ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਵੱਖੋਂ-ਵੱਖ ਮੁੱਦਿਆਂ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਕਿਸਾਨੀ ਅਤੇ ਪਾਣੀਆਂ ਦੇ ਮੁੱਦਿਆਂ 'ਤੇ ਕੈਪਟਨ ਸਰਕਾਰ 'ਤੇ ਜੰਮ ਕੇ ਨਿਸ਼ਾਨੇ ਵਿਨ੍ਹੇ। ਉਨ੍ਹਾਂ ਕਿਹਾ ਕਿ ਖ ਮੰਤਰੀ ਕੈਪਟਨ ਨੇ ਦੂਜੀ ਵਾਰ ਪੰਜਾਬ ਦੀ ਜਨਤਾ ਨਾਲ ਧੋਖਾ ਕੀਤਾ ਹੈ।
ਐਸਵਾਈਐਲ ਦੇ ਮੁੱਦੇ 'ਤੇ ਕੈਪਟਨ ਸਰਕਾਰ ਨੂੰ ਘੇਰੇ ਚ ਲੈਂਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਸਰਕਾਰ ਪਹਿਲਾਂ ਐਸਵਾਈਐਲ ਬਿਲ ਲੈ ਕੇ ਆਈ ਸੀ ਅਤੇ ਉਦੋਂ ਵੀ ਇਸ ਬਿਲ ਨੂੰ ਕਿਸੇ ਵੀ ਪਾਰਟੀ ਨੂੰ ਦਿਖਾਇਆ ਨਹੀਂ ਗਿਆ ਸੀ। ਪਰ ਸੱਚ ਇਹ ਸੀ ਕਿ ਉਸ ਬਿਲ 'ਚ ਮੁੱਖ ਮੰਤਰੀ ਕੈਪਟਨ ਨੇ ਸੈਕਸ਼ਨ 5 ਦੀ ਪ੍ਰੋਵੀਜ਼ਨ ਰੱਖ ਸੂਬੇ ਦੇ ਲੋਕਾਂ ਨਾਲ ਧੋਖਾ ਕੀਤਾ ਸੀ, ਅਤੇ ਹਰਿਆਣਾ ਅਤੇ ਰਾਜਸਥਾਨ ਨੂੰ ਪਾਣੀ ਜਾਂਦਾ ਰਿਹਾ ਸੀ।
ਕਿਸਾਨੀ ਮੁੱਦੇ ਨੂੰ ਲੈ ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਮੋਦੀ ਨਾਲ ਫਰੈਂਡਲੀ ਮੈਚ ਖੇਡ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਕੈਪਟਨ ਵੱਲੋਂ ਸੱਦੇ ਵਿਸ਼ੇਸ਼ ਇਜਲਾਸ ਤੇ ਵੀ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਇਜਲਾਸ 'ਚ ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਖਰੜੇ ਦੀ ਮੰਗ ਕੀਤੀ ਗਈ ਸੀ ਅਤੇ ਸੋਧੇ ਗਏ ਬਿਲਾਂ ਨੂੰ ਪੜ੍ਹਨ ਲਈ ਇੱਕ ਦਿਨ ਦਾ ਸਮਾਂ ਵੀ ਮੰਗਿਆ ਸੀ ਪਰ ਸਰਕਾਰ ਨੇ 2 ਘੰਟਿਆਂ 'ਚ ਮਤਾ ਪਾਸ ਕਰ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਮਤਿਆਂ ਨੂੰ ਪਾਸ ਕਰ ਸਰਕਾਰ ਨੇ ਕਿਸਾਨਾਂ ਦੀ ਅਸਲ ਮੰਗ ਨੂੰ ਠੁਕਰਾ ਦਿੱਤਾ ਹੈ।