ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿੱਚਰਵਾਰ ਨੂੰ ਸੁਖਬੀਰ ਸਿੰਘ ਬਾਦਲ ਵੱਲੋਂ ਬਜਟ 'ਤੇ ਪ੍ਰਤੀਕਿਰਿਆ ਨੂੰ ਅਨੋਖੀ ਅਤੇ ਤਰਕਹੀਣ ਦੱਸਦਿਆਂ ਕਿਹਾ ਕਿ ਅਸਲ 'ਚ ਸੁਖਬੀਰ ਬਾਦਲ ਕੋਲ ਨਿਖੇਧੀ ਕਰਨ ਲਈ ਕੋਈ ਅਸਲ ਕਾਰਨ ਨਹੀਂ ਸੀ। ਇਸ ਕਾਰਨ ਉਨ੍ਹਾਂ ਨੇ ਅਜਿਹੀ ਪ੍ਰਤੀਕਿਰਿਆ ਦਿੱਤੀ।
ਮੁੱਖ ਮੰਤਰੀ ਨੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਨਿਰੰਤਰ ਕੋਸ਼ਿਸ਼ਾਂ 'ਕਰਨ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਅਸਲ 'ਚ ਉਨ੍ਹਾਂ ਨੂੰ ਬਜਟ ਦੀ ਆਲੋਚਨਾ ਕਰਨ ਲਈ ਕੋਈ ਵੀ ਅਸਲ ਕਾਰਨ ਨਹੀਂ ਲੱਭਿਆ ਜਿਸ ਕਾਰਨ ਸੁਖਬੀਰ ਦਾ ਹੁਣ ਤੱਕ ਦਾ ਇਕ ਹੋਰ ਵੱਡਾ ਹਾਸੋ ਹੀਣਾ ਬਿਆਨ ਸਾਹਮਣੇ ਆਇਆ।
ਸੁਖਬੀਰ ਬਾਦਲ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਵਪਾਰੀ ਕਹੇ ਜਾਣ ਵਾਲੇ ਬਿਆਨ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਾਂ ਤਾਂ ਅਕਾਲੀ ਦਲ ਦੇ ਪ੍ਰਧਾਨ ਨੂੰ ਵਪਾਰੀ ਕੀ ਹੁੰਦਾ ਹੈ, ਇਸ ਦਾ ਇਲਮ ਨਹੀਂ ਹੈ ਜਾਂ ਫੇਰ ਉਹ ਅਜਿਹੇ ਖਿੱਚਵੇਂ ਸ਼ਬਦਾਂ ਦੀ ਵਰਤੋਂ ਸੁਰਖ਼ੀਆਂ ਬਟੋਰਨ ਲਈ ਕਰ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸਲ ਵਿੱਚ ਬਾਦਲ ਪਰਿਵਾਰ ਨੇ ਆਪਣੇ 10 ਸਾਲਾਂ ਦੀ ਸੱਤਾ ਦੌਰਾਨ ਕੇਬਲ, ਹੋਟਲ, ਟਰਾਂਸਪੋਰਟ ਆਦਿ ਦੇ ਵੱਡੇ ਵਪਾਰ ਵਧਾਏ ਜਿਸ ਕਾਰਨ ਸੁਖਬੀਰ ਤੇ ਉਨ੍ਹਾਂ ਦੇ ਵਾਰਸ ਹੀ ਸਹੀ ਵਪਾਰੀ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਕ ਤੰਗਦਿਲ ਵਪਾਰੀ ਵਾਂਗ ਸੁਖਬੀਰ ਵੀ ਆਪਣੇ ਵਪਾਰ ਦਾ ਹਿੱਸਾ ਕਿਸੇ ਹੋਰ ਨਾਲ ਸਾਂਝਾ ਨਹੀਂ ਕਰ ਸਕਦੇ ਅਤੇ ਅਕਾਲੀ ਦਲ ਦੇ ਪ੍ਰਧਾਨ ਦੀ ਵਪਾਰਾਂ ਉੱਤੇ ਕਬਜ਼ਾ ਕਰਨ ਦੀ ਨੀਅਤ ਨੇ ਹੀ ਉਨ੍ਹਾਂ ਦੀ ਪਾਰਟੀ ਨੂੰ ਨੁਕਸਾਨ ਪਹੁੰਚਾਇਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ 'ਜੇਕਰ ਸੁਖਬੀਰ ਬਾਦਲ ਨੇ ਅਜਿਹੇ ਖਿਆਲ ਜੋ ਹੁਣ ਮੇਰੇ ਕੰਮਾਂ ਵਿੱਚ ਦਿਖਾ ਰਿਹਾ ਹੈ, ਦਾ 10 ਫੀਸਦੀ ਦਾ ਹਿੱਸਾ ਵੀ ਆਪਣੀ ਸਰਕਾਰ ਸਮੇਂ ਲੋਕਾਂ ਦੀ ਭਲਾਈ ਵਿੱਚ ਦਿਖਾਇਆ ਹੁੰਦਾ ਤਾਂ ਅੱਜ ਪੰਜਾਬ ਦੀ ਕਹਾਣੀ ਹੋਰ ਹੁੰਦੀ।' ਉਨ੍ਹਾਂ ਸੁਖਬੀਰ ਬਾਦਲ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਆਪਣੀ ਪਾਰਟੀ ਦੇ ਇਕ ਦਹਾਕਾ ਰਾਜ ਦੌਰਾਨ ਸੂਬੇ ਨੂੰ ਹਰ ਪੱਖੋਂ ਲੁੱਟਿਆ ਅਤੇ ਸਿਰਫ ਆਪਣੇ ਹੀ ਹਿੱਤਾਂ ਦਾ ਖਿਆਲ ਰੱਖਿਆ।