ਚੰਡੀਗੜ੍ਹ: ਪੰਜਾਬ ਦੇ ਜਲ ਸ੍ਰੋਤ ਵਿਭਾਗ ਮੰਤਰੀ ਸੁਖਵਿੰਦਰ ਸਿੰਘ ਸਰਕਾਰੀਆ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਝੂਠੇ ਬਿਆਨ 'ਤੇ ਰਾਜ ਦੇ ਕਿਸਾਨਾਂ ਨੂੰ ਗੁੰਮਰਾਹ ਕਰਨ ਦਾ ਸਖ਼ਤ ਨੋਟਿਸ ਲੈਂਦਿਆਂ, ਪੰਜਾਬ ਵਿੱਚ ਨਹਿਰੀ ਪਾਣੀ ਦੀ ਸਪਲਾਈ ਦੀ ਅਸਲ ਤਸਵੀਰ ਪੇਸ਼ ਕੀਤੀ ਹੈ।
ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦਾ ਦਾਅਵਾ ਸਿਆਸੀ ਪ੍ਰਸਿੱਧੀ ਤੋਂ ਇਲਾਵਾ ਕੁੱਝ ਵੀ ਨਹੀਂ ਸੀ, ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ, ਕਿ ਜੇ ਅਗਲੇ ਦੋ ਦਿਨਾਂ ਵਿੱਚ ਬਿਜਲੀ ਅਤੇ ਪਾਣੀ ਦੀ ਸਪਲਾਈ ਨਹੀਂ ਮਿਲੀ, ਤਾਂ ਝੋਨੇ ਦੀ ਬੀਜੀ ਫ਼ਸਲ ਤਬਾਹ ਹੋ ਜਾਵੇਗੀ। ਜਲ ਵਿਭਾਗ ਮੰਤਰੀ ਨੇ ਕਿਹਾ, ਕਿ ਪੂਰੇ ਪੰਜਾਬ ਵਿੱਚ ਕੀਤੇ ਵੀ ਨਹਿਰੀ ਪਾਣੀ ਦੀ ਕੋਈ ਘਾਟ ਨਹੀਂ ਹੈ, ਅਤੇ ਹੁਣ ਤੱਕ ਕਿਸੇ ਵੀ ਕਿਸਾਨ ਵੱਲੋਂ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਕੀਤੀ ਗਈ ਹੈ, ਪਰ ਸੁਖਬੀਰ ਗਲਤ ਤੱਥ ਪੇਸ਼ ਕਰਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਨੂੰ ਨਹਿਰੀ ਦਾ ਪਾਣੀ ਭਾਖੜਾ ਡੈਮ, ਪੌਂਗ ਡੈਮ ਅਤੇ ਰਣਜੀਤ ਸਾਗਰ ਡੈਮ ਤੋਂ ਮਿਲਦਾ ਹੈ। ਹਾਲਾਂਕਿ, ਇਸ ਸਾਲ ਘੱਟ ਬਰਫ਼ਬਾਰੀ ਅਤੇ ਘੱਟ ਬਾਰਿਸ਼ ਕਾਰਨ ਭਾਖੜਾ ਡੈਮ, ਪੌਂਗ ਡੈਮ ਅਤੇ ਰਣਜੀਤ ਸਾਗਰ ਡੈਮ ਵਿੱਚ ਪਾਣੀ ਦਾ ਪੱਧਰ ਪਿਛਲੇ ਸਾਲ ਦੇ ਮੁਕਾਬਲੇ ਕ੍ਰਮਵਾਰ 56.24 ਫੁੱਟ, 55.84 ਫੁੱਟ ਅਤੇ 10.10 ਮੀਟਰ ਹੈ। ਇਸ ਦੇ ਉਲਟ, ਘੱਟ ਮੀਂਹ ਪੈਣ ਕਾਰਨ ਨਹਿਰੀ ਪਾਣੀ ਦੀ ਮੰਗ ਬਹੁਤ ਜ਼ਿਆਦਾ ਵੱਧ ਗਈ ਹੈ।
ਉਨ੍ਹਾਂ ਦੱਸਿਆ, ਕਿ ਡੈਮਾਂ ਵਿੱਚ ਉਪਰੋਕਤ ਪੱਧਰ ਦੇ ਬਾਵਜੂਦ ਹਰ ਸਾਲ ਦੀ ਤਰ੍ਹਾਂ ਪੂਰੀ ਸਮਰੱਥਾ ਵਾਲੀਆਂ ਨਹਿਰਾਂ ਵਿੱਚ ਪਾਣੀ ਛੱਡਿਆ ਜਾਂ ਰਿਹਾ ਹੈ, ਮਾਲਵਾ ਖੇਤਰ ਨੂੰ ਪਾਣੀ ਸਪਲਾਈ ਕਰਨ ਵਾਲੀ ਸਰਹਿੰਦ ਨਹਿਰ ਪ੍ਰਣਾਲੀ 11000 ਕਿਉਂਸਿਕ ਹੈ ਅਤੇ ਫਿਰੋਜ਼ਪੁਰ ਨਹਿਰ ਪ੍ਰਣਾਲੀ ਲਗਭਗ 10000 ਕਿਉਂਸਿਕ ਸਮੱਰਥਾ ਨਾਲ ਚੱਲ ਰਿਹਾ ਹੈ।