ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਭਲਕੇ ਸ਼ਰਾਬ ਕਾਂਡ ਦੇ ਪੀੜਤ ਪਰਿਵਾਰਾਂ ਨੂੰ ਮਿਲਣ ਤਰਨ ਤਾਰਨ ਜਾਣਗੇ, ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਤਿੱਖਾ ਪ੍ਰਤੀਕਰਮ ਸਾਹਮਣੇ ਆਇਆ ਹੈ।
ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਮਾਮਲੇ ਵਿੱਚ ਉਹ ਪਹਿਲਾਂ ਲੋਕਾਂ ਵੱਲੋਂ ਮੁਜ਼ਰਿਮ ਕਰਾਰ ਦਿੱਤੇ ਗਏ ਕਾਂਗਰਸੀ ਵਿਧਾਇਕਾਂ ਅਤੇ ਡਿਸਟੀਲਰੀਆਂ ਦੇ ਮਾਲਕਾਂ ਸਮੇਤ ਹੋਰ ਕਾਂਗਰਸੀ ਆਗੂਆਂ ਖ਼ਿਲਾਫ਼ ਵੱਡੇ ਪੱਧਰ 'ਤੇ ਹੋਏ ਕਤਲਾਂ ਲਈ ਧਾਰਾ 302 ਤਹਿਤ ਕੇਸ ਦਰਜ ਕਰਵਾ ਕੇ ਹੀ ਤਰਨ ਤਾਰਨ ਜਾਣ।
ਸੁਖਬੀਰ ਬਾਦਲ ਨੇ ਕਿਹਾ ਕਿ ਇਹ ਡਰਾਮੇਬਾਜ਼ੀ ਕਰਨ ਦਾ ਕੀ ਤੁੱਕ ਬਣਦਾ ਹੈ ਜਦੋਂ ਜਿਹੜੇ ਪੀੜਤ ਪਰਿਵਾਰਾਂ ਨੂੰ ਮਿਲਣ ਉਹ ਜਾ ਰਹੇ ਹਨ, ਉਨ੍ਹਾਂ ਦੇ ਕਾਤਲ ਉਨ੍ਹਾਂ ਨਾਲ ਰੈਸਟ ਹਾਊਸਾਂ ਵਿੱਚ ਮੌਜਾਂ ਮਾਣ ਰਹੇ ਹਨ ਤੇ ਉਨ੍ਹਾਂ ਦਾ ਵਿਸ਼ਵਾਸ ਜਿੱਤ ਰਹੇ ਹਨ।
ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਇਸ ਤ੍ਰਾਸਦੀ ਦਾ ਸ਼ਿਕਾਰ ਹੋਏ ਲੋਕਾਂ ਦੇ ਹੰਝੂ ਪੂੰਝਣ ਉਦੋਂ ਜਾ ਰਹੇ ਹਨ ਜਦੋਂ ਰੋ-ਰੋ ਕੇ ਉਨ੍ਹਾਂ ਦੇ ਹੰਝੂ ਸੁੱਕ ਗਏ ਹਨ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਉਹ ਆਪਣੀ ਸੱਜੀ ਬਾਂਹ ਮੰਨੇ ਜਾਂਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਖ਼ਿਲਾਫ਼ ਕਾਰਵਾਈ ਕਰਨ ਲਈ ਤਿਆਰ ਨਹੀਂ ਹਨ ਭਾਵੇਂ ਕਿ ਪੀੜਤਾਂ ਨੇ ਸਪਸ਼ਟ ਤੌਰ 'ਤੇ ਸਿੱਕੀ ਦਾ ਨਾਂਅ ਮੁਲਜ਼ਮਾਂ ਵਿੱਚ ਲਿਆ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ ਮੈਨੂੰ ਹੈਰਾਨੀ ਹੋ ਰਹੀ ਹੈ ਕਿ ਕਿਹੜੇ ਮੂੰਹ ਨਾਲ ਉਹ ਉਨ੍ਹਾਂ ਪੀੜਤਾਂ ਦਾ ਸਾਹਮਣਾ ਕਰਨਗੇ ਜਿਨ੍ਹਾਂ ਦੇ ਕਤਲ ਉਨ੍ਹਾਂ ਦੇ ਨੇੜਲੇ ਕਾਂਗਰਸੀਆਂ ਨੇ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਬੇਰੁਖ਼ੀ ਦਾ ਸਿਖ਼ਰ ਹੈ। ਉਨ੍ਹਾਂ ਕਿਹਾ ਕਿ ਮੈਨੂੰ ਇਹ ਨਹੀਂ ਪਤਾ ਕਿ ਜਦੋਂ ਅਮਰਿੰਦਰ ਸਿੰਘ ਸ਼ਰਮ ਲਾਹ ਕੇ ਉਨ੍ਹਾਂ ਪਰਿਵਾਰਾਂ ਨੂੰ ਮਿਲਣਗੇ ਜਿਨ੍ਹਾਂ ਦੇ ਕਾਤਲਾਂ ਦੀ ਉਨ੍ਹਾਂ ਨੇ ਪ੍ਰਧਾਨਗੀ ਕੀਤੀ ਹੈ, ਤਾਂ ਵਾਪਸ ਪਰਤਣ 'ਤੇ ਉਨ੍ਹਾਂ ਨੂੰ ਅੰਤਰ ਆਤਮਾ ਸੌਣ ਕਿਵੇਂ ਦੇਵੇਗੀ।