ਚੰਡੀਗੜ੍ਹ: ਅਗਾਮੀ ਪੰਜਾਬ ਵਿਧਾਨਸਭਾ ਚੋਣਾਂ ਨੂੰ ਲੈਕੇ ਸਿਆਸੀ ਸਰਗਰਮੀਆਂ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਜਿਸ ਦੇ ਚੱਲਦਿਆਂ ਹਰੇਕ ਪਾਰਟੀ ਵਲੋਂ ਜਿਥੇ ਵੱਡੇ-ਵੱਡੇ ਐਲਾਨ ਕੀਤੇ ਜਾ ਰਹੇ ਹਨ, ਉਥੇ ਹੀ ਇੱਕ ਦੂਸਰੇ 'ਤੇ ਦੂਸ਼ਣਬਾਜ਼ੀ ਵੀ ਕੀਤੀ ਜਾ ਰਹੀ ਹੈ।
ਇਸ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਤੋਂ ਬਾਅਦ ਉਨ੍ਹਾਂ ਵਿਰੋਧੀਆਂ 'ਤੇ ਜਮ ਕੇ ਨਿਸ਼ਾਨੇ ਵੀ ਸਾਧੇ। ਸੁਖਬੀਰ ਬਾਦਲ ਦਾ ਕਹਿਣਾ ਕਿ ਸਿਆਸਤ 'ਚ ਤਿੰਨ ਲੀਡਰ ਅਜਿਹੇ ਹਨ, ਜਿਨ੍ਹਾਂ ਝੂਠੀਆਂ ਸਹੁੰ ਖਾ ਕੇ ਵੋਟਾਂ ਹਾਸਲ ਕੀਤੀਆਂ ਹਨ।
ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਨਾਮ ਕੈਪਟਨ ਅਮਰਿੰਦਰ ਸਿੰਘ ਦਾ ਹੈ, ਜਿਨ੍ਹਾਂ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਵੋਟਾਂ ਤਾਂ ਲਈਆਂ ਪਰ ਵਾਅਦੇ ਪੂਰੇ ਨਹੀਂ ਕੀਤੇ।ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਆਪਣੀ ਮਾਂ ਦੀ ਸਹੁੰ ਚੁੱਕੀ ਸੀ, ਕਿ ਸ਼ਰਾਬ ਨਹੀਂ ਪੀਵਾਂਗਾ, ਪਰ ਉਹ ਹੁਣ ਵੀ ਸ਼ਰਾਬ 'ਚ ਟੱਲੀ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਤੀਜਾ ਨਾਮ ਅਰਵਿੰਦ ਕੇਜਰੀਵਾਲ ਦਾ ਵੀ ਇਸ 'ਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਵਲੋਂ ਦਿੱਲੀ ਦੇ ਲੋਕਾਂ ਨੂੰ ਸਿਰਫ਼ ਝੂਠ ਹੀ ਬੋਲਿਆ ਹੈ।