੂਆਂ ਨੂੰ ਘੇਰਾ ਪਾਇਆ ਜਾ ਰਿਹਾ ਹੈ ਤੇ ਵਾਹਨ ਰੋਕੇ ਜਾ ਰਹੇ ਹਨ। ਇਸੇ ਸਿਲਸਿਲੇ ਵਿੱਚ ਮੋਗਾ ਵਿਖੇ ਖੁਦ ਸੁਖਬੀਰ ਬਾਦਲ ਨੂੰ ਕਿਸਾਨਾਂ ਦਾ ਜਬਰਦਸਤ ਵਿਰੋਧ ਝੱਲਣਾ ਪਿਆ ਹੈ ਤੇ ਅੱਜ ਪਾਰਟੀ ਦਾ ਪ੍ਰੋਗਰਾਮ ਮੁਲਤਵੀ ਕਰਨ ਤੋਂ ਸਪਸ਼ਟ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਕਿਸਾਨਾਂ ਦੇ ਵਿਰੋਧ ਨਾਲ ਅਕਾਲੀ ਦਲ ਘਬਰਾਇਆ ਹੋਇਆ ਹੈ।
ਇਹ ਵੀ ਪੜ੍ਹੋ:ਪਰਗਟ ਸਿੰਘ ਦੇ ਘਰ ਸਿੱਧੂ ਧੜੇ ਦਾ ਮੰਥਨ