ਚੰਡੀਗੜ੍ਹ: ਖੇਤੀ ਆਰਡੀਨੈਂਸਾਂ ਉੱਤੇ ਰਾਸ਼ਟਰਪਤੀ ਦੀ ਮੋਹਰ ਲੱਗਣ ਮਗਰੋਂ ਪੰਜਾਬ 'ਚ ਸਿਆਸਤ ਹੋਰ ਭੱਖ ਗਈ ਹੈ। ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸ਼੍ਰੋਮਣੀ ਅਕਾਲੀ ਦਲ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤੁਰੰਤ ਪ੍ਰਧਾਨਗੀ ਤੋਂ ਤੁਰੰਤ ਅਸਤੀਫਾ ਦੇਣ ਦੀ ਗੱਲ ਆਖੀ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਮੋਦੀ ਸਰਕਾਰ ਨਾਲ ਲੰਬੇ ਸਮੇਂ ਭਾਈਵਾਲ ਹੋਣ ਦੇ ਬਾਵਜੂਦ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਕਰਨ 'ਚ ਤਰ੍ਹਾਂ ਫੇਲ ਰਹੀ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਹੁਣ ਕੋਈ ਨੈਤਿਕ ਅਤੇ ਸਿਆਸੀ ਹੱਕ ਨਹੀਂ ਹੈ ਕਿ ਉਹ ਆਪਣੇ ਅਹੁਦੇ ਉੱਤੇ ਕਾਇਮ ਰਹੇ।
ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨਾਲੋਂ ਰਿਸ਼ਤਾ ਤੋੜ ਕੇ ਕੌਮੀ ਜਮਹੂਰੀ ਗਠਜੋੜ ਵਿਚੋਂ ਬਾਹਰ ਆਉਣ ਦਾ ਫੈਸਲਾ ਦਰਅਸਲ ਅਕਾਲ਼ੀ ਦਲ ਦਾ ‘‘ਕਬੂਲਨਾਮਾ’’ ਹੈ ਕਿ ਉਹ ਹੁਣ ਤੱਕ ਦੇਸ਼ 'ਚ ਹਕੀਕੀ ਫੈਡਰਲ ਢਾਂਚਾ ਲਾਗੂ ਕਰਨ, ਰਾਇਪੇਰੀਅਨ ਸਿਧਾਂਤ ਤੇ ਬੇਸਨ ਸਿਧਾਂਤ ਮੁਤਾਬਕ ਦਰਿਆਈ ਪਾਣੀਆਂ ਦੀ ਵੰਡ ਕਰਨ, ਪੰਜਾਬੀ ਬੋਲਦੇ ਇਲਾਕੇ ਅਤੇ ਚੰਡੀਗੜ ਪੰਜਾਬ ਨੂੰ ਦੇਣ, ਸਵਾਮੀਨਾਥਨ ਰਿਪੋਰਟ ਲਾਗੂ ਕਰ ਕੇ ਕਿਸਾਨਾਂ ਨੂੰ ਖੇਤੀ ਜਿਨਸਾਂ ਦੇ ਲਾਹੇਵੰਦ ਭਾਅ ਦੇਣ ਅਤੇ ਸਜ਼ਾਵਾਂ ਭੁਗਤਣ ਦੇ ਬਾਵਜੂਦ ਲੰਬੇ ਸਮੇਂ ਤੋਂ ਜੇਲਾਂ 'ਚ ਸੜ ਰਹੇ ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦੀ ਲੜਾਈ ਲੜਣ ਦੀ ਥਾਂ ਸ਼੍ਰੋਮਣੀ ਅਕਾਲੀ ਦਲ ਦੀ ਮੌਜ਼ੂਦਾ ਲੀਡਰਸ਼ਿਪ ਆਪਣੇ ਨਿੱਜੀ ਹਿੱਤਾਂ ਦੀ ਹੀ ਪੂਰਤੀ ਤੱਕ ਹੀ ਸੀਮਤ ਰਹੀ ਹੈ।
ਪੰਚਾਇਤ ਮੰਤਰੀ ਨੇ ਇੱਕ ਪ੍ਰੈਸ ਬਿਆਨ 'ਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲੋਂ ਨਾਤਾ ਕਿਸੇ ਅਸੂਲਪ੍ਰਸਤੀ ਜਾਂ ਨੈਤਿਕਤਾ ਲਈ ਨਹੀਂ ਤੋੜਿਆ ਸਗੋਂ ਸਿਆਸੀ ਮਜ਼ਬੂਰੀ ਕਾਰਨ ਤੋੜਿਆ ਹੈ। ਕਿਉਂਕਿ ਪੰਜਾਬੀਆਂ ਨੇ 25 ਸਤੰਬਰ ਨੂੰ ਅਕਾਲੀ ਦਲ ਵਲੋਂ ਦਿੱਤੇ ਗਏ ਚੱਕਾ ਜਾਮ ਦੇ ਸੱਦੇ ਨੂੰ ਪੂਰੀ ਤਰਾਂ ਨਜ਼ਰਅੰਦਾਜ਼ ਕਰ ਕੇ ਇਹ ਦਰਸਾ ਦਿੱਤਾ ਕਿ ਉਹ ਹੁਣ ਅਕਾਲੀਆਂ ਦੇ ਝਾਂਸੇ ਵਿਚ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੇ ਸੱਤਵੇਂ ਅਸਮਾਨ ਚੜੇ ਰੋਹ ਅਤੇ ਜੋਸ਼ ਨੇ ਅਕਾਲੀ ਲੀਡਰਸ਼ਿਪ ਦੀ ਹੋਸ਼ ਟਿਕਾਣੇ ਲਿਆਂਦੇ ਅਤੇ ਉਨ੍ਹਾਂ ਨੂੰ ਮਜ਼ਬੂਰਨ ਕਿਸਾਨ ਮਾਰੂ ਬਿਲਾਂ ਦੀ ਹਿਮਾਇਤ ਦਾ ਪਿਛਲੇ ਚਾਰ ਮਹੀਨਿਆਂ ਤੋਂ ਅਲਾਪਿਆ ਜਾ ਰਿਹਾ ਘਰਾਟ ਰਾਗ ਛੱਡ ਕੇ ਮੋਦੀ ਸਰਕਾਰ ਵਿਚੋਂ ਵੀ ਬਾਹਰ ਆਉਣਾ ਪਿਆ। ਇਸ ਤੋਂ ਇਲਾਵਾ ਉਨ੍ਹਾਂ ਨੂੰ ਭਾਜਪਾ ਨਾਲ ਆਪਣਾ ‘‘ਨਹੁੰ-ਮਾਸ ਵਾਲਾ ਰਿਸ਼ਤਾ’’ ਤੋੜਣਾ ਪਿਆ। ਅਕਾਲੀ ਦਲ ਦੀ ਹਾਲਤ ਹੁਣ ‘‘ਨਾ ਖੁਦਾ ਹੀ ਮਿਲਾ ਨਾ ਵਿਸਾਲ-ਏ-ਸਨਮ, ਨਾ ਇਧਰ ਕੇ ਰਹੇ ਨਾ ਉਧਰ ਕੇ ਹੂਏ’’ ਵਾਲੀ ਹੋ ਗਈ ਹੈ।